ਪੰਜਾਬ

ਪੋਤੇ ਵਾਸਤੇ ਨੌਕਰੀ ਲਈ ਬੇਅੰਤ ਸਿੰਘ ਦੀ ਮੌਤ ਨੂੰ ਇਸਤੇਮਾਲ ਕੀਤਾ: ਅਕਾਲੀ ਦਲ

ਚੰਡੀਗੜ•/30 ਮਈ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਮਰਹੂਮ ਵਿਵਾਦਗ੍ਰਸਤ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਨੂੰ ਪਰਿਵਾਰ ਨੇ ਉਸ ਦੇ ਪੋਤੇ ਵਾਸਤੇ ਨੌਕਰੀ ਲੈਣ ਲਈ ਇਸਤੇਮਾਲ ਕੀਤਾ ਹੈ। ਇਸ ਕਾਰਵਾਈ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਿਖਆ ਹੈ ਅਤੇ ਇਹ ਪੁਰਾਣੇ ਜਖਮਾਂ ਨੂੰ ਵਾਰ ਵਾਰ ਹਰੇ ਕਰਦੀ ਹੈ।

ਪ੍ਰੈਸ ਬਿਆਨ ਜਾਰੀ ਕਰਦਿਅਆਂ ਸਾਬਕਾ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਨਿਯੁਕਤੀ ਨਾ ਸਿਰਫ ਨੈਤਿਕ ਤੌਰ ਤੇ ਗਲਤ ਹੈ, ਸਗੋਂ ਇਕ ਪ੍ਰਸਾਸ਼ਿਨਕ ਕੋਤਾਹੀ ਵੀ ਹੈ। ਸਰਕਾਰ ਨੇ ਉਸ ਮੁੱਖ ਮੰਤਰੀ ਦੇ ਪੋਤੇ ਨੂੰ ਇਨਾਮ ਲਈ ਚੁਣਿਆ ਹੈ, ਜਿਸ ਦੇ ਕਾਰਜਕਾਲ ਦੌਰਾਨ ਸੈਂਕੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ। ਕਿੰਨੀਆਂ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਹੋਈਆਂ ਅਤੇ ਪੂਰਾ ਸੂਬਾ ਅੱਤਿਆਚਾਰਾਂ ਨੇ ਦਹਿਲਾ ਦਿੱਤਾ ਸੀ। ਮੁੱਖ ਮੰਤਰੀ ਨੇ ਹਾਲ ਹੀ ਵਿਚ ਖੁਦ ਇਹ ਗੱਲ ਸਵੀਕਾਰੀ ਹੈ ਕਿ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਜਿਹੜੇ 21 ਸਿੱਖ ਨੌਜਵਾਨਾਂ ਨੇ ਆਤਮ ਸਮਰਪਣ ਕੀਤਾ ਸੀ , ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਥਾਂ ਮੁਆਵਜ਼ੇ ਵਜੋਂ ਨੌਕਰੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਸਰਕਾਰ ਉਸ ਆਗੂ ਦੇ ਪੋਤੇ ਨੂੰ ਇਨਾਮ ਦੇ ਰਹੀ ਹੈ, ਜਿਸ ਦੇ ਕਾਰਜਕਾਲ ਦੌਰਾਨ ਲੋਕਾਂ ਉੱਤੇ ਸਭ ਤੋਂ ਵੱਧ ਜ਼ੁਲਮ ਢਾਹੇ ਗਏ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਸੂਬੇ ਅੰਦਰ ਖਾੜਕੂਵਾਦ ਦੌਰਾਨ ਹਜ਼ਾਰਾਂ ਹੀ ਜ਼ਿੰਦੜੀਆਂ ਅਜਾਂਈ ਚਲੀਆਂ ਗਈਆਂ। ਕੀ ਪੁਲਿਸ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਪੀੜਤਾਂ ਦੇ ਪਰਿਵਾਰਾਂ ਨੂੰ ਡੀਐਸਪੀ ਦੇ ਅਹੁਦੇ ਦਿੱਤੇ ਗਏ? ਇੱਥੋਂ ਤਕ ਕਿ ਕੀ ਪੰਜਾਬ ਸਕੱਤਰੇਤ ਵਿਖੇ ਬੇਅੰਤ ਸਿੰਘ ਨਾਲ ਬੰਬ ਧਮਾਕੇ ਵਿਚ ਮਾਰੇ ਗਏ ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਡੀਐਸਪੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ? ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਬੇਅੰਤ ਸਿੰਘ ਦੇ ਪਰਿਵਾਰ ਉਤੇ ਇਹ ਖਾਸ ਮਿਹਰਬਾਨੀ ਕਿਉਂ ਕੀਤੀ ਗਈ ਹੈ।
ਸਰਦਾਰ ਵਲਟੋਹਾ ਨੇ ਇਹ ਵੀ ਖੁਲਾਸਾ ਕੀਤਾ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣਾ ਪ੍ਰਸਾਸ਼ਨਿਕ ਤੌਰ ‘ਤੇ ਵੀ ਗਲਤ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਹ ਸਪੱਸ਼ਟ ਕੀਤਾ ਜਾ ਚੁੱਕਿਆ ਹੈ ਕਿ ਤਰਸ ਦੇ ਆਧਾਰ ਤੇ ਨੌਕਰੀਆਂ ਸਿਰਫ ਉਹਨਾਂ ਪਰਿਵਾਰਾਂ ਨੂੰ ਦਿੱਤੀਆਂ ਜਾਣੀਆਂ ਜਾਣ, ਜਿਹਨਾਂ ਦਾ ਕਮਾਉਣ ਵਾਲਾ ਮਰ ਚੁੱਕਿਆ ਹੋਵੇ ਅਤੇ ਪਰਿਵਾਰ ਦਾ ਗੁਜ਼ਾਰਾ ਅਸੰਭਵ ਹੋਵੇ। ਉਹਨਾਂ ਕਿਹਾ ਕਿ ਇਹ ਗੱਲ ਬੇਅੰਤ ਦੇ ਪਰਿਵਾਰ ਉਤੇ ਲਾਗੂ ਨਹੀਂ ਹੁੰਦੀ। ਸਾਬਕਾ ਮੁੱਖ ਮੰਤਰੀ ਦਾ ਪੁੱਤਰ ਅਤੇ ਧੀ ਮੰਤਰੀ ਰਹਿ ਚੁੱਕੇ ਹਨ। ਬੇਅੰਤ ਦੀ ਪਤਨੀ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਪਰਿਵਾਰ ਲਗਾਤਾਰ ਸਰਕਾਰੀ ਖਰਚੇ ਉੱਤੇ ਇੱਕ ਵੱਡੇ ਘਰ ਵਿਚ ਰਹਿੰਦਾ ਹੈ। ਬੇਅੰਤ ਸਿੰਘ ਦਾ ਪੋਤਾ ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ ਹੈ ਅਤੇ ਦੂਜਾ ਗੁਰਕੀਰਤ ਵਿਧਾਇਕ ਹੈ। ਜੇਕਰ ਇੰਨੇ ਸਾਰੇ ਅਹੁਦੇ ਲੈਣ ਮਗਰੋਂ ਵੀ ਇਹ ਪਰਿਵਾਰ ਮਹਿਸੂਸ ਕਰਦਾ ਹੈ ਕਿ ਇਸ ਨੂੰ ਬੇਅੰਤ ਸਿੰਘ ਦੀ ਮੌਤ ਦਾ ਮੁਆਵਜ਼ਾ ਨਹੀਂ ਮਿਲਿਆ ਤਾਂ ਇਹ ਸਾਬਕਾ ਮੁੱਖ ਮੰਤਰੀ ਦੀ ਮੌਤ ਦਾ ਸ਼ਰੇਆਮ ਇਸਤੇਮਾਲ ਕਰ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਨਿਯੁਕਤੀ ਉੱਤੇ ਸੂਬੇ ਦੇ ਵਿਭਾਗਾਂ ਵੱਲੋਂ ਵੀ ਇਤਰਾਜ਼ ਉਠਾਇਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਵਿੱਤ ਵਿਭਾਗ ਨੇ ਕਿਹਾ ਹੈ ਕਿ ਇਸ ਨਿਯੁਕਤੀ ਨੂੰ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਪਰ ਇਹਨਾਂ ਸਾਰੇ ਇਤਰਾਜ਼ਾਂ ਖਾਰਿਜ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਗੁਰਇਕਬਾਲ ਇਸ ਅਹੁਦੇ ਲਈ ਲੋੜੀਂਦੀ ਉਮਰ ਦੀ ਸੀਮਾ ਵੀ ਪਾਰ ਕਰ ਚੁੱਕਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਸਾਰੇ ਤੱਥ ਸਾਬਿਤ ਕਰਦੇ ਹਨ ਕਿ ਕਾਂਗਰਸ ਸਰਕਾਰ ਨੇ ਸਿਰਫ ਮਰਹੂਮ ਆਗੂ ਦੇ ਪਰਿਵਾਰ ਨੂੰ ਖੁਸ਼ ਕਰਨ ਲਈ ਬੇਅੰਤ ਸਿੰਘ ਦੇ ਪੋਤੇ ਨੂੰ ਇਹ ਵੱਡੀ ਨੌਕਰੀ ਦਿੱਤੀ ਹੈ। ਵਲਟੋਹਾ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਸਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਇਹੀ ਤਰੀਕਾ ਹੈ? ਤੁਹਾਡੇ ਵੱਲੋਂ ਕੀਤੇ ਵਾਅਦੇ ਦੀ ਆਸ ਉੱਤੇ ਪੰਜਾਬ ਵਿਚ ਲੱਖਾਂ ਨੌਜਵਾਨ ਰੁਜ਼ਗਾਰ ਮਿਲਣ ਦੀ ਉਡੀਕ ਕਰ ਰਹੇ ਹਨ। ਇਸ ਪਾਸੇ ਕੋਈ ਠੋਸ ਕਦਮ ਚੁੱਕਣ ਦੀ ਥਾਂ ਕਾਂਗਰਸ ਸਰਕਾਰ ਸੱਤਾ ਦੀ ਦੁਰਵਰਤੋਂ ਕਰਨ ਵਿਚ ਵੱਧ ਦਿਲਚਸਪੀ ਵਿਖਾ ਰਹੀ ਹੈ। ਬੇਅੰਤ ਸਿੰਘ ਦੇ ਪੋਤੇ ਦੀ ਨਿਯੁਕਤੀ ਅਤੇ ਰੇਤ ਖੱਡਾਂ ਦਾ ਘਪਲਾ ਇਸ ਦੀ ਤਾਜ਼ਾ ਉਦਾਹਰਣ ਹਨ।

Leave a Reply

Your email address will not be published. Required fields are marked *