ਕਿਸਾਨਾਂ ‘ਤੇ ਗੋਲੀਆਂ ਤੇ ਲਾਠੀਆਂ ਚਲਾਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ : ਬਹਿਰੂ
ਪਟਿਆਲਾ 8 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਕਰਜ਼ੇ ਦੀ ਪੰਡ ਥੱਲੇ ਦੱਬੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਤੇ ਅਵਾਜ ਬੁਲੰਦ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਤੇ ਮੱਧ ਪ੍ਰਦੇਸ਼ ਦੀ ਸਰਕਾਰ ਦੇ ਇਸ਼ਾਰੇ ਤੇ ਉੱਥੋਂ ਦੀ ਪੁਲਿਸ ਨੇ ਅੰਧਾਧੁੰਦ ਗੋਲੀਆਂ ਦੀ ਬੁਝਾੜ ਕਰਕੇ ਅੱਠ ਕਿਸਾਨਾਂ ਦੀ ਜਾਨ ਲੈਣ ਅਤੇ ਦਰਜਨਾਂ ਕਿਸਾਨਾਂ ਨੂੰ ਫੱਟੜ ਕਰਣ ਦਾ ਸਖਤ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਾਜਿਸ਼ ਤਹਿਤ ਉਠ ਰਹੇ ਦੇਸ਼ ਵਿਆਪਕ ਕਿਸਾਨ ਅੰਦੋਲਨ ਨੂੰ ਕੁੱਚਲਣ ਲਈ ਡੰਡੇ ਅਤੇ ਗੋਲੀ ਨਾਲ ਦਬਾਉਣ ਦੀ ਰਣਨੀਤੀ ਤਹਿ ਕੀਤੀ ਹੈ, ਜਿਸ ਦੀ ਸ਼ੁਰੂਆਤ ਬੀ.ਜੇ.ਪੀ. ਦੀ ਮਹਾਰਾਸ਼ਟਰ ਸਰਕਾਰ ਨੇ ਮਈ ਵਿੱਚ ਸ਼ੁਰੂ ਕੀਤੀ ਅਤੇ ਹੁਣ ਜੂਨ ਦੇ ਪਹਿਲੇ ਹਫਤੇ ਬੀ.ਜੇ.ਪੀ. ਦੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਨਾਦਰਸ਼ਾਹੀ ਫੁਰਮਾਨ ਰਾਹੀਂ ਆਪਣੀ ਪੁਲਿਸ ਨੂੰ ਸ਼ਾਤਮਈ ਕਿਸਾਨਾਂ ਨੂੰ ਭੁੰਨ ਛੱਡਿਆ ਜਿਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ।
ਬਹਿਰੂ ਨੇ ਦੱਸਿਆ ਕਿ ਜਿੱਥੇ ਨਰਿੰਦਰ ਮੌਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਅਵਾਜ਼ ਬੰਦ ਕਰਨ ਦੀ ਯੋਜਨਾ ਬਣਾਈ ਹੈ ਉੱਥੇ ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜੱਥੇਬੰਦੀਆਂ ਨੇ ਇੱਕ ਸਰਬ ਸਾਂਝੇ ਬੈਨਰ ਥੱਲੇ 11 ਜੂਨ ਨੂੰ ਹਰਦੁਆਰ ਵਿਖੇ ਹੰਗਾਮੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਦੇਸ਼ ਦੇ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਤਾਂ ਕਿ ਮੱਧ ਪ੍ਰਦੇਸ਼ ਦੇ ਸ਼ਹੀਦ ਹੋਏ ਅੰਦੋਲਨ ਕਾਰੀ ਕਿਸਾਨਾਂ ਦਾ ਬਦਲਾ ਲੈਣ ਲਈ ਇੱਟ ਦਾ ਜਵਾਬ ਬੀ.ਜੇ.ਪੀ. ਨੂੰ ਪੱਥਰ ਨਾਲ ਦਿੱਤਾ ਜਾ ਸਕੇ।

