ਫ਼ਲ ਫਰੂਟ ਅਤੇ ਸਬਜੀਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਦੀ ਚੈਕਿੰਗ
ਪਟਿਆਲਾ, 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਲੋਕਾਂ ਨੂੰ ਸਾਫ ਸੁਧਰਾ ਤੇ ਸਿਹਤਮੰਦ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਰਾਘੋਮਾਜਰਾ ਦੀ ਸਬਜੀ ਮੰਡੀ ਵਿਖੇ ਜਿਲ੍ਹਾ ਸਿਹਤ ਅਫਸਰ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਬਣਾਈ ਟੀਮ ਵੱਲੋਂ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਫ਼ਲ ਫਰੂਟ ਅਤੇ ਸਬਜੀਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਦੇਖਣ ਵਿੱਚ ਆਇਆ ਕਿ ਰਾਘੋਮਾਜਰਾ ਦੀ ਮੰਡੀ ਵਿੱਚ ਦੁਕਾਨਾਂ ਅਤੇ ਰੇਹੜੀਆਂ ਦੇ ਮਾਲਕਾਂ ਵੱਲੋਂ ਅੱਧ ਪੱਕੇ, ਜਿਆਦਾ ਪੱਕੇ, ਗਲੇ ਸੜੇ ਫ਼ਲ ਅਤੇ ਸਬਜੀਆਂ ਵੇਚੀਆਂ ਜਾ ਰਹੀਆਂ ਸਨ, ਜਿਸ ਕਾਰਨ ਟੀਮ ਵੱਲੋਂ ਮੌਕੇ ਤੇ 5 ਕੁਵਿੰਟਲ ਦੇ ਕਰੀਬ ਗਲੇ ਸੜੇ ਅਤੇ ਅੱਧ ਪੱਕੇ ਫਲ ਅਤੇ ਸਬਜੀਆਂ ਨਸ਼ਟ ਕਰਵਾਈਆਂ ਗਈਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫਸਰ ਡਾ. ਸਿੱਧੂ ਨੇ ਦੱਸਿਆ ਕਿ ਚੈਕਿੰਗ ਦੌਰਾਨ 4 ਦੁਕਾਨਦਾਰਾਂ ਤੋਂ ਫਲਾਂ ਨੂੰ ਜਲਦੀ ਪਕਾਉਣ ਲਈ ਪਾਬੰਦੀਸ਼ੁਦਾ ਏਥਲੀਨ ਦੇ ਚਾਈਨੀਜ਼ ਪੁੜੀਆਂ ਵਰਤੀਆਂ ਜਾ ਰਹੀਆਂ ਸਨ। ਜਿੰਨ੍ਹਾਂ ਨੂੰ ਮੌਕੇ ਤੇ ਬਰਾਮਦ ਕੀਤੇ ਗਿਆ। ਡਾ. ਸਿੱਧੂ ਨੇ ਕਿਹਾ ਕਿ ਏਥਲੀਨ ਨਾਲ ਪਕਾਏ ਫਲ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਲਈ ਇਨ੍ਹਾਂ ਦੁਕਾਨਦਾਰਾਂ ਨੁੰ ਨੋਟਿਸ ਕਰਕੇ ਆਪਣਾ ਫੂਡ ਸੇਫਟੀ ਲਾਇਸੈਂਸ ਨਾਲ ਲੈ ਕੇ ਸਿਵਲ ਸਰਜਨ ਦਫਤਰ ਵਿਖੇ ਆਉਣ ਲਈ ਕਿਹਾ ਗਿਆ ਹੈ।ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਸਾਫ ਸੁਥਰਾ ਤੇ ਠੀਕ ਢੰਗ ਨਾਲ ਪਕਾਏ ਫ਼ਲ ਅਤੇ ਸਬਜੀਆਂ ਵੇਚਣ ਲਈ ਕਿਹਾ।ਉਨ੍ਹਾਂ ਕੱਟੇ ਹੋਏ ਫ਼ਲ ਅਤੇ ਸਬਜੀਆਂ ਨਾ ਵੇਚਣ ਲਈ ਵੀ ਕਿਹਾ।
ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਇਹ ਰੂਟੀਨ ਚੈਕਿੰਗ ਸੀ ਅਤੇ ਅੱਗੇ ਤੋਂ ਵੀ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜ਼ੋ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਦੁਕਾਨਦਾਰ ਅਤੇ ਰੇਹੜੀਆਂ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਦੋਸ਼ੀ ਪਾਏ ਗਏ ਊਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟੀਮ ਵਿੱਚ ਸੰਜੀਵ ਕੁਮਾਰ ਅਤੇ ਕੁਲਵੰਤ ਸਿੰਘ ਦੋਨੋਂ ਸੈਨੇਟਰੀ ਇੰਸਪੈਕਟਰ, ਰਾਮ ਲਾਲ ਗੋਇਲ ਅਤੇ ਕਲਰਕ ਇਰਵਨ ਸਿੰਘ ਸ਼ਾਮਿਲ ਸਨ।

