ਪੰਜਾਬ

ਮੁੱਖ ਮੰਤਰੀ ਨੇ ਕੇਪੀਐਸ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ: ਅਕਾਲੀ ਦਲ

ਸੁਖਬੀਰ ਬਾਦਲ ਨੇ ਕਿਹਾ ਕਿ ਗਿੱਲ ਦੇ ਹੱਥ ਨਿਰਦੋਸ਼ਾਂ ਦੇ ਖੂਨ ਵਿਚ ਰੰਗੇ ਸਨ
ਕਿਹਾ ਕਿ ਫੂਲਕਾ ਨੂੰ ਇਸ ਮੁੱਦੇ ਉੱਤੇ ਧਾਰੀ ਚੁੱਪ ਲਈ ਸਿੱਖ ਸੰਗਤਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ
ਚੰਡੀਗੜ•/ 14 ਜੂਨ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੂੰ ਇਸ ਗੱਲ ਲਈ ਝਾੜ ਪਾਈ ਹੈ ਕਿ ਉਹਨਾਂ ਨੇ ਅਜਿਹੇ ਵਿਵਾਦਗ੍ਰਸਤ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀ ਦੇ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਜਿਸ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਹੋਈਆਂ ਸਨ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਪੀਕਰ ਦੋਵਾਂ ਨੇ ਹੀ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਦੀ ਰੱਤੀ ਪਰਵਾਹ ਨਾ ਕਰਦਿਆਂ ਅੱਜ ਵਿਧਾਨ ਸਭਾ ਵਿਚ ਦਿੱਤੀਆਂ ਜਾਣ ਵਾਲੀਆਂ ਸ਼ਰਧਾਂਜਲੀਆਂ ਦੀ ਸੂਚੀ ਵਿਚੋਂ ਸਾਬਕਾ ਡੀਜੀਪੀ ਦਾ ਨਾਂ ਬਾਹਰ ਨਹੀਂ ਕੱਢਿਆ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਬਾਰੇ ਦੋਵਾਂ ਕੋਲ ਲਿਖਤੀ ਮੰਗ ਪੱਤਰ ਭੇਜਿਆ ਗਿਆ ਸੀ। ਇਸ ਲਈ ਜਦੋਂ ਅੱਜ ਸ਼ਰਧਾਂਜਲੀਆਂ ਦਿੱਤੇ ਜਾਣ ਦਾ ਮੁੱਦਾ ਸਾਹਮਣੇ ਆਇਆ ਤਾਂ ਅਕਾਲੀ ਦਲ ਨੂੰ ਰੋਸ ਵਜੋਂ ਵਿਧਾਨ ਸਭਾ ਦਾ ਬਾਈਕਾਟ ਕਰਨਾ ਪਿਆ। ਅਸੀਂ ਅਜਿਹੇ ਸਿੱਖ ਵਿਰੋਧੀ ਅਨਸਰਾਂ ਨੂੰ ਸਨਮਾਨਤ ਕੀਤੇ ਜਾਣ ਵਾਲੀ ਹਰ ਕਾਰਵਾਈ ਦਾ ਵਿਰੋਧ ਕਰਨਾ ਜਾਰੀ ਰੱਖਾਂਗੇ।
ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਿਵਾਦਗ੍ਰਸਤ ਪੁਲਿਸ ਅਧਿਕਾਰੀ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹੋਏ ਸਨ। ਗਿੱਲ ਦੇ ਪੰਜਾਬ ਦੇ ਡੀਜੀਪੀ ਵਜੋਂ ਕਾਰਜਕਾਲ ਦੌਰਾਨ ਵੱਡੀ ਪੱਧਰ ਉੱਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ। ਉਸ ਸਮੇਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਿਲਆਂ ਵਿਚ ਮਾਰਨਾ ਇੱਕ ਆਮ ਗੱਲ ਸੀ। ਉਹਨਾਂ ਸਮਿਆਂ ਵਿਚ ਮਾਰੇ ਗਏ ਬਹੁਤ ਸਾਰੇ ਸਿੱਖ ਨੌਜਵਾਨ ਅਜੇ ਤੀਕ ਲਾਪਤਾ ਹਨ। ਇੱਥੋਂ ਤਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਖੁਦ ਇਹ ਗੱਲ ਮੰਨੀ ਸੀ ਕਿ ਜਿਹਨਾਂ 21 ਸਿੱਖ ਨੌਜਵਾਨਾਂ ਨੇ ਉਸ ਦੇ ਕਹਿਣ ਉੱਤੇ ਆਤਮ ਸਮਰਪਣ ਕੀਤਾ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਇਹ ਸਾਰਾ ਕਤਲੇਆਮ ਗਿੱਲ ਦੇ ਡੀਜੀਪੀ ਕਾਰਜਕਾਲ ਦੌਰਾਨ ਹੋਇਆ ਸੀ। ਸਦਨ ਦੇ ਨੇਤਾ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਅਜਿਹੇ ਵਿਵਾਦਗ੍ਰਸਤ ਵਿਅਕਤੀ ਦਾ ਅੱਜ ਕਿਸੇ ਵੀ ਰੂਪ ਵਿਚ ਸਨਮਾਨ ਨਾ ਕੀਤਾ ਜਾਂਦਾ।
ਛੇੜਖਾਨੀ ਦੇ ਮਾਮਲੇ ਵਿਚ ਗਿੱਲ ਨੁੰ ਹੋਈ ਸਜ਼ਾ, ਜਿਸ ਵਿਚ ਉਸ ਨੂੰ ਇੱਕ ਸੀਨੀਅਰ ਆਈਏਐਸ ਅਧਿਕਾਰੀ ਨਾਲ ਗਲਤ ਹਰਕਤ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਪੀਕਰ ਨੂੰ ਇਹ ਮਾਮਲਾ ਧਿਆਨ ਵਿਚ ਰੱਖਣਾ ਚਾਹੀਦਾ ਸੀ ਅਤੇ ਸਾਬਕਾ ਪੁਲਿਸ ਅਧਿਕਾਰੀ ਦਾ ਨਾਂ ਸ਼ਰਧਾਂਜਲੀਆਂ ਵਾਲੀ ਸੂਚੀ ਤੋਂ ਖੁਦ ਹੀ ਹਟਾ ਦੇਣਾ ਚਾਹੀਦਾ ਸੀ। ਸਦਨ ਅਜਿਹੇ ਦਾਗੀ ਕਿਰਦਾਰ ਵਾਲੇ ਵਿਅਕਤੀ ਨੂੰ ਸ਼ਰਧਾਂਜਲੀ ਭੇਂਟ ਨਹੀਂ ਕਰ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਵੀ ਸਖ਼ਤ ਨੋਟਿਸ ਲਿਆ ਕਿ ਆਪ ਦੇ ਸੂਬਾ ਪ੍ਰਧਾਨ ਐਚਐਸ ਫੂਲਕਾ ਨੇ ਇਸ ਮੁੱਦੇ ਉੱਤੇ ਸਿੱਖਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਫੂਲਕਾ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਵਿਚ ਜਿਹੜਾ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ, ਉਸ ਬਾਰੇ ਉਹਨਾਂ ਦਾ ਕੀ ਸਟੈਂਡ ਹੈ? ਕੀ ਉਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨੂੰ ਗਲਤ ਮੰਨਦੇ ਹਨ ਜਾਂ ਇਹਨਾਂ ਦੇ ਹੱਕ ਵਿਚ ਹਨ?
ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਫੂਲਕਾ ਤੋਂ ਇਹ ਉਮੀਦ ਸੀ ਕਿ ਉਹ ਗਿੱਲ ਨੂੰ ਸ਼ਰਧਾਂਜਲੀ ਦੇਣ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨਗੇ ਜਾਂ ਘੱਟੋ ਘੱਟ ਅਕਾਲੀ ਦਲ ਦਾ ਸਮਰਥਨ ਕਰਨਗੇ। ਪਰ ਉਹਨਾਂ ਕੁੱਝ ਨਹੀਂ ਕੀਤਾ। ਇਸ ਮੁੱਦੇ ਉੱਤੇ ਉਹਨਾਂ ਨੂੰ ਸਿੱਖ ਕੌਮ ਅੱਗੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇ ਅਸੀਂ ਸੁਤੰਤਰਤਾ ਸੰਗਰਾਮੀਆਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਵਿਅਕਤੀ ਨੂੰ ਸ਼ਰਧਾਂਜਲੀ ਦੇਵਾਂਗੇ ਤਾਂ ਇਹ ਅਜ਼ਾਦੀ ਘੁਲਾਟੀਆਂ ਨਾਲ ਬੇਇਨਸਾਫੀ ਹੋਵੇਗੀ। ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਸਿਰਫ ਗਿੱਲ ਨੂੰ ਸ਼ਰਧਾਂਜਲੀ ਦਿੱਤੇ ਜਾਣ ਦੇ ਖਿਲਾਫ ਸੀ। ਬਾਕੀ ਜਿਹਨਾਂ ਸੁਤੰਤਰਤਾ ਸੰਗਰਾਮੀਆਂ ਅਤੇ ਵੱਡੀਆਂ ਹਸਤੀਆਂ ਨੂੰ ਅੱਜ ਸਦਨ ਵਿਚ ਸ਼ਰਧਾਂਜਲੀ ਦਿੱਤੀ ਗਈ, ਉਹਨਾਂ ਦਾ ਅਕਾਲੀ ਦਲ ਦਿਲੋਂ ਸਤਿਕਾਰ ਕਰਦਾ ਹੈ।

Leave a Reply

Your email address will not be published. Required fields are marked *