ਪਟਿਆਲਾ

ਪਰਨੀਤ ਕੌਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਮੈਰਿਟ ‘ਚ ਆਏ 28 ਵਿਦਿਆਰਥੀਆਂ ਦਾ ਸਨਮਾਨ

ਪਟਿਆਲਾ, 15 ਮਈ (ਮਧੂਸਾਰ ਬਿਊਰੋ)
ਪੰਜਾਬ ਸਕੂਲ ਸਿਖਿਆ ਬੋਰਡ ਦੀ +2 ਦੀ ਪ੍ਰੀਖਿਆ ‘ਚ ਮੈਰਿਟ ਵਿੱਚ ਆਏ ਪਟਿਆਲਾ ਜ਼ਿਲ੍ਹੇ ਦੇ 28 ਵਿਦਿਆਰਥੀਆਂ ਨੂੰ ਅੱਜ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਮੈਰਿਟ ਵਿੱਚ ਆਏ ਇਹਨਾਂ 15 ਲੜਕੀਆਂ ਤੇ 13 ਲੜਕਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਮੈਰਿਟ ਵਿੱਚ ਆਏ ਬੱਚਿਆਂ, ਉਹਨਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ ਪਰ ਇਸ ਕਾਰਜ ਦੀ ਪ੍ਰਾਪਤੀ ਲਈ ਸਾਡੇ ਬੱਚਿਆਂ ਦਾ ਪੜੇ ਲਿਖੇ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅੱਜ ਕੱਲ ਦੇ ਮੁਕਾਬਲੇਬਾਜੀ ਦੇ ਯੁਗ ਵਿੱਚ ਉਹੀ ਵਿਅਕਤੀ ਤਰੱਕੀ ਕਰ ਸਕਣਗੇ ਜਿਹਨਾ ਕੋਲ ਵਿਦਿਆ ਦਾ ਗਿਆਨ ਹੈ। ਉਹਨਾਂ ਵਿਦਿਆਰਥੀ ਵਰਗ ਨੂੰ ਸੱਦਾ ਦਿੱਤਾ ਕਿ ਦੇਸ਼ ਤੇ ਸੂਬੇ ਦੀ ਉਨਤੀ ਵਿੱਚ ਆਪਣਾ ਯੋਗਦਾਨ ਪਾਉਣ ਤੇ ਆਪਣੇ ਮਾਤਾ ਦਾ ਨਾਮ ਰੌਸ਼ਨ ਕਰਨ ਲਈ ਉਹ ਪੜਾਈ ਦੇ ਖੇਤਰ ਵਿੱਚ ਹੋਰ ਵੱਡੀਆਂ ਮੱਲਾ ਮਾਰਨ।
ਸ਼੍ਰੀਮਤੀ ਪਰਨੀਤ ਕੌਰ ਨੇ ਗਲੋਬਲ ਵਾਰਮਿੰਗ ਕਾਰਨ ਵਾਤਾਵਰਨ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ‘ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਅਰਥੀ ਵਰਗ ਸਾਡੇ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਨੂੰ ਬਚਾਉਣ ਲਈ ਆਪਣਾ ਯੋਗਾਦਨ ਪਾਉਣ। ਉਹਨਾਂ ਕਿਹਾ ਕਿ ਉਹ ਜਿਥੇ ਵੱਧ ਤੋਂ ਵੱਧ ਪੌਦੇ ਲਾਉਣ ਉਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਾਜ ਨੂੰ ਪਲਾਸਟਿਕ ਕਾਰਨ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਬਾਰੇ ਵੀ ਜਾਗਰੂਕ ਕਰਨ। ਸਾਬਕਾ ਕੇਂਦਰੀ ਮੰਤਰੀ ਨੇ ਮੈਰਿਟ ਵਿੱਚ ਆਏ ਬੱਚਿਆਂ ਦੇ ਨਾਲ-ਨਾਲ ਨਤੀਜਿਆਂ ਵਿੱਚ ਚੰਗੇ ਨੰਬਰ ਲੈਣ ਵਾਲੇ ਸਾਰੇ ਵਿਦਿਅਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਵਿੰਦਰ ਸਿੰਘ ਨੇ ਸ਼੍ਰੀਮਤੀ ਪਰਨੀਤ ਕੌਰ ਤੇ ਹੋਰ ਪਤਵੰਤਿਆਂ ਦਾ ਇਸ ਸਮਾਗਮ ਵਿੱਚ ਪੁਜਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਗਿੱਲ ਅਤੇ ਸਟਾਫ ਵੱਲੋਂ ਸ਼੍ਰੀਮਤੀ ਪਰਨੀਤ ਕੌਰ ਨੂੰ ਫੁਲਕਾਰੀ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
ਅੱਜ ਦੇ ਸਨਮਾਨ ਸਮਾਗਮ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਹਨੀ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਬਲਾਕ ਕਾਂਗਰਸ ਦੇ ਪ੍ਰਧਾਨ ਸ਼੍ਰੀ ਕੇ.ਕੇ. ਮਲਹੋਤਰਾ, ਸ਼੍ਰੀ ਸੰਜੀਵ ਬਿੱਟੂ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸ਼੍ਰੀ ਕੰਵਲਜੀਤ ਸਿੰਘ ਸਹਿਗਲ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਰਾਜਪਾਲ ਕੌਰ ਤੇ ਸ. ਬਹਾਦਰ ਸਿੰਘ, ਨਿਊ ਪਾਵਰ ਹਾਊਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਗਿੱਲ, ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸ਼੍ਰੀਮਤੀ ਪ੍ਰਭਸਿਮਰਨ ਕੌਰ, ਏ.ਈ.ਓ. ਸ. ਜਗਤਾਰ ਸਿੰਘ ਟਿਵਾਣਾ ਤੇ ਹੋਰ ਕਈ ਸਕੂਲ ਦੇ ਪ੍ਰਿੰਸੀਪਲ, ਮੈਰਿਟ ਵਿੱਚ ਆਏ ਬੱਚਿਆਂ ਦੇ ਮਾਪੇ ਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਵੀ ਹਾਜਰ ਸਨ, ਸਟੇਜ ਸਕੱਤਰ ਦੀ ਭੂਮਿਕਾ ਸਰਕਾਰੀ ਸਕੂਲ ਨੈਣ ਕਲਾ ਦੀ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਗਰੇਵਾਲ ਨੇ ਨਿਭਾਈ।

Leave a Reply

Your email address will not be published. Required fields are marked *