ਪੰਜਾਬਪਟਿਆਲਾ

ਪੀ. ਆਰ. ਟੀ. ਸੀ. ਦਾ 2017-18 ਦਾ ਸਾਢੇ 500 ਕਰੋੜ ਦਾ ਬਜਟ ਪਾਸ

6 ਜਨਰਲ ਮੈਨੇਜਰ, 4 ਵਰਕਸ ਮੈਨੇਜਰ, 4 ਟ੍ਰੈਫਿਕ ਮੈਨੇਜਰ ਅਤੇ 4 ਸੈਕਸ਼ਨ ਅਫਸਰ ਆਯੋਗ ਰਾਹੀਂ ਭਰਤੀ ਕੀਤੇ ਜਾਣਗੇ
ਪਟਿਆਲਾ, 24 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵਲੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਕੇ. ਕੇ. ਸ਼ਰਮਾ ਦੀ ਅਗਵਾਈ ਹੇਠ ਬੋਰਡ ਆਫ ਡਾਇਰੈਕਟਰ ਦੀ 230ਵੀਂ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਬੋਰਡ ਵਲੋਂ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਾਈ ਗਈ।

ਜਾਣਕਾਰੀ ਦਿੰਦਿਆਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਬੋਰਡ ਵਲੋਂ 250 ਨਵੀਆਂ ਬੱਸਾਂ ਪਾਉਣ ਤੋਂ ਇਲਾਵਾ ਬਜਟ ਵੀ ਪਾਸ ਕੀਤਾ ਗਿਆ। ਮੀਟਿੰਗ ਵਿਚ ਵਿੱਤ ਵਿਭਾਗ ਦੇ ਪਿੰ੍ਰਸੀਪਲ ਸਕੱਤਰ, ਟਰਾਂਸਪੋਰਟ ਵਿਭਾਗ ਦੇ ਪਿੰ੍ਰਸੀਪਲ ਸੈਕਟਰੀ, ਸਟੇਟ ਟਰਾਂਸਪੋਰਟ ਕਮਿਸ਼ਨਰ, ਨਾਰਦਨ ਰੇਲਵੇ ਦੇ ਚੀਫ ਕਮਰਸ਼ੀਅਲ ਮੈਨੇਜਰ, ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਦੇ ਡਾਇਰੈਕਟਰ ਤੋਂ ਇਲਾਵਾ ਪੀ. ਆਰ. ਟੀ. ਸੀ. ਦੇ ਐਮ. ਡੀ. ਮਨਜੀਤ ਸਿੰਘ ਨਾਰੰਗ, ਜੀ. ਐਮ. ਖਰੀਦ ਆਰ. ਐਸ. ਔਲਖ, ਜੀ. ਐਮ. ਐਡਮੀਨਿਸਟ੍ਰੇਸ਼ਨ ਸੁਰਿੰਦਰ ਸਿੰਘ, ਚੀਫ ਅਕਾਉਂਟਸ ਅਫਸਰ ਰਾਧੇ ਸ਼ਾਮ ਹਸੀਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦਾ 2017-18 ਦਾ ਸਾਢੇ 500 ਕਰੋੜ ਦਾ ਬਜਟ ਪਾਸ ਕਰ ਦਿੱਤਾ ਗਿਆ। ਪੀ. ਆਰ. ਟੀ. ਸੀ. ਵਿਚ ਸੁਪਰਵਾਈਜ਼ਰੀ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਦੀਆਂ ਪੋਸਟਾਂ ਪੰਜਾਬ ਲੋਕ ਸੇਵਾ ਆਯੋਗ ਰਾਹੀਂ ਭਰਨ ਦੇ ਫੈਸਲੇ ‘ਤੇ ਮੋਹਰ ਲਾਈ ਗਈ। ਬੋਰਡ ਆਫ ਡਾਇਰੈਕਟਰਜ਼ ਨੇ ਫੈਸਲਾ ਕੀਤਾ ਕਿ ਪੀ. ਆਰ. ਟੀ. ਸੀ. ਵਿਚ 6 ਜਨਰਲ ਮੈਨੇਜਰ, 4 ਵਰਕਸ ਮੈਨੇਜਰ, 4 ਟ੍ਰੈਫਿਕ ਮੈਨੇਜਰ ਅਤੇ 4 ਸੈਕਸ਼ਨ ਅਫਸਰ ਆਯੋਗ ਰਾਹੀਂ ਭਰਤੀ ਕੀਤੇ ਜਾਣਗੇ। ਪੀ. ਆਰ. ਟੀ. ਸੀ. ਵਲੋਂ ਆਪਣੇ ਪੱਧਰ ‘ਤੇ 100 ਨਵੀਆਂ ਬੱਸਾਂ ਪਾਉਣ ਨੂੰ ਹਰੀ ਝੰਡੀ ਦਿੱਤੀ ਗਈ। ਇਸੇ ਤਰ੍ਹਾਂ 150 ਬੱਸਾਂ ਕਿਲੋਮੀਟਰ ਸਕੀਮ ਰਾਹੀਂ ਨਵੀਆਂ ਚਲਾਉਣ ਨੂੰ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਐਚ. ਵੀ. ਏ. ਸੀ. ਇਨਟੇਗਰਲ ਕੋਚ ਬੱਸਾਂ ਵੀ ਚਲਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਨਵੀਆਂ 250 ਬੱਸਾਂ ਪੈਣ ਨਾਲ ਪੀ. ਆਰ. ਟੀ. ਸੀ. ਫਲੀਟ ਵਿਚ ਸਾਰੀਆਂ ਨਵੀਆਂ ਬੱਸਾਂ ਸ਼ਾਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਜੋ ਬੱਸਾਂ ਆਪਣਾ ਸਮਾਂ ਪਾਰ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਕੰਡਮ ਕਰਾਰ ਦੇ ਕੇ ਰੂਟਾਂ ਤੋਂ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਆਪਣੇ ਯਾਤਰੀਆਂ ਨੂੰ ਵਧੀਆ ਤੇ ਸਸਤੀ ਟਰਾਂਸਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੇ ਜੋ ਆਪਣਾ ਬਜਟ ਪਾਸ ਕੀਤਾ ਹੈ, ਉਸ ਦੇ ਟਾਰਗੇਟ ਹਾਸਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹਰ 3 ਮਹੀਨੇ ਬਾਅਦ ਬੋਰਡ ਦੀ ਮੀਟਿੰਗ ਬੁਲਾਈ ਜਾਵੇ। ਪੀ. ਆਰ. ਟੀ. ਸੀ. ਦੇ ਐਮ. ਡੀ. ਨੂੰ ਨਿਰਦੇਸ਼ ਦਿੱਤੇ ਗਏ ਕਿ ਹਰ ਮਹੀਨੇ ਸਮੂਹ ਡਿੱਪੂਆਂ ਦੀ ਰੀਵਿਊ ਮੀਟਿੰਗ ਕੀਤੀ ਜਾਵੇ ਅਤੇ ਪੀ. ਆਰ. ਟੀ. ਸੀ. ਦੀ ਆਮਦਨੀ ਵਧਾਈ ਜਾਵੇ। ਐਮ. ਡੀ. ਨੂੰ ਕਿਹਾ ਗਿਆ ਕਿ ਜਿਹੜੇ ਜਨਰਲ ਮੈਨੇਜਰ ਆਪਣਾ ਟਾਰਗੇਟ ਪੂਰੇ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਇਸ ਦੇ ਨਾਲ ਹੀ ਪ੍ਰਾਈਵੇਟ ਟਰਾਂਸਪੋਰਟਰਾਂ ‘ਤੇ ਸਖਤ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫੀਲਡ ਸਟਾਫ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਪ੍ਰਾਈਵੇਟ ਟਰਾਂਸਪੋਰਟਰ ਇਕ ਲਾਇਸੈਂਸ ‘ਤੇ ਜ਼ਿਆਦਾ ਗੱਡੀਆਂ ਚਲਾਉਂਦਾ ਹੈ ਤਾਂ ਉਸ ਦੀ ਤੁਰੰਤ ਹੈਡ ਆਫਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *