ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਚਿਤਾਵਨੀ ਰੈਲੀ ਕਰਕੇ ਸਰਕਾਰ ਵਿਰੁੱਧ ਕੱਢੀ ਭੜਾਸ

ਪਟਿਆਲਾ 17 ਮਈ (ਮਧੂਸਾਰ ਬਿਊਰੋ)
ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਹੇਠ ਬੱਸ ਸਟੈਂਡ ਪਟਿਆਲਾ ਵਿਖੇ ਹੋਈ। ਵੱਖ-ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਪੈਨਸ਼ਨਰਾਂ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਲੇਟ ਪੈਣ ਪ੍ਰਤੀ ਗੁੱਸਾ ਸੀ, ਜਿਸ ਕਾਰਨ ਹਰ ਡਿਪੂ ਦੇ ਬੁਲਾਰੇ ਨੇ ਮੈਨੇਜਮੈਂਟ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ। ਹਰ ਇੱਕ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਪੈਨਸ਼ਨ ਦੋ ਕਿਸ਼ਤਾਂ ਵਿੱਚ ਤੇ ਲੇਟ ਪਾਉਣ ਲਈ ਮੈਨੇਜਮੈਂਟ ਦੀ ਨੁਕਤਾਚੀਨੀ ਕੀਤੀ। ਕੜਕਦੀ ਧੁੱਪ ਦੇ ਬਾਵਜੂਦ ਖਚਾ-ਖਚ ਭਰੀ ਇਸ ਰੈਲੀ ਰੂਪੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ੍ਰ. ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਲੰਮੇ ਸੰਘਰਸ਼ ਮਗਰੋਂ ਰੈਗੂਲਰ ਕੀਤੀ ਪੈਨਸ਼ਨ ਨੂੰ ਲੇਟ ਕਰਨਾ ਸਾਨੂੰ ਕਿਸੇ ਵੀ ਸੂਰਤ ਵਿੱਚ ਮਨਜੂਰ ਨਹੀਂ।

ਵਰਨਣਯੋਗ ਹੈ ਕਿ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਤੇ ਮੈਨੇਜਮੈਂਟ ਦਾ ਸਮਝੌਤਾ ਹੋਇਆ ਸੀ ਕਿ ਹਰ ਮਹੀਨੇ ਦੀ 10 ਤਰੀਕ ਨੂੰ ਸਾਰੇ ਡਿਪੂਆਂ ਵਿੱਚ ਇਕੱਠੀ ਪੈਨਸ਼ਨ ਪਾਈ ਜਾਇਆ ਕਰੇਗੀ। ਜੇ 10 ਤਰੀਕ ਨੂੰ ਛੁੱਟੀ ਹੋਵੇਗੀ ਤਾਂ 9 ਤਰੀਕ ਨੂੰ ਪਾਈ ਜਾਇਆ ਕਰੇਗੀ ਪਰੰਤੂ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੋ ਕਿਸ਼ਤਾਂ ਵਿੱਚ 10 ਤੇ 11 ਨੂੰ ਪਾਈ ਗਈ। ਜਿਸ ਕਾਰਨ ਪੀ.ਆਰ.ਟੀ.ਸੀ. ਦੇ ਸਮੁੱਚੇ ਪੈਨਸ਼ਨਰਾਂ ਵਿੱਚ ਰੋਹ ਜਾਗ ਪਿਆ ਤੇ ਅੰਦੋਲਨ ਲਈ ਉਤਾਰੂ ਹੋ ਗਏ। ਇਸੇ ਰੋਹ ਦਾ ਨਤੀਜਾ ਸੀ ਅੱਜ ਦੇ ਲਾਮਿਸਾਲ ਇਕੱਠ ਵਾਲੀ ਇਹ ਰੈਲੀ ਰੂਪੀ ਮੀਟਿੰਗ। ਸ੍ਰ. ਕੰਗਣਵਾਲ ਨੇ ਕਿਹਾ ਕਿ ਸਾਡੇ ਰਹਿੰਦੇ ਬਕਾਏ ਜਿਵੇਂ ਕਿ ਡੀ.ਏ. ਦਾ ਏਰੀਅਰ, ਮੈਡੀਕਲ ਬਿਲਾਂ ਦੀ ਅਦਾਇਗੀ ਤੇ ਗਰੈਚੂਟੀ ਤੇ ਲੀਵ ਇਨ ਕੈਸ਼ਮੈਂਟ ਆਦਿ ਦਾ ਭੁਗਤਾਨ ਜਲਦੀ ਕੀਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਹਰੀ ਸਿੰਘ ਚਮਕ ਨੇ ਕਿਹਾ ਕਿ ਸਾਡੀ ਪੈਨਸ਼ਨ ਲੇਟ ਕਰਕੇ ਮੈਨੇਜਮੈਂਟ ਨੇ ਸਾਡਾ ਟੈਸਟ ਲਿਆ ਸੀ। ਜਿਸ ਕਾਰਨ ਸਮੁੱਚੇ ਪੈਨਸ਼ਨਰਾਂ ਵਿੱਚ ਰੋਹ ਜਾਗ ਉਠਿਆ ਤੇ ਉਹ ਸੜਕਾਂ ਤੇ ਆਉਣ ਲਈ ਤਿਆਰ ਹੋ ਗਏ, ਉਨ੍ਹਾਂ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ ਤੇ ਪੁਰਾਣਾ ਇਤਿਹਾਸ ਦੁਹਰਾਉਣ ਲਈ ਸਾਨੂੰ ਮਜਬੂਰ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਅਦਾਰੇ ਅੰਦਰ ਹੋ ਰਹੇ ਘਪਲਿਆਂ ਨੂੰ ਮੈਨੇਜਮੈਂਟ ਨੱਥ ਪਾਵੇ, ਆਮਦਨ ਨੂੰ ਲੱਗ ਰਹੇ ਖੋਰੇ ਨੂੰ ਰੋਕੇ। ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਜਦੋਂ ਅਦਾਰੇ ਦੀ ਆਮਦਨ 80-90 ਲੱਖ ਰੁਪਏ ਰੋਜ਼ਾਨਾ ਸੀ ਉਦੋਂ ਤਾਂ ਸਾਡੀ ਪੈਨਸ਼ਨ ਕਦੇ ਲੇਟ ਨਹੀਂ ਹੋਈ। ਹੁਣ ਜਦੋਂ 1 ਕਰੋੜ 10 ਲੱਖ ਦੇ ਲਗਭਗ ਹੋ ਗਈ ਹੈ ਤਾਂ ਪੈਨਸ਼ਨ ਲੇਟ ਕਿਉਂ ਕੀਤੀ ਗਈ? ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ ਵਰਨਾ ਸਾਨੂੰ ਮੁੜ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਨੇ ਰਹਿੰਦੇ ਬਕਾਏ ਜਲਦੀ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਰਹਿੰਦੇ ਬਕਾਏ ਲੈਣ ਲਈ ਸਾਨੂੰ ਕੋਈ ਸੰਘਰਸ਼ ਕਰਨਾ ਪਿਆ ਤਾਂ ਅਸੀਂ ਗੁਰੇਜ ਨਹੀਂ ਕਰਾਂਗੇ ਜਿਸ ਦਾ ਸਾਰਿਆਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਇਸ ਮੌਕੇ ਤੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀ.ਆਰ.ਟੀ.ਸੀ. ਪੈਨਸ਼ਨਰ ਅਜੀਤ ਸਿੰਘ ਸੰਧੂ ਬੁਢਲਾਡਾ ਡਿਪੂ ਰਾਹੀਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪੰਜ ਮੁੱਖ ਅਹੁਦੇਦਾਰਾਂ ਨੂੰ ਭੇਜੇ ਪੰਜ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸ੍ਰ. ਮੁਕੰਦ ਸਿੰਘ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਰੇਸ਼ਮ ਸਿੰਘ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਪਰੋਕਤ ਤੋਂ ਇਲਾਵਾ ਇਸ ਚੇਤਾਵਨੀ ਰੈਲੀ ਨੂੰ ਸਰਵ ਸ੍ਰੀ ਜੋਗਿੰਦਰ ਸਿੰਘ ਪਟਿਆਲਾ, ਸੁਰਮੁਖ ਸਿੰਘ ਚੰਡੀਗੜ੍ਹ, ਬਚਿੱਤਰ ਸਿੰਘ ਲੁਧਿਆਣਾ, ਪ੍ਰੀਤਮ ਸਿੰਘ ਬਠਿੰਡਾ, ਗਿਆਨ ਚੰਦ ਬੁਢਲਾਡਾ, ਲਖਬੀਰ ਸਿੰਘ ਲੱਖੀ ਸੰਗਰੂਰ, ਮਦਨ ਮੋਹਨ ਬਰਨਾਲਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਜਲੌਰ ਸਿੰਘ ਫਰੀਦਕੋਟ, ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਜਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *