ਪੰਜਾਬਪਟਿਆਲਾ

ਪੰਜਾਬ ਸਰਕਾਰ ਰਾਜਸਥਾਨ ਅਤੇ ਯੂਰਪ ਦੀ ਤਰਜ਼ ‘ਤੇ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕਰੇਗੀ-ਸਿੱਧੂ

ਚੰਡੀਗੜ੍ਹ ਨੇੜੇ ਫਿਲਮ ਸਿਟੀ ਬਣਾਇਆ ਜਾਵੇਗਾ
ਪਿਛਲੇ 10 ਸਾਲਾਂ ਵਿੱਚ ਜਿੰਨੇ ਕੰਮ ਹੋਏ ਉਸ ਦਾ ਪੰਜਾਬ ਸਰਕਾਰ ਕਰਵਾਏਗੀ ਆਡਿਟ
ਯੂਨੈਸਕੋ ਦੀ ਟੀਮ ਵੱਲੋਂ ਕਿਲ੍ਹਾ ਮੁਬਾਰਕ ਤੇ ਸ਼ੀਸ਼ ਮਹਿਲ ਦਾ ਦੌਰਾ
ਪਟਿਆਲਾ, ਕਪੂਰਥਲਾ, ਨਾਭਾ ਅਤੇ ਸੰਗਰੂਰ ਦੇ ਜੀਂਦ ਪੈਲੇਸ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਮਹਾਰਾਜਾ ਸਰਕਟ ਬਣੇਗਾ
ਪਟਿਆਲਾ, 30 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਸਰਕਾਰ ਰਾਜਸਥਾਨ ਅਤੇ ਯੂਰਪ ਦੀ ਤਰਜ਼ ‘ਤੇ ਰਾਜ ਦੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਇਹਨਾਂ ਨੂੰ ਸੈਰ ਸਪਾਟੇ ਦੇ ਸਥਾਨਾਂ ਵਜੋਂ ਵਿਕਸਤ ਕਰਕੇ ਵਿੱਤੀ ਤੌਰ ‘ਤੇ ਆਤਮ ਨਿਰਭਰ ਬਣਾਵੇਗੀ।

ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯੂਨੈਸਕੋ ਦੀ ਟੀਮ ਨਾਲ ਪਟਿਆਲਾ ਦੇ ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ: ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਛੇਤੀ ਹੀ ਪੰਜਾਬ ਦੀ ਨਵੀਂ ਸਭਿਆਚਾਰਕ ਤੇ ਸੈਰ ਸਪਾਟਾ ਨੀਤੀ ਘੋਸ਼ਿਤ ਕੀਤੀ ਜਾ ਰਹੀ ਹੈ ਜਿਸ ਤਹਿਤ ਪਟਿਆਲਾ, ਕਪੂਰਥਲਾ, ਨਾਭਾ ਅਤੇ ਸੰਗਰੂਰ ਦੇ ਜੀਂਦ ਪੈਲੇਸ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਮਹਾਰਾਜਾ ਸਰਕਟ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਨੂੰ ਵੀ ਵਿਸ਼ਵ ਵਿਰਾਸਤੀ ਧਰੋਹਰ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਦੀਆਂ ਅਨਮੋਲ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਦੀ ਬਜਾਏ ਮੁਰੰਮਤ ਦੇ ਨਾਂ ‘ਤੇ ਸਿਰਫ ਪੈਸੇ ਦੀ ਬਰਬਾਦੀ ਹੀ ਕੀਤੀ ਹੈ ਜਦ ਕਿ ਹੁਣ ਅਸੀਂ ਪੰਜਾਬ ‘ਚ ਇਹਨਾਂ ਇਮਾਰਤਾਂ ਦੀ ਮੁਰੰਮਤ ਤੇ ਸਾਂਭ ਸੰਭਾਲ ਲਈ ਯੂਨੈਸਕੋ ਅਤੇ ਦੇਸ਼ ਤੇ ਵਿਸ਼ਵ ਦੀਆਂ ਕਈ ਨਾਮੀ ਸੈਰ ਸਪਾਟਾ ਕੰਪਨੀਆਂ ਨਾਲ ਰਾਬਤਾ ਕਰ ਰਹੇ ਹਾਂ ਤਾਂ ਕਿ ਸਾਡੇ ਸੂਬੇ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਇਹਨਾਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਇਹਨਾਂ ਨੂੰ ਸੈਰ ਸਪਾਟੇ ਦੇ ਕੇਂਦਰਾਂ ਵਜੋਂ ਵਿਕਸਤ ਕਰਕੇ ਵਿੱਤੀ ਤੌਰ ‘ਤੇ ਵੀ ਆਤਮ ਨਿਰਭਰ ਬਣਾਇਆ ਜਾ ਸਕੇ। ਸ: ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸਭਿਆਚਾਰ ਅਤੇ ਸੈਰ ਸਪਾਟੇ ਨੂੰ ਸਕੂਲੀ ਵਿਸ਼ੇ ਵਜੋਂ ਵੀ ਪੜ੍ਹਾਵੇਗੀ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਤਿੰਨ ਵੱਡੇ ਹੋਟਲ ਕਰੋੜਾਂ ਅਰਬਾਂ ਰੁਪਿਆ ਕਮਾ ਰਹੇ ਹਨ ਜਦ ਕਿ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਮਿੱਟੀ ‘ਚ ਮਿਲਾ ਕੇ ਰੱਖ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਰੋਪੜ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਬਣੇ ਪੁਰਾਤਨ ਸੈਰ ਸਪਾਟਾ ਸਥਾਨ ਦੀਆਂ ਇੱਟਾਂ ਤੱਕ ਵੇਚ ਦਿੱਤੀਆਂ ਹਨ। ਸ: ਸਿੱਧੂ ਨੇ ਕਿਹਾ ਕਿ ਲੁਧਿਆਣਾ ਦੇ ਵਿਕਾਸ ਲਈ ਆਏ ਤਿੰਨ ਸੌ ਕਰੋੜ ਨੂੰ ਪਿਛਲੀ ਸਰਕਾਰ ਵੱਲੋਂ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪੈਸੇ ਨੂੰ ਪੀ.ਆਈ.ਡੀ. ਵੀ. ਵਿੱਚ ਤਬਦੀਲ ਕਰਕੇ ਅੰਨ੍ਹੀ ਲੁੱਟ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦੀ ਜੋ ਅੰਨ੍ਹੀ ਲੁੱਟ ਹੋਈ ਹੈ ਉਸ ਨੂੰ ਬੇਪਰਦ ਕਰਨ ਲਈ ਕੈਪਟਨ ਸਰਕਾਰ ਉਸ ਦਾ ਆਡਿਟ ਕਰਵਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਨੌਜਵਾਨ ਵਰਗ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਸ: ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦੇ ਨੇੜੇ ਇੱਕ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਉੱਥੇ ਡਿਜ਼ਨੀ ਪਾਰਕ ਦੀ ਤਰਜ ‘ਤੇ ਥੀਮ ਪਾਰਕ ਵੀ ਬਣਾਏ ਜਾਣਗੇ। ਇਸ ਮੌਕੇ ਸ਼੍ਰੀ ਸਿੱਧੂ ਨੇ ਯੂਨੈਸਕੋ ਟੀਮ ਦੀ ਮੈਂਬਰ ਮਿਸ ਮੋਇਸੀਬਾ, ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਜਸਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਸ਼੍ਰੀ ਨਵਜੋਤ ਸਿੰਘ ਰੰਧਾਵਾ ਅਤੇ ਹੋਰ ਕਈ ਅਧਿਕਾਰੀਆਂ ਨਾਲ ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਬੁਰਜ਼ ਬਾਬਾ ਆਲ੍ਹਾ ਸਿੰਘ ਵਿਖੇ ਮੱਥਾ ਵੀ ਟੇਕਿਆ।

Leave a Reply

Your email address will not be published. Required fields are marked *