ਸ਼ਮਸ਼ਾਨਘਾਟ ‘ਚੋਂ ਹਟਵਾਇਆ ਵਿਵਾਦਤ ਉਦਘਾਟਨੀ ‘ਨੀਂਹ ਪੱਥਰ’
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਵੂਰੋ) ਵੀਰ ਜੀ ਸ਼ਮਸ਼ਾਨਘਾਟ ਵਿਖੇ ਗੈਸ ਨਾਲ ਦਾਹ ਸੰਸਕਾਰ ਕਰਨ ਵਾਲੀ ਮਸ਼ੀਨ ਅਤੇ ਉਸਾਰੀ ਬਿਲਡਿੰਗ ਦੇ ਉਦਘਾਟਨੀ ‘ਨੀਂਹ ਪੱਥਰ’ ਨੂੰ ਕੁਝ ਹੀ ਦਿਨਾਂ ਬਾਅਦ ਹਟਵਾ ਦਿੱਤਾ ਗਿਆ ਹੈ, ਕਿਉਂਕਿ ‘ਪੱਥਰ’ ‘ਤੇ ਉਕਰੇ ‘ਉਦਘਾਟਨੀ ਸ਼ਬਦ’ ਨੂੰ ਮਿਟਾਉਣ ਲਈ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਦੇ ਟਰੱਸਟ ਦੇ ਮੈਂਬਰਾਂ ਨੇ ਉਦਘਾਟਨ ਵਾਲੇ ਦਿਨ ਖਾਨਾਪੂਰਤੀ ਕਰਦਿਆਂ ‘ਪੱਥਰ’ ‘ਤੇ ਕਾਗਜ਼ ਦੀ ਪਰਚੀ ਚਿਪਕਾਕੇ ‘ਉਦਘਾਟਨੀ ਸ਼ਬਦ’ ਨੂੰ ਲੁਕਾਉਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਸਗੋਂ ‘ਪੱਥਰ’ ‘ਤੇ ਕਾਗਜ਼ ਦੀ ਪਰਚੀ ‘ਤੇ ‘ਸਮਾਜ ਨੂੰ ਸਮਰਪਿਤ’ ਲਿਖਵਾਕੇ ਮਹਾਰਾਣੀ ਪ੍ਰਨੀਤ ਕੌਰ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਤੋਂ ਉਦਘਾਟਨ ਕਰਵਾ ਦਿੱਤਾ ਸੀ, ਜਿਸ ਮਗਰੋਂ ਕਈ ਤਰ੍ਹਾਂ ਦੇ ਸਵਾਲ ਉਠ ਖੜੇ ਹੋਏ ਸਨ ਕਿਉਂਕਿ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸ਼ਮਸ਼ਾਨਘਾਟ ‘ਚ ਕਦੇ ਵੀ ਉਦਘਾਟਨ ਨਹੀਂ ਹੁੰਦਾ, ਜਿਸ ਦੀ ਸਮਝ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਤੇ ਟਰੱਸਟ ਦੇ ਮੈਂਬਰਾਂ ਨੂੰ ‘ਨੀਂਹ ਪੱਥਰ’ ਕੰਧ ‘ਚ ਲਗਵਾਉਣ ਤੋਂ ਬਾਅਦ ਲੱਗੀ।
‘ਨੀਂਹ ਪੱਥਰ’ ‘ਤੇ ਉਸ ਤੋਂ ਵੱਡੀ ਗਲਤੀ ਇਹ ਕੀਤੀ ਗਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੀ ਅਣਦੇਖੀ ਕਰਕੇ ‘ਪੱਥਰ’ ‘ਤੇ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਖੁਦਵਾ ਦਿੱਤਾ ਗਿਆ, ਜਦਕਿ ਮੁੱਖ ਮੰਤਰੀ ਇਹ ਆਦੇਸ਼ ਜਾਰੀ ਕਰ ਚੁੱਕੇ ਹਨ ਕਿ ਕਿਸੇ ਵੀ ‘ਨੀਂਹ ਪੱਥਰ’ ‘ਤੇ ਕਿਸੇ ਵੀ ਵਿਧਾਇਕ ਜਾਂ ਹਾਕਮ ਧਿਰ ਦਾ ਨਾਮ ਨਾ ਖੁਦਵਾਇਆ ਜਾਵੇ। ਇਹ ਸਭ ਜਾਣਦੇ ਹੋਏ ਅਣਗਹਿਲੀ ਵਰਤੀ ਗਈ ਅਤੇ ‘ਦਾਹ ਸੰਸਕਾਰ ਕਰਨ ਵਾਲੀ ਮਸ਼ੀਨ’ ਦਾ ਉਦਘਾਟਨ ਕਰ ਦਿੱਤਾ ਗਿਆ।
‘ਨੀਂਹ ਪੱਥਰ’ ਦੇ ਉਦਘਾਟਨ ਤੋਂ ਬਾਅਦ ਜਦੋਂ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਤੇ ਟਰੱਸਟ ਦੇ ਮੈਂਬਰਾਂ ਦੀ ਗਲਤੀਆਂ ਨੂੰ ਖ਼ਬਰਾਂ ਰਾਹੀਂ ਜਨਤਕ ਕੀਤਾ ਗਿਆ ਤਾਂ ‘ਗਲਤੀ’ ਦਾ ਅਹਿਸਾਸ ਹੁੰਦਾ ਵੇਖ ਕੇ ਉਨ੍ਹਾਂ ਮੁੜ ਸ਼ਮਸ਼ਾਨਘਾਟ ‘ਚ ਸਥਾਪਿਤ ਕੀਤੇ ‘ਨੀਂਹ ਪੱਥਰ’ ਹਟਵਾ ਕੇ, ਉਥੇ ਮੁੜ ਕਲੀ ਕਰਵਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਟਿਆਲਾ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਰਾਜਪੁਰਾ ਰੋਡ ‘ਤੇ ਸਥਿਤ ਵੀਰ ਜੀ ਸ਼ਮਸ਼ਾਨਘਾਟ ਵਿਖੇ ਗੈਸ ਨਾਲ ਦਾਹ ਸੰਸਕਾਰ ਕਰਨ ਵਾਲੀ ਮਸ਼ੀਨ ਅਤੇ ਉਸਾਰੀ ਗਈ ਬਿਲਡਿੰਗ ਦਾ ਉਦਘਾਟਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ ਅਤੇ ‘ਨੀਂਹ ਪੱਥਰ’ ‘ਚ ‘ਗਲਤੀਆਂ’ ਦੀ ਭਰਮਾਰ ਤੇ ਪ੍ਰਬੰਧਕਾਂ ਤੇ ਟਰੱਸਟ ਮੈਂਬਰਾਂ ਵੱਲੋਂ ਵਰਤੀ ਅਣਗਹਿਲੀ ਜੱਗ-ਜਾਹਿਰ ਹੋਈ ਸੀ।

