ਪਟਿਆਲਾ

ਸੀਵਰੇਜ਼ ਨਾ ਪਾਉਣ ਕਾਰਨ ਭੜਕੇ ਕਲੌਨੀ ਵਾਸੀ, ਅਮਲੋਹ ਨਾਭਾ ਰੋਡ ਤੇ ਲਗਾਇਆ ਜਾਮ

ਅਮਲੋਹ, 14 ਜੂਨ (ਮਧੂਸਾਰ ਬਿਊਰੋ) ਅਮਲੋਹ ਸ਼ਹਿਰ ਦੇ ਪੈ ਰਹੇ ਸੀਵਰੇਜ਼ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਨਾਭਾ ਰੋਡ ਅਮਲੋਹ ਵਿਖੇ ਵਸੀ 100 ਘਰਾਂ ਦੀ ਕਲੌਨੀ ਨੂੰ ਛੱਡ ਕੇ ਬੀੜ ਨੂੰ ਜਾਂਦੇ ਦੋ ਘਰਾਂ ਨੂੰ ਸੀਵਰੇਜ਼ ਪਾਉਣ ਦਾ ਕੰਮ ਠੇਕੇਦਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ।

ਇਸ ਕੰਮ ਦੀ ਸ਼ੁਰੂਆਤ ਹੋਣ ਤੇ ਕਲੌਨੀ ਵਾਸੀ ਭੜਕ ਉਠੇ ਜਿਨ੍ਹਾਂ ਵੱਲੋਂ ਅਨਾਜ ਮੰਡੀ ਅੱਗੇ ਮੇਨ ਰੋਡ ਤੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਅਮਲੋਹ ਤੇ ਕਾਂਗਰਸ ਸਰਕਾਰ ਖਿਲਾਫ ਸੜਕ ਤੇ ਜਾਮ ਲਗਾ ਦਿੱਤਾ ਗਿਆ ਅਤੇ ਜਮ ਕੇ ਕਾਂਗਰਸ ਸਰਕਾਰ ਖਿਲਾਫ ਅਤੇ ਨਗਰ ਕੌਂਸਲ ਅਮਲੋਹ ਖਿਲਾਫ ਇਨ੍ਹਾਂ ਕਲੌਨੀ ਵਾਸੀਆਂ ਵੱਲੋਂ ਨਾਅਰੇਬਾਜੀ ਵੀ ਕੀਤੀ ਗਈ। ਜਾਮ ਖੁਲਵਾਉਣ ਲਈ ਮੌਕੇ ਤੇ ਪੁੱਜੇ ਡੀ.ਐਸ.ਪੀ. ਅਮਲੋਹ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਇਹ ਮਸਲਾ ਉਹ ਐਸ.ਡੀ.ਐਮ. ਅਮਲੋਹ ਅੱਗੇ ਰੱਖਣ ਅਤੇ ਧਰਨੇ ਨੂੰ ਤੁਰੰਤ ਚੁੱਕਣ ਨਹੀਂ ਤਾਂ ਬਣਦੀ ਕਾਰਵਾਈ ਧਰਨਾਕਾਰੀਆਂ ਖਿਲਾਫ ਕਰ ਦਿਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੌਨੀ ਵਾਸੀਆਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਆਪਣੀ ਸੀਵਰੇਜ਼ ਦੀ ਫਰਿਆਦ ਲੈ ਕੇ ਐਸ.ਡੀ.ਐਮ. ਦਫਤਰ ਜਾ ਚੁੱਕੇ ਹਨ ਪਰ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਕੰਨਾਂ ਤੱਕ ਸਾਡੀ ਸਮੱਸਿਆ ਨੂੰ ਲੈ ਕੇ ਜੂੰ ਨਹੀਂ ਸਰਕੀ। ਜਦੋਂ ਪੱਤਰਕਾਰਾਂ ਦੀ ਟੀਮ ਐਸ.ਡੀ.ਐਮ. ਦਫਤਰ ਸੀਵਰੇਜ਼ ਕਾਰਨ ਨਾਭਾ ਰੋਡ ਅਮਲੋਹ ਤੇ ਲੱਗੇ ਜਾਮ ਸਬੰਧੀ ਗੱਲਬਾਤ ਕਰਨ ਲਈ ਪੁੱਜੀ ਤਾਂ ਸਥਾਨਕ ਐਸ.ਡੀ.ਐਮ. ਨੇ ਗੱਲਬਾਤ ਕਰਨ ਤੋਂ ਇਨਕਾਰ ਦਿੱਤਾ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਵੱਲੋਂ ਰਹਿੰਦੀ ਕਲੌਨੀ ਵਿਚ ਸੀਵਰੇਜ਼ ਨਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੁਹੱਲਾ ਨਿਵਾਸੀਆਂ ਵੱਲੋਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਇਸ ਜਾਮ ਵਿਚ ਦੋ ਐਂਬੂਲੈਂਸ ਗੱਡੀਆਂ ਵੀ ਲੰਮਾ ਸਮਾਂ ਫਸੀਆਂ ਦਿਖਾਈ ਦਿੱਤੀਆਂ। ਭਾਵੇਂ ਕਿ ਇਹ ਜਾਮ ਡੀ.ਐਸ.ਪੀ. ਅਮਲੋਹ ਵੱਲੋਂ ਧਰਨਾਕਾਰੀਆਂ ਨੂੰ ਐਸ.ਡੀ.ਐਮ. ਪਾਸ ਭੇਜ ਕੇ ਖੁਲਵਾ ਦਿੱਤਾ ਗਿਆ। ਮੁਹੱਲਾ ਨਿਵਾਸੀ ਸਥਾਨਕ ਕੌਂਸਲਰ ਜਗਤਾਰ ਸਿੰਘ ਜੱਗਾ ਦੀ ਅਗਵਾਈ ਵਿਚ ਐਸ.ਡੀ.ਅੈਮ ਅਮਲੋਹ ਨੂੰ ਮਿਲੇ ਤੇ ਜੱਗਾ ਨੇ ਦੱਸਿਆ ਕਿ ਜਿਸ ਜਗਾ ਤੇ ਸੀਵਰੇਜ਼ ਦਾ ਕੰਮ ਚੱਲ ਰਿਹਾ ਹੈ ਉਸਨੂੰ ਤੁਰੰਤ ਰੁਕਵਾ ਦਿੱਤਾ ਜਾਵੇਗਾ ਤੇ ਜਲਦ ਹੀ ਐਸ.ਡੀ.ਐਮ. ਵੱਲੋਂ ਦਿੱਤੇ ਭਰੋਸੇ ਅਨੁਸਾਰ ਇਸ ਕਲੌਨੀ ਵਿਚ ਪਹਿਲ ਦੇ ਆਧਾਰ ਤੇ ਸੀਵਰੇਜ਼ ਪਾ ਦਿੱਤਾ ਜਾਵੇਗਾ। ਇਸ ਧਰਨੇ ਵਿਚ ਪੰਮਾ ਭੋਲੀਆ, ਰਜਿੰਦਰ ਸਿੰਘ, ਬਹਾਦਰ ਸਿੰਘ, ਸਰਬਜੀਤ ਸਿੰਘ, ਬੀਬੀ ਸਿੰਦਰ ਕੌਰ, ਬੀਬੀ ਲਾਭ ਕੌਰ, ਬੀਬੀ ਗੁਰਜੀਤ ਕੌਰ, ਜਸਵੰਤ ਸਿੰਘ, ਬਲਵੰਤ ਸਿੰਘ, ਨਹਿਰੂ, ਟੋਨੀ, ਗੱਗਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *