ਪੰਜਾਬ

ਪਿੰਡ ਬੱਗਾ ਦੇ ਦਲਿਤ ਕਸ਼ਮੀਰ ਸਿੰਘ ਤੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ : ਏ ਆਈ ਜੀ ਮੌੜ .

ਮੱਤੇਵਾਲ ( ਅੰਮ੍ਰਿਤਸਰ ) 27 ਮਈ (ਮਧੂਸਾਰ ਬਿਊਰੋ) ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ਉੱਤੇ ਕਾਂਗਰਸੀ ਅਨਸਰਾਂ ਵੱਲੋਂ ਕੀਤੇ ਗਏ ਤਸ਼ੱਦਦ ਅਤੇ ਪੁਲੀਸ ਅਧਿਕਾਰੀਆਂ ਦੀਆਂ ਬੇਇਸਾਫੀਆਂ ਅਤੇ ਕੁਤਾਹੀਆਂ ਬਾਰੇ ਪੜਤਾਲ ਕਰਨ ਲਈ ਏ ਡੀ ਪੀ ਕ੍ਰਾਈਮ ਵੱਲੋਂ ਗਠਿਤ ਪੰਜਾਬ ਪੁਲੀਸ ਦੀ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ( ਸਿੱਟ) ਨੇ ਪੀੜਤ ਅਤੇ ਦੋਸ਼ੀ ਧਿਰਾਂ ਨੂੰ ਸੁਣਨ ਲਈ ਪਿੰਡ ਬੱਗਾ ਦਾ ਦੌਰਾ ਕੀਤਾ ਹੈ।

ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਦਲਿਤ ਪਰਿਵਾਰ ਦੇ ਹੱਕ ਵਿੱਚ ਵੱਖ ਵੱਖ ਫੋਰਮਾਂ ‘ਤੇ ਆਵਾਜ਼ ਉਠਾਉਂਦਿਆਂ ਅਤੇ ਕੌਮੀ ਐੱਸ ਸੀ ਕਮਿਸ਼ਨ ਕੋਲ ਪੀੜਤ ਧਿਰ ਵੱਲੋਂ ਸ਼ਿਕਾਇਤ ਦਰਜ ਕਰਾਉਣ ਨਾਲ ਕਮਿਸ਼ਨ ਵੱਲੋਂ ਪੰਜਾਬ ਪੁਲੀਸ ਕ੍ਰਾਈਮ ਬਰਾਂਚ ਨੂੰ ਸਿੱਟ ਗਠਨ ਕਰਦਿਆਂ ਉਕਤ ਘਟਨਾ ਦੀ ਡੂੰਘੀ ਪੜਤਾਲ ਕਰਨ ਦੀ ਹਦਾਇਤ ਦੇ ਚਲਦਿਆਂ ਅੱਜ ਆਈ ਜੀ ਸ੍ਰੀ ਐੱਲ ਕੇ ਯਾਦਵ ਦੀ ਚੇਅਰਮੈਨਸ਼ਿਪ ‘ਚ ਏ ਆਈ ਜੀ ਜ਼ੋਨਲ ਕ੍ਰਾਈਮ ਤੇਜਿੰਦਰ ਪਾਲ ਸਿੰਘ ਮੌੜ ਅਤੇ ਡੀ ਐੱਸ ਪੀ ਕ੍ਰਾਈਮ ਅੱਜੈਰਾਜ ਸਿੰਘ ਦੇ ਆਧਾਰਤ ਸਿੱਟ ਦੀ ਟੀਮ ਨੇ ਪਿੰਡ ਬੱਗਾ ਵਿਖੇ ਪਹੁੰਚ ਕੇ ਪੀੜਤ ਕਸ਼ਮੀਰ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ, ਦੂਜੀ ਧਿਰ ਨਾਲ ਸੰਬੰਧਿਤ ਵਿਅਕਤੀਆਂ ਤੋਂ ਇਲਾਵਾ ਪੁਲੀਸ ਅਧਿਕਾਰੀਆਂ ਦੇ ਵੀ ਬਿਆਨ ਲਏ।
ਇਸ ਮੌਕੇ ਏ ਆਈ ਜੀ ਤੇਜਿੰਦਰ ਪਾਲ ਸਿੰਘ ਮੌੜ ਨੇ ਕਿਹਾ ਕਿ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ਨਾਲ ਕਾਂਗਰਸੀਆਂ ਵਲ਼ੋਂ ਕੀਤੇ ਗਏ ਅੱਤਿਆਚਾਰ ਬਾਰੇ ਹਰੇਕ ਵਿਅਕਤੀ ਦੇ ਰੋਲ ਨੂੰ ਉਜਾਗਰ ਕਰਨ ਦੀ ਸਰਕਾਰ ਵੱਲੋਂ ਸਖ਼ਤ ਹਦਾਇਤ ਹੈ। ਉਹਨਾਂ ਕਿਹਾ ਕਿ ਸਿੱਟ ਵੱਲੋਂ ਖਾਸ ਕਰਕੇ ਉਕਤ ਕੇਸ ਨਾਲ ਸੰਬੰਧਿਤ ਪੁਲੀਸ ਅਧਿਕਾਰੀਆਂ ਦੇ ਰੋਲ ਅਤੇ ਉਹਨਾਂ ਵੱਲੋਂ ਡਿਊਟੀ ਦੌਰਾਨ ਵਰਤੀਆਂ ਗਈਆਂ ਕੁਤਾਹੀਆਂ ਨੂੰ ਬਰੀਕੀ ਨਾਲ ਤਹਿਕੀਕਾਤ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਸਿੱਟੇ ਉੱਤੇ ਪਹੁੰਚਿਆ ਜਾ ਸਕੇ ਅਤੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸੰਬੰਧਿਤ ਐੱਸ ਐੱਚ ਓ ਅਵਤਾਰ ਸਿੰਘ ਨੂੰ ਥਾਣਾ ਮੱਤੇਵਾਲ ਤੋਂ ਬਦਲ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਕਿਸੇ ਸਿਆਸੀ ਦਬਾਅ ਬਿਨਾ ਇਨਸਾਫ਼ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਪੀੜਤ ਦਲਿਤ ਸ: ਕਸ਼ਮੀਰ ਸਿੰਘ ਨੇ ਦੱਸਿਆ ਕਿ ਸਿੱਟ ਨੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਹੱਡਬੀਤੀ ਤੇ ਉਹਨਾਂ ‘ਤੇ ਹੋਏ ਜ਼ੁਲਮ ਨੂੰ ਬੜੀ ਦਿਲਚਸਪੀ ਨਾਲ ਸੁਣਿਆ ਅਤੇ ਘਟਨਾ ਦੇ ਹਰ ਪਹਿਲੂ ਅਤੇ ਨੁਕਤੇ ਪ੍ਰਤੀ ਗੌਰ ਕਰਦਿਆਂ ਡੂੰਘੀ ਪੁੱਛ ਪੜਤਾਲ ਕੀਤੀ। ਪੀੜਤ ਦਲਿਤ ਕਸ਼ਮੀਰ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਉਹਨਾਂ ‘ਤੇ ਕਾਂਗਰਸੀ ਆਗੂ ਲਾਲੀ ਮਜੀਠਾ ਦੇ ਨਜਦੀਕੀ ਅਤੇ ਚੇਅਰਮੈਨ ਜਗਦੇਵ ਸਿੰਘ ਬੱਗਾ ਦੇ ਰਿਸ਼ਤੇਦਾਰ ਜਸਬੀਰ ਸਿੰਘ ਰਿੰਕੂ ਅਤੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਮਾਰਨ ਕੁੱਟਣ ਤੋਂ ਇਲਾਵਾ ਉਹਨਾਂ ਨੂੰ ਅਰਧ ਨਗਨ ਕਰਦਿਆਂ ਉਹਨਾਂ ਦੀਆਂ ਬਾਂਹਾਂ ਪਿਛਾਂਹ ਬੰਨ੍ਹ ਕੇ ਅਤੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਦਿਆਂ ਦੀ ਮੂਵੀ (ਵੀਡੀਉ) ਬਣਾਈ ਅਤੇ ਤਸਵੀਰ ਲਈਆਂ, ਜਿਨ੍ਹਾਂ ਨੂੰ ਉਹਨਾਂ ਨੇ ਮੈਨੂੰ ਵੱਧ ਤੋਂ ਵੱਧ ਜ਼ਲੀਲ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਫੇਸਬੁਕ ਅਤੇ ਵਟਸਅਪ ‘ਤੇ ਅਪ ਲੋਡ ਕਰ ਕੇ ਵਾਇਰਲ ਕਰ ਦਿੱਤਿਆਂ ਸਨ। ਉਹਨਾਂ ਅੱਗੇ ਦੱਸਿਆ ਕਿ ਕਾਂਗਰਸੀ ਗੁੰਡਿਆਂ ਨੇ ਉਸ ਦੀ ਪਤਨੀ ਸਵਿੰਦਰ ਕੌਰ ਅਤੇ ਧੀ ਦਲਜੀਤ ਕੌਰ ਨਾਲ ਵੀ ਬਦਸਲੂਕੀਆਂ ਕਰਦਿਆਂ ਉਹਨਾਂ ਦੇ ਕੱਪੜੇ ਪਾੜ ਸੋਟੇ । ਉਹਨਾਂ ਦੇ ਪੁੱਤਰ ਜਗਰੂਪ ਸਿੰਘ ਨੂੰ ਸੱਟਾਂ ਲਾਈਆਂ ਗਈਆਂ। ਘਰ ਵਿੱਚ ਜ਼ਬਰਦਸਤੀ ਵੜ ਕੇ ਸਮਾਨ ਦੀ ਭੰਨ ਤੋੜ ਕੀਤੀ।
ਉਹਨਾਂ ਦੱਸਿਆ ਕਿ ਪੁਲੀਸ ਇਨਸਾਫ਼ ਦੇਣ ਦੀ ਥਾਂ ਉਲਟਾ ਉਹਨਾਂ ਨੂੰ ਹੀ ਨਾ ਕੇਵਲ ਧਮਕਾਉਂਦੇ ਰਹੇ ਸਗੋਂ ਉਹਨਾਂ ਖ਼ਿਲਾਫ਼ ਝੂਠਾ 326 ਦਾ ਪਰਜਾ ਵੀ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ 181 ਨੰਬਰ ‘ਤੇ ਫੋਨ ਕਰਕੇ ਕੀਤੀ ਗਈ ਸ਼ਿਕਾਇਤ ਕਰਨ ਦਾ ਵੀ ਉਲਟਾ ਅਸਰ ਹੋਇਆ , ਲਾਲੀ ਮਜੀਠਾ ਦਾ ਗੰਨਮੈਨ ਰਹੇ ਥਾਣਾ ਮੱਤੇਵਾਲ ਦੇ ਐੱਸ ਐੱਚ ਓ ਅਵਤਾਰ ਸਿੰਘ ਅਤੇ ਏ ਐੱਸ ਆਈ ਨਰੇਸ਼ ਕੁਮਾਰ ਨੇ ਤਿੰਨ ਦਿਨ ਤਕ ਉਹਨਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਨਜਾਇਜ਼ ਹਿਰਾਸਤ ਵਿੱਚ ਰੱਖਦਿਆਂ ਜਿਸਮਾਨੀ ਅਤੇ ਦਿਮਾਗੀ ਤੌਰ ‘ਤੇ ਤਸ਼ੱਦਦ ਕੀਤਾ। ਜਿਸ ਨੂੰ ਕਿ ਸਿਹਤ ਖਰਾਬ ਹੋ ਜਾਣ ‘ਤੇ ਹੀ ਛੱਡਿਆ ਗਿਆ। ਉਹਨਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨਸਾਫ਼ ਦਿਵਾਏ ਜਾਣ ਦੀ ਮੰਗ ਕੀਤੀ।
ਇਸ ਮੌਕੇ ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ , ਪ੍ਰੋ: ਸਰਚਾਂਦ ਸਿੰਘ, ਕੈਪਟਨ ਰੰਧਵਾ, ਸਾਬਕਾ ਸਰਪੰਚ ਮਖਤੂਲ ਸਿੰਘ, ਬਾਬਾ ਰਾਮ ਸਿੰਘ ਅਬਦਾਲ ਤੋਂ ਇਲਾਵਾ ਪੰਚ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *