ਪੰਜਾਬ

ਪਿੰਡ ਬੱਗਾ ਦੇ ਦਲਿਤ ਕਸ਼ਮੀਰ ਸਿੰਘ ਤੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ : ਡਾ: ਰਾਜ ਸਿੰਘ ਐੱਸ ਸੀ ਕਮਿਸ਼ਨ

ਰਾਜ ਐੱਸ ਸੀ ਕਮਿਸ਼ਨ ਦੇ ਤਿੰਨ ਮੈਂਬਰੀ ਟੀਮ ਨੇ ਪਿੰਡ ਬੱਗਾ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ
ਮੱਤੇਵਾਲ ( ਅੰਮ੍ਰਿਤਸਰ ) 26 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ( ਐੱਸ ਸੀ ) ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਡਾ: ਰਾਜ ਸਿੰਘ ਨੇ ਕਿਹਾ ਕਿ ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਕਾਂਗਰਸੀ ਅਨਸਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਬੇਇਸਾਫੀ ਅਤੇ ਤਸ਼ੱਦਦ ਦੇ ਸ਼ਿਕਾਰ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ।

ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਅਹਿਮ ਰੋਲ ਅਦਾ ਕਰਦਿਆਂ ਉਕਤ ਪੀੜਤ ਦਲਿਤ ਪਰਿਵਾਰ ਦੇ ਹੱਕ ਵਿੱਚ ਵੱਖ ਵੱਖ ਫੋਰਮਾਂ ‘ਤੇ ਉਠਾਈ ਗਈ ਆਵਾਜ਼ ਸਦਕਾ ਰਾਜ ਵਿੱਚ ਚਰਚਿਤ ਹੋਏ ਉਕਤ ਦਲਿਤ ਅੱਤਿਆਚਾਰ ਪ੍ਰਤੀ ਰਾਜ ਐੱਸ ਸੀ ਕਮਿਸ਼ਨ ਵੱਲੋਂ ਡਾ: ਰਾਜ ਸਿੰਘ ਤੋਂ ਇਲਾਵਾ ਸੀਨੀਅਰ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਅਤੇ ਸੀਨੀਅਰ ਮੈਂਬਰ ਸ੍ਰੀ ਗਿਆਨ ਚੰਦ ਦੇ ਆਧਾਰਤ ਤਿੰਨ ਮੈਂਬਰੀ ਟੀਮ ਨੇ ਅੱਜ ਬਾਅਦ ਦੁਪਹਿਰ ਪਿੰਡ ਬੱਗਾ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਤੋਂ ਪੁੱਛ ਪੜਤਾਲ ਕੀਤੀ। ਸਾਬਕਾ ਮੰਤਰੀ ਜਥੇ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਡਾ: ਦਲਬੀਰ ਸਿੰਘ ਵੇਰਕਾ, ਸ: ਮਲਕੀਤ ਸਿੰਘ ਏ ਆਰ ਅਤੇ ਤਲਬੀਰ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਕਮਿਸ਼ਨ ਦੇ ਮੈਂਬਰਾਂ ਨੇ ਪੀੜਤ ਪਰਿਵਾਰ ਨੂੰ ਬੜੀ ਦਿਲਚਸਪੀ ਨਾਲ ਸੁਣਿਆ ਅਤੇ ਉਹਨਾਂ ਦੇ ਬਿਆਨ ਲੈਂਦਿਆਂ ਬਿਆਨਾਂ ਦੇ ਹਰ ਪਹਿਲੂ ਅਤੇ ਨੁਕਤੇ ਪ੍ਰਤੀ ਗੌਰ ਕਰਦਿਆਂ ਡੂੰਘੀ ਪੁੱਛ ਪੜਤਾਲ ਕੀਤੀ ਗਈ। ਉਪਰੰਤ ਉਹਨਾਂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਮੌਕੇ ਉੱਤੇ ਗਏ, ਜਿੱਥੇ ਕਿ ਦਲਿਤ ਕਸ਼ਮੀਰ ਸਿੰਘ ਨੂੰ ਕਾਂਗਰਸੀ ਆਗੂ ਲਾਲੀ ਮਜੀਠਾ ਦੇ ਨਜਦੀਕੀ ਅਤੇ ਚੇਅਰਮੈਨ ਜਗਦੇਵ ਸਿੰਘ ਬੱਗਾ ਦੇ ਰਿਸ਼ਤੇਦਾਰ ਜਸਬੀਰ ਸਿੰਘ ਰਿੰਕੂ ਅਤੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਮਾਰਨ ਕੁੱਟਣ ਤੋਂ ਇਲਾਵਾ ਉਹਨਾਂ ਨੂੰ ਅਰਧ ਨਗਨ ਕਰਦਿਆਂ ਉਹਨਾਂ ਦੀਆਂ ਬਾਂਹਾਂ ਪਿਛਾਂਹ ਬੰਨ੍ਹ ਕੇ ਅਤੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਦਿਆਂ ਦੀ ਮੂਵੀ (ਵੀਡੀਉ) ਬਣਾਈ ਅਤੇ ਤਸਵੀਰ ਲਈਆਂ, ਜਿਨ੍ਹਾਂ ਨੂੰ ਉਹਨਾਂ ਕਸ਼ਮੀਰ ਸਿੰਘ ਨੂੰ ਵੱਧ ਤੋਂ ਵੱਧ ਜ਼ਲੀਲ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਫੇਸਬੁਕ ਅਤੇ ਵਟਸਅਪ ‘ਤੇ ਅਪ ਲੋਡ ਕਰ ਕੇ ਵਾਇਰਲ ਕੀਤੀਆਂ ਸਨ, ਦੇ ਘਟਨਾ ਸਥਾਨ ਤੇ ਮੌਕੇ ‘ਤੇ ਜਾ ਕੇ ਮੁਆਇਨਾ ਕੀਤਾ। ਪੀੜਤ ਕਸ਼ਮੀਰ ਸਿੰਘ, ਉਸ ਦੀ ਪਤਨੀ ਸਵਿੰਦਰ ਕੌਰ, ਪੁੱਤਰ ਜਗਰੂਪ ਸਿੰਘ ਅਤੇ ਧੀ ਦਲਜੀਤ ਕੌਰ ਨੇ ਕਮਿਸ਼ਨ ਸਾਹਮਣੇ ਭਰੇ ਮਨ ਤੇ ਦਹਿਸ਼ਤਜਾਦਾ ਹੁੰਦਿਆਂ ਆਪਣੀਆਂ ਹਢਬੀਤੀਆਂ ਸੁਣਾਈਆਂ। ਉਹਨਾਂ ਕਿਹਾ ਕਿ ਕਾਂਗਰਸੀ ਅਨਸਰਾਂ ਨੇ ਲਾਲੀ ਮਜੀਠਾ ਅਤੇ ਚੇਅਰਮੈਨ ਜਗਦੇਵ ਬੱਗਾ ਦੀ ਸ਼ਹਿ ‘ਤੇ ਉਹਨਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ, ਘਰ ਵਿੱਚ ਜ਼ਬਰਦਸਤੀ ਵੜ ਕੇ ਸਮਾਨ ਦੀ ਭੰਨ ਤੋੜ ਕੀਤੀ, ਔਰਤਾਂ ਨਾਲ ਬਦਸਲੂਕੀਆਂ ਕਰਦਿਆਂ ਉਹਨਾਂ ਦੇ ਕੱਪੜੇ ਪਾੜੇ। ਪੁਲੀਸ ਇਨਸਾਫ਼ ਦੇਣ ਦੀ ਥਾਂ ਉਲਟਾ ਉਹਨਾਂ ਨੂੰ ਹੀ ਨਾ ਕੇਵਲ ਧਮਕਾਉਂਦੇ ਰਹੇ ਸਗੋਂ ਉਹਨਾਂ ਖ਼ਿਲਾਫ਼ ਝੂਠਾ 326 ਦਾ ਪਰਜਾ ਵੀ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਲਾਲੀ ਮਜੀਠਾ ਦਾ ਗੰਨਮੈਨ ਰਹੇ ਥਾਣਾ ਮੱਤੇਵਾਲ ਦੇ ਐੱਸ ਐੱਚ ਓ ਅਵਤਾਰ ਸਿੰਘ ਅਤੇ ਏ ਐੱਸ ਆਈ ਨਰੇਸ਼ ਕੁਮਾਰ ਨੇ ਤਿੰਨ ਦਿਨ ਤਕ ਕਸ਼ਮੀਰ ਸਿੰਘ ਨੂੰ ਗੈਰ ਕਾਨੂੰਨੀ ਤੌਰ ‘ਤੇ ਨਜਾਇਜ਼ ਹਿਰਾਸਤ ਵਿੱਚ ਰੱਖਦਿਆਂ ਜਿਸਮਾਨੀ ਅਤੇ ਦਿਮਾਗੀ ਤੌਰ ‘ਤੇ ਤਸ਼ੱਦਦ ਕੀਤਾ। ਜਿਸ ਨੂੰ ਕਿ ਸਿਹਤ ਖਰਾਬ ਹੋ ਜਾਣ ‘ਤੇ ਹੀ ਛੱਡਿਆ ਗਿਆ। ਉਹਨਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕੀਤੇ ਗਏ ਪਰਚੇ ਵਿੱਚ ਕਈ ਖ਼ਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਦਿਆਂ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਅਨੁਸੂਚਿਤ ਜਾਤੀਆਂ ( ਐੱਸ ਸੀ ) ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਡਾ: ਰਾਜ ਸਿੰਘ ਨੇ ਕਿਹਾ ਐੱਸ ਸੀ ਕਮਿਸ਼ਨ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ‘ਤੇ ਹੋਏ ਅੱਤਿਆਚਾਰ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ, ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਹਨਾਂ ਕਿਹਾ ਕਿ ਦਲਿਤ ਪਰਿਵਾਰ ‘ਤੇ ਅੱਤਿਆਚਾਰ ਕਰਨ, ਪੀੜਤ ਪਰਿਵਾਰ ਵੱਲੋਂ 181 ਨੰਬਰ ‘ਤੇ ਫੋਨ ਕਰਕੇ ਕੀਤੀ ਗਈ ਸ਼ਿਕਾਇਤ ‘ਤੇ ਅਮਲ ਕਰਨ ਦੀ ਥਾਂ ਦੋਸ਼ੀ ਧਿਰ ਨੂੰ ਸੂਚਿਤ ਕਰਨ ਅਤੇ ਕਸ਼ਮੀਰ ਸਿੰਘ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਜਗਰੂਪ ਸਿੰਘ ‘ਤੇ 326 ਦਾ ਝੂਠਾ ਪਰਜਾ ਦਰਜ ਕਰਨ ਵਾਲੇ ਪੁਲੀਸ ਅਧਿਕਾਰੀ ਪ੍ਰਤੀ ਤਸਦੀਕ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਈ ਜਾਵੇਗੀ। ਉਹਨਾਂ ਦੱਸਿਆ ਕਿ ਸੰਬੰਧਿਤ ਮਾਮਲੇ ਬਾਰੇ ਪੜਤਾਲ ਪੂਰੀ ਕਰਦਿਆਂ 31 ਤਰੀਕ ਨੂੰ ਰਿਪੋਰਟ ਪੰਜਾਬ ਰਾਜ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਉਕਤ ਮਾਮਲੇ ਬਾਰੇ 6 ਜੂਨ ਨੂੰ ਏ ਡੀ ਜੀ ਪੀ ਲਾਅ ਐਡ ਆਡਰ ਅਤੇ ਏ ਡੀ ਜੀ ਪੀ ਕ੍ਰਾਈਮ ਨੂੰ ਕਮਿਸ਼ਨ ਨੇ ਤਲਬ ਕੀਤਾ ਹੋਇਆ ਹੈ।
ਇਸ ਮੌਕੇ ਅਕਾਲੀ ਆਗੂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਐਸੀ ਕਮਿਸ਼ਨ ਤੋਂ ਉਹਨਾਂ ਨੂੰ ਇਨਸਾਫ਼ ਮਿਲਣ ਦੀ ਪੂਰੀ ਆਸ ਹੈ। ਉਹਨਾਂ ਇਹ ਵੀ ਦੱਸਿਆ ਉਕਤ ਮਾਮਲੇ ਪ੍ਰਤੀ ਰਾਸ਼ਟਰੀ ਐੱਸ ਸੀ ਕਮਿਸ਼ਨ ਨੇ ਵੀ ਸਖ਼ਤ ਨੋਟਿਸ ਲਿਆ ਹੈ ਅਤੇ ਸਕਰੀਅ ਹੋ ਕੇ ਦੋਸ਼ੀਆਂ ਵਿਰੁੱਧ ਆਪਣੀ ਕਾਰਵਾਈ ਕਰ ਰਹੀ ਹੈ।
ਇਸ ਮੌਕੇ ਐਡਵੋਕੇਟ ਗੁਰਨਾਮ ਸਿੰਘ, ਪ੍ਰੋ: ਸਰਚਾਂਦ ਸਿੰਘ, ਬਾਬਾ ਰਾਮ ਸਿੰਘ ਅਬਦਾਲ ਤੋਂ ਇਲਾਵਾ ਪੰਚ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *