ਕਾਂਗਰਸ ਖਿਲਾਫ 12 ਜੂਨ ਨੂੰ ਦਿੱਤੇ ਜਾ ਰਹੇ ਜਿਲ੍ਹਾ ਪੱਧਰੀ ਧਰਨੇ ‘ਚ ਅਮਲੋਹ ਤੋਂ ਅਕਾਲੀ-ਭਾਜਪਾ ਵਰਕਰ ਵੱਡੀ ਸ਼ਮੂਲੀਅਤ ਕਰਨਗੇ : ਰਾਜੂ ਖੰਨਾ
ਅਮਲੋਹ, 10 ਜੂਨ (ਮਧੂਸਾਰ ਬਿਊਰੋ) ਪੰਜਾਬ ਦੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ, ਪੰਜਾਬ ਦੇ ਕੁਦਰਤੀ ਸਾਧਨਾਂ ਦੀ ਅੰਨੀ ਲੁੱਟ, ਵਧ ਰਹੀ ਗੁੰਡਾਗਰਦੀ ਤੇ ਰਿਸ਼ਵਤਖੋਰੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ ਤੇ ਵਿੱਢੇ ਸੰਘਰਸ਼ ਤਹਿਤ 12 ਜੂਨ ਦਿਨ ਸੋਮਵਾਰ ਨੂੰ ਦਿੱਤੇ ਜਾਣ ਵਾਲੇ ਜਿਲ੍ਹਾ ਪੱਧਰੀ ਧਰਨਿਆਂ ਤੇ ਰੋਸ਼ ਮੁਜ਼ਾਹਰਿਆਂ ਵਿਚ ਅਕਾਲੀ ਭਾਜਪਾ ਵਰਕਰਾਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਤਹਿਤ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਅਮਲੋਹ ਵਿਖੇ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਪ੍ਰਧਾਨਗੀ ਵਿਚ ਹੋਈ।
ਹਲਕੇ ਦੀ ਸੀਨੀਅਰ ਅਕਾਲੀ ਭਾਜਪਾ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ 12 ਜੂਨ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਲਗਾਏ ਜਾ ਰਹੇ ਧਰਨੇ ਵਿਚ ਵੱਡੀ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਇਹ ਧਰਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਿੱਤੇ ਜਾ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਨੂੰ ਇਨ੍ਹਾਂ ਧਰਨਿਆਂ ਰਾਹੀਂ ਜਗਾਇਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਵਿਖੇ 12 ਜੂਨ ਨੂੰ ਲਗਾਏ ਜਾ ਰਹੇ ਧਰਨੇ ਵਿਚ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਅਕਾਲੀ ਭਾਜਪਾ ਵਰਕਰ ਸ਼ਮੂਲੀਅਤ ਕਰਨਗੇ। ਉਨ੍ਹਾਂ ਹਲਕਾ ਅਮਲੋਹ ਦੇ ਸਮੁੱਚੇ ਅਕਾਲੀ ਭਾਜਪਾ ਵਰਕਰਾਂ ਅਤੇ ਆਹੁਦੇਦਾਰਾਂ ਨੂੰ ਸਵੇਰੇ 8:30 ਵਜੇ ਪਾਰਟੀ ਦੇ ਮੁੱਖ ਦਫਤਰ ਅਮਲੋਹ ਵਿਖੇ ਵੱਡੀ ਗਿਣਤੀ ਵਿਚ ਪੁੱਜਣ ਤਾਂ ਜੋ ਇੱਕ ਵੱਡੇ ਕਾਫਲੇ ਦੇ ਰੂਪ ਵਿਚ ਫਤਹਿਗੜ ਸਾਹਿਬ ਧਰਨੇ ਵਿਚ ਸਹੀ ਸਮੇਂ ਤੇ ਸ਼ਮੂਲੀਅਤ ਕੀਤੀ ਜਾ ਸਕੇ।

