ਪ੍ਰਨੀਤ ਕੌਰ ਦੀ ਉਡੀਕ ‘ਚ ‘ਬੈਠੇ’ ਟਕਸਾਲੀ ਕਾਂਗਰਸੀ ਨਿਰਾਸ਼ ਪਰਤੇ
ਪਟਿਆਲਾ 15 ਮਈ (ਕੰਵਰ ਬੇਦੀ) ਵੀਰ ਜੀ ਸ਼ਮਸ਼ਾਨਘਾਟ ਵਿਖੇ ਲਗਾਈ ਦਾਹ ਸੰਸਕਾਰ ਵਾਲੀ ਮਸ਼ੀਨ ਅਤੇ ਬਿਲਡਿੰਗ ਦਾ ਉਦਘਾਟਨ ਕਰਨ ਲਈ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਆਉਣਾ ਸੀ, ਜਿਥੇ ਸਵੇਰ ਤੋਂ ਹੀ ਕਾਂਗਰਸੀ ਵਰਕਰ ਅਤੇ ਟਕਸਾਲੀ ਆਗੂ ਆਉਣੇ ਸ਼ੁਰੂ ਹੋ ਗਏ, ਜੋ ਉਥੇ ਲਗਾਏ ਟੈਂਟ ‘ਚ ਬੈਠ ਕੇ ਮਹਾਰਾਣੀ ਪ੍ਰਨੀਤ ਕੌਰ ਦੇ ਵਿਚਾਰ ਸੁਣਨ ਲਈ ਬੈਠੇ ਹੋਏ ਸਨ। ਸਿਖਰਾਂ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਉਦਘਾਟਨ ਵਾਲੀ ਜਗ੍ਹਾ ‘ਤੇ ਪ੍ਰਨੀਤ ਕੌਰ ਦੇ ਦੇਰੀ ਨਾਲ ਆਉਣ ਕਾਰਨ ਟਕਸਾਲੀ ਕਾਂਗਰਸੀ ਕਾਫੀ ਹੈਤਾਸ਼ ਵੇਖੇ, ਪ੍ਰੰਤੂ ਟਕਸਾਲੀ ਆਗੂ ਉਸ ਸਮੇਂ ਹੋਰ ਵੀ ਨਿਰਾਸ਼ ਹੋਏ, ਜਦੋਂ ਉਨ੍ਹਾਂ ਦੀ ਹਰਮਨ ਪਿਆਰੀ ਮਹਾਰਾਣੀ ਪ੍ਰਨੀਤ ਕੌਰ ਉਨ੍ਹਾਂ ਨੂੰ ਬਿਨਾਂ ਕੁਝ ਸੰਦੇਸ਼ ਦਿੱਤੇ ਮਿਲੇ ਬਗੈਰ, ਉਥੋਂ ਚਲੇ ਗਏ।
ਕੁਰਸੀਆਂ ਦੀ ਮੂਹਰਲੀ ਕਤਾਰ ‘ਚ ਸੀਨੀਅਰ ਕਾਂਗਰਸੀ ਆਗੂ ਅਤੇ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ, ਸ਼ਹਿਰੀ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ, ਸਮਾਜ ਸੇਵੀ ਨਰ ਬਹਾਦਰ ਵਰਮਾ, ਕੇ.ਕੇ. ਮਲਹੋਤਰਾ ਤੋਂ ਇਲਾਵਾ ਸ਼ਹਿਰ ਦੇ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ, ਜੋ ਨਿਰਾਸ਼ ਹੋ ਕੇ ਪਰਤਦੇ ਵੇਖੇ ਗਏ। ਟਕਸਾਲੀ ਕਾਂਗਰਸੀ ਆਖ ਰਹੇ ਸਨ ਸਾਡੀਆਂ ‘ਵੋਟਾਂ’ ਨਾਲ ਸ਼ਾਹੀ ਪਰਿਵਾਰ ਇਤਿਹਾਸਕ ਜਿੱਤ ਮਿਲਦੀ ਰਹੀ, ਪ੍ਰੰਤੂ ‘ਸੱਤਾ ਮਿਲਣ ਮਗਰੋਂ ਸੀਨੀਅਰ ਕਾਂਗਰਸੀ ਆਗੂਆਂ ਦੀ ਅਣਦੇਖੀ ਪਹਿਲਾਂ ਹੀ ਹੁੰਦੀ ਰਹੀ ਹੈ, ਜਿਸ ਕਾਰਨ ‘ਕਾਂਗਰਸ’ ਨੂੰ ਲੰਮਾ ਸਮਾਂ ਸੱਤਾ ਤੋਂ ਬਾਹਰ ਰਹਿਣਾ ਪਿਆ ਅਤੇ ਚੋਣਾਂ ਸਮੇਂਂ ਕਾਂਗਰਸ ਨੂੰ ਭੁਗਤਣ ਵਾਲੇ ‘ਅਕਾਲੀ ਦਲ’ ਨੂੰ ਭੁਗਤ ਗਏ ਸਨ।

