ਪੰਜਾਬ

ਹਸਪਤਾਲ ਨੂੰ ਔਲਖ ਦੇ ਇਲਾਜ ਦਾ ਬਿੱਲ ਸਿੱਧਾ ਸਰਕਾਰ ਨੂੰ ਭੇਜਣ ਦੇ ਆਦੇਸ਼ : ਬ੍ਰਹਮ ਮਹਿੰਦਰਾ

ਚੰਡੀਗੜ੍ਹ 9 ਜੂਨ (ਮਧੂਸਾਰ ਬਿਊਰੋ) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪ੍ਰਸਿੱਧ ਪੰਜਾਬੀ ਨਾਟਕਾਰ ਸ੍ਰੀ ਅਜਮੇਰ ਔਲਖ ਦੇ ਹਸਪਤਾਲ ਵਿਚ ਆਏ ਖਰਚੇ ਦੇ ਬਿਲਾਂ ਸਬੰਧੀ ਆਈਆਂ ਮੀਡਿਆ ਰਿਪੋਰਟਾਂ ਦਾ ਗੰੰਭੀਰ ਨੋਟਿਸ ਲੈਂਦਿਆਂ, ਪ੍ਰਾਈਵੇਟ ਹਸਪਤਾਲ ਨੂੰ ਇਹ ਬਿੱਲ ਸਿੱਧੇ ਰਾਜ ਸਰਕਾਰ ਨੂੰ ਭੇਜਣ ਦੇ ਹੁੱਕਮ ਦਿੱਤੇ ਹਨ।

ਜਾਰੀ ਇਕ ਬਿਆਨ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਪੰਜਾਬੀ ਨਾਟਕਕਾਰ ਦੇ ਇਲਾਜ ‘ਤੇ ਆਉਣ ਵਾਲਾ ਸਾਰਾ ਖਰਚਾ ਸੂਬਾ ਸਰਕਾਰ ਵਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਅਜਮੇਰ ਸਿੰਘ ਔਲਖ ਇਕ ਪ੍ਰਸਿੱਧ ਸਾਹਿਤਕਾਰ ਅਤੇ ਨਾਟਕਕਾਰ ਹਨ ਜੋ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਹਨ ਅਤੇ ਹੁੱਣ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਔਲਖ ਦੇ ਹਾਲਾਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਸ੍ਰੀ ਔਲਖ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਘੋਸ਼ਣਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਉਹ ਆਪ ਵੀ ਨਿਜੀ ਤੌਰ ‘ਤੇ ਸ੍ਰੀ ਔਲਖ ਦੀ ਸਿਹਤ ਅਤੇ ਹਾਲਾਤ ਜਾਣਨ ਲਈ ਹਸਪਤਾਲ ਵਿਚ ਗਏ ਜਿਸ ਉਪਰੰਤ ਪੰਜਾਬ ਸਰਕਾਰ ਵਲੋਂ ਇਲਾਜ ਉਤੇ ਆਉਣ ਵਾਲੇ ਸਾਰੇ ਖਰਚੇ ਨੂੰ ਅਦਾ ਕਰਨ ਦੀ ਘੋਸ਼ਣਾ ਵੀ ਕੀਤੀ ਗਈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਪੀੜਤ ਸ੍ਰੀ ਔਲਖ ਦੇ ਸਿਹਤ ਅਤੇ ਹਾਲਾਤਾਂ ਪ੍ਰਤੀ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਔਲਖ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਇਕ-ਦੋ ਦਿਨ ਵਿਚ ਛੁੱਟੀ ਵੀ ਮਿਲ ਸਕਦੀ ਹੈ।
ਸ੍ਰੀ ਮੁਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਨੂੰ ਇਲਾਜ ਦੇ ਆਏ ਖਰਚੇ ਸਬੰਧੀ ਜਾਣਕਾਰੀ ਧਿਆਨ ਵਿਚ ਲਿਆ ਦਿੱਤੀ ਗਈ ਸੀ ਅਤੇ ਮੁੱਖ ਮੰਤਰੀ ਪੰਜਾਬ ਦੀ ਦਖਲਅੰਦਾਜੀ ਤੋਂ ਬਾਅਦ ਹਸਪਤਾਲ ਵਲੋਂ ਇਲਾਜ ਦਾ ਬਿੱਲ ਮਾਫ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੰਗਮੰਚ ਦੀ ਉੱਘੀ ਹਸਤੀ ਅਜਮੇਰ ਔਲਖ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਔਕੜਾਂ ਭਰੇ ਹਾਲਾਤ ਨੂੰ ਨਾਟਕਾਂ ਰਾਹੀਂ ਉਭਾਰਦਿਆਂ ਸਮਰਪਿਤ ਕਰ ਦਿੱਤਾ।

Leave a Reply

Your email address will not be published. Required fields are marked *