ਪੰਜਾਬ

ਰਾਣਾ ਗੁਰਜੀਤ ਦੇ ਬੇਨਾਮੀ ਸੌਦਿਆਂ ਨੂੰ ਕਲੀਨ ਚਿਟ ਦੇਣ ਵਾਲੀ ਧਿਰ ਕਿਉਂ ਬਣਿਆ ਅਮਰਿੰਦਰ: ਅਕਾਲੀ ਦਲ

ਚੰਡੀਗੜ• 31 ਮਈ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬੇਨਾਮੀ ਸੌਦਿਆਂ ਵਿਚ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿਟ ਦੇਣ ਵਾਲੀ ਧਿਰ ਕਿਉਂ ਬਣਿਆ? ਉਸ ਨੇ ਰਾਣਾ ਗੁਰਜੀਤ ਦੇ ਖਾਨਸਾਮੇ ਅਤੇ ਕਰਮਚਾਰੀਆਂ ਦੁਆਰਾ ਹਾਸਿਲ ਕੀਤੀਆਂ ਰੇਤੇ ਅਤੇ ਬਜਰੀ ਦੀਆਂ ਖੱਡਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦਾ ਮੁਖੀ ਮੰਤਰੀ ਦੇ ਖਾਸ ਅਤੇ ਨੇੜਲੇ ਜੱਜ ਨੂੰ ਕਿਉਂ ਲਾਇਆ ਹੈ?

ਪ੍ਰੈਸ ਬਿਆਨ ਜਾਰੀ ਕਰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰਾਣਾ ਗੁਰਜੀਤ ਦੇ ਰਿਟਾਇਰਡ ਜੱਜ ਜੇ ਐਸ ਨਾਰੰਗ ਨਾਲ ਬਹੁਤ ਹੀ ਨੇੜਲੇ ਸੰਬੰਧ ਹਨ। ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ ਕੱਲ• ਰਾਣਾ ਗੁਰਜੀਤ ਕੈਪਟਨ ਅਮਰਿੰਦਰ ਨੂੰ ਆਪਣਾ ਅਸਤੀਫਾ ਦੇਣ ਨਹੀਂ ਸੀ ਗਿਆ,ਸਗੋਂ ਇੱਕ ਦੋਸਤਾਨਾ ਕਮਿਸ਼ਨ ਦੀ ਨਿਯੁਕਤੀ ਵਾਸਤੇ ਸਲਾਹ ਦੇਣ ਗਿਆ ਸੀ, ਜਿਹੜਾ ਕਿ ਉਸ ਨੂੰ ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ ਅਤੇ ਹਾਲ ਹੀ ਵਿਚ ਰੇਤ ਅਤੇ ਬਜਰੀ ਦੀਆਂ ਖੱਡਾਂ ਦੀ ਈ-ਨੀਲਾਮੀ ਦੌਰਾਨ ਕੀਤੇ ਬੇਨਾਮੀ ਸੌਦਿਆਂ ਦੇ ਦੋਸ਼ਾਂ ਤੋਂ ਮੁਕਤ ਕਰ ਦੇਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਰਾਣਾ ਗੁਰਜੀਤ ਕਾਨੂੰਨ ਦੇ ਲੰਬੇ ਹੱਥਾਂ ਤੋਂ ਬਚਣ ਲਈ ਦੂਜੇ ਬੰਦਿਆਂ ਨੂੰ ਮੂਹਰੇ ਖੜ•ੇ ਕਰਕੇ ਖੁਦ ਆਪਣੀ ਕਬਰ ਪੁੱਟ ਰਿਹਾ ਹੈ। ਪਹਿਲਾਂ ਉਸ ਨੇ ਆਪਣੇ ਖਾਨਸਾਮੇ ਅਮਿਤ ਬਹਾਦਰ ਨੂੰ ਖੜ•ਾ ਕੀਤਾ ਸੀ, ਜਿਸ ਨੇ 26 ਕਰੋੜ ਦੀ ਰੇਤੇ ਦੀ ਖੱਡ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਉਹ ਤਿੰਨ ਹੋਰ ਕਰਮਚਾਰੀਆਂ ਨੂੰ ਅੱਗੇ ਕਰ ਚੁੱਕਿਆ ਹੈ, ਜਿਹਨਾਂ ਨੇ ਮਿਲ ਕੇ 50 ਕਰੋੜ ਰੁਪਏ ਦੀਆਂ ਬੋਲੀਆਂ ਲਗਾਈਆਂ ਸਨ। ਹੁਣ ਉਸ ਨੇ ਆਪਣੇ ਇੱਕ ਕਾਰੋਬਾਰੀ ਦੋਸਤ ਕੈਪਟਨ ਜੇ ਐਸ ਰੰਧਾਵਾ ਦੇ ਮੁੰਡੇ ਦਾ ਨਾਂ ਪੇਸ਼ ਕਰਕੇ ਦਾਅਵਾ ਕੀਤਾ ਹੈ ਕਿ ਰੰਧਾਵਾ ਦੀਆਂ ਕੰਪਨੀਆਂ ਨੇ ਇਹਨਾਂ ਨੀਲਾਮੀਆਂ ਵਾਸਤੇ ਪੈਸਾ ਲਾਇਆ ਸੀ ਅਤੇ ਉਸ ਦਾ ਖਾਨਸਾਮਾ ਅਤੇ ਦੂਜੇ ਕਰਮਚਾਰੀ ਇਹਨਾਂ ਕੰਪਨੀਆਂ ਦੇ ਮਹਿਜ ਕੰਮਕਾਜੀ ਹਿੱਸੇਦਾਰ ਹਨ। ਉਹਨਾਂ ਕਿਹਾ ਕਿ ਇਹ ਗੱਲ ਬਿਲਕੁੱਲ ਵੀ ਮੰਨਣਯੋਗ ਨਹੀਂ ਹੈ, ਕਿਉਂਕਿ ਕੈਪਟਨ ਰੰਧਾਵਾ ਰਾਣਾ ਦੇ ਘਰ ਵਿਚ ਰਹਿੰਦਾ ਸੀ। ਉਹਨਾਂ ਕਿਹਾ ਕਿ ਰਾਣਾ ਹੀ ਰੰਧਾਵਾ ਹੈ ਅਤੇ ਰੰਧਾਵਾ ਹੀ ਰਾਣਾ ਹੈ। ਅਜਿਹੀ ਸਥਿਤੀ ਵਿਚ ਕੋਈ ਰਾਣੇ ਦੀਆਂ ਦਲੀਲਾਂ ਉੱਤੇ ਕਿਵੇਂ ਭਰੋਸਾ ਕਰ ਸਕਦਾ ਹੈ? ਇਹ ਬਿਲਕੁੱਲ ਸਾਫ ਬੇਨਾਮੀ ਸੌਦਿਆਂ ਦਾ ਮਾਮਲਾ ਹੈ। ਇਸ ਬਾਰੇ ਇਹ ਜਾਂਚ ਕਰਨ ਦੀ ਲੋੜ ਹੈ ਕਿ ਪੈਸਾ ਕਿੱਥੋਂ ਆਇਆ, ਕਿਸ ਨੇ ਲਾਇਆ? ਇਸ ਤੋਂ ਇਲਾਵਾ ਹਵਾਲਾ ਲੈਣ ਦੇਣ ਬਾਰੇ ਵੀ ਜਾਂਚ ਕੀਤੇ ਜਾਣ ਦੀ ਲੋੜ ਹੈ। ਇਹ ਸਾਰੇ ਕੰਮ ਸਿਰਫ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਆਮਦਨ ਕਰ ਅਧਿਕਾਰੀ ਹੀ ਕੁਸ਼ਲ ਤਰੀਕੇ ਨਾਲ ਕਰ ਸਕਦੇ ਹਨ।
ਸਰਦਦਰ ਢੀਂਡਸਾ ਨੇ ਕਿਹਾ ਕਿ ਤਾਜ਼ਾ ਖੁਲਾਸਿਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਰਾਣਾ ਗੁਰਜੀਤ ਨੇ ਬੇਨਾਮੀ ਸੌਦਿਆਂ ਲਈ ਆਪਣੇ ਨੇਪਾਲੀ ਖਾਨਸਾਮੇ ਦਾ ਇਸਤੇਮਾਲ ਪਹਿਲੀ ਵਾਰ ਨਹੀਂ ਕੀਤਾ। ਆਪਣੇ ਖਾਤੇ ਵਿਚ ਸਿਰਫ 4000 ਰੁਪਏ ਰੱਖਣ ਵਾਲਾ ਖਾਨਸਾਮਾ ਅਮਿਤ ਬਹਾਦਰ ਤਿੰਨ ਕੰਪਨੀਆਂ ਦਾ ਡਾਇਰੈਕਟਰ ਹੈ, ਜਿਹਨਾਂ ਦੇ ਈਮੇਲ ਪਤੇ ਹੂਬਹੂ ਰਾਣਾ ਗੁਰਜੀਤ ਦੀ ਕੰਪਨੀ ਵਾਲੇ ਹਨ। ਇੱਥੋਂ ਤਕ ਇਹਨਾਂ ਕੰਪਨੀਆਂ ਦੇ ਪਤੇ ਵੀ ਸਹੀ ਨਹੀਂ ਹਨ। ਇੱਕ ਕੰਪਨੀ ਨੂੰ ਚੰਡੀਗੜ• ਦੇ ਇੱਕ ਬੱਚਿਆਂ ਦੇ ਸ਼ੋਅ ਰੂਮ ਵਾਲੇ ਪਤੇ ਤੋਂ ਕੰਮ ਕਰਦੀ ਵਿਖਾਇਆ ਗਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਰਾਣਾ ਗੁਰਜੀਤ ਪਹਿਲਾਂ ਵੀ ਬੇਨਾਮੀ ਸੌਦਿਆਂ ਵਾਸਤੇ ਅਮਿਤ ਬਹਾਦਰ ਨੁੰ ਮੋਹਰੇ ਵਜੋਂ ਇਸਤੇਮਾਲ ਕਰਦਾ ਆ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਰਹੱਸ ਸਮਝ ਨਹੀਂ ਆ ਰਿਹਾ ਕਿ ਰਾਣਾ ਗੁਰਜੀਤ ਖਿਲਾਫ ਸਬੂਤਾਂ ਦਾ ਢੇਰ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵਜ਼ਾਰਤ ਵਿਚੋਂ ਕਿਉਂ ਨਹੀਂ ਬਾਹਰ ਕੱਢਿਆ? ਸਰਦਾਰ ਢੀਂਡਸਾ ਨੇ ਕਿਹਾ ਕਿ ਅਮਰਿੰਦਰ ਇਸ ਵਾਸਤੇ ਲੋਕਾਂ ਅੱਗੇ ਜੁਆਬਦੇਹ ਹੈ ਅਤੇ ਉਸ ਦੇ ਰਾਣਾ ਗੁਰਜੀਤ ਨਾਲ ਨੇੜਲੇ ਸੰਬੰਧਾਂ ਦਾ ਅਸਰ ਇਸ ਕੇਸ ਉੱਤੇ ਨਹੀਂ ਪੈਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਜੇ ਵੀ ਰਾਣਾ ਗੁਰਜੀਤ ਖਿਲਾਫ ਕਾਰਵਾਈ ਨਹੀਂ ਕਰਦਾ ਤਾਂ ਇਹੀ ਮੰਨਿਆ ਜਾਵੇਗਾ ਕਿ ਉਹ ਇਸ ਮੰਤਰੀ ਦੇ ਦਬਾਅ ਥੱਲੇ ਹੈ ਅਤੇ ਆਪਣੇ ਵਾਅਦੇ ਮੁਤਾਬਿਕ ਲੋਕਾਂ ਨੂੰ ਇੱਕ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਦੇਣ ਤੋਂ ਲਾਚਾਰ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਰਾਣਾ ਗੁਰਜੀਤ ਖਿਲਾਫ ਢੇਰਾਂ ਸਬੂਤ ਹੋਣ ਦੇ ਬਾਵਜੂਦ ਵੀ ਜੇਕਰ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਹ ਮੁੱਦਾ ਲੋਕਾਂ ਵਿਚ ਲੈ ਕੇ ਜਾਵੇਗਾ ਅਤੇ ਦੋਸ਼ੀ ਮੰਤਰੀ ਨੂੰ ਬਰਖਾਸਤ ਕਰਵਾਉਣ ਲਈ ਇੱਕ ਵੱਡਾ ਅੰਦੋਲਨ ਸ਼ੁਰੂ ਕਰੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵਿੱਢੇਗਾ।

Leave a Reply

Your email address will not be published. Required fields are marked *