ਬਾਲ ਮਜਦੂਰੀ ਕਰਦੇ 5 ਬੱਚੇ ਮਿਲੇ ਢਾਬਿਆਂ ਤੇ ਦੁਕਾਨਾਂ ਦੇ ਮਾਲਕਾਂ ਖਿਲਾਫ ਹੋਵੇਗੀ ਕਾਰਵਾਈ
ਪਟਿਆਲਾ, 15 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜਦੁਰੀ ਨੂੰ ਨੱਥ ਪਾਉਣ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੀਤਾਪ੍ਰੀਤ ਕੌਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਸ਼ਾਈਨਾ ਕਪੂਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਕੀਤੀ ਛਾਪਾਮਾਰੀ ਤਹਿਤ ਲਹੌਰੀ ਗੇਟ, ਆਨਾਰਦਾਨਾ ਚੌਂਕ, ਕਿਲਾ ਚੌਂਕ ਅਤੇ ਲੀਲਾ ਭਵਨ ਇਲਾਕੇ ਵਿੱਚ 5 ਬੱਚਿਆਂ ਨੂੰ ਬਾਲ ਮਜਦੂਰੀ ਕਰਦੇ ਪਾਇਆ ਹੈ।
ਉਹਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਇਹ ਬੱਚੇ ਸਿਮਰਨ ਜਿਊਲਰ ਕਿਲਾ ਚੌਂਕ ਪਟਿਆਲਾ, ਆਨੰਦ ਗਾਰਮੈਂਟਸ ਅਦਾਲਤ ਬਜ਼ਾਰ, ਰਾਜਾ ਕਾਕਾ ਜਨਰਲ ਸਟੋਰ ਦਰਜੀਆਂ ਵਾਲੀ ਗਲੀ ਨਜਦੀਕ ਏ.ਸੀ. ਮਾਰਕੀਟ ਪਟਿਆਲਾ, ਨਾਨਕਸਰ ਢਾਬਾ ਨੇੜੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਅਤੇ ਭਾਟੀਆ ਹੋਟਲ ਨਜਦੀਕ ਬੱਸ ਸਟੈਂਡ ਪਟਿਆਲਾ ਤੋਂ ਛੁਡਵਾਏ ਗਏ ਹਨ। ਉਹਨਾਂ ਦੱਸਿਆ ਕਿ ਉਕਤ ਢਾਬਿਆਂ ਅਤੇ ਦੁਕਾਨਾਂ ਦੇ ਮਾਲਕਾਂ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਬਾਲ ਮਜਦੂਰੀ ਨੂੰ ਰੋਕਣ ਦੇ ਸਖਤ ਆਦੇਸ਼ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਇਸ ਮੰਤਵ ਲਈ ਲੇਬਰ ਇੰਸਪੈਕਟਰ ਸ਼੍ਰੀ ਅਰੁਣ ਕੁਮਾਰ, ਪ੍ਰੋਟੈਕਸ਼ਨ ਅਫ਼ਸਰ ਓਮਨਾ, ਕੌਂਸਲਰ ਗੁਰਮੀਤ ਸਿੰਘ, ਸਮਾਜ ਸੇਵਕ ਪੁਨੀਤ ਸਿੰਗਲਾ, ਆਉਟਰੀਚ ਵਰਕਰ ਸ਼ਾਲਿਨੀ, ਡੈਟਾ ਐਨਾਲਸਿਸਟ ਵੀਨਸ ਨੇ ਚਾਰ ਪੁਲਿਸ ਮੁਲਾਜਮਾਂ ਦੀ ਹਾਜਰੀ ਵਿੱਚ ਲਹੌਰੀ ਗੇਟ, ਆਨਾਰਦਾਨਾ ਚੌਂਕ, ਕਿਲਾ ਚੌਂਕ ਅਤੇ ਲੀਲਾ ਭਵਨ ਇਲਾਕੇ ਵਿੱਚ ਛਾਪੇਮਾਰੀ ਕਰਕੇ ਇਹਨਾਂ 5 ਬੱਚਿਆਂ ਨੂੰ ਬਾਲ ਮਜਦੂਰੀ ਕਰਦੇ ਪਾਇਆ ਹੈ। ਉਹਨਾਂ ਦੱਸਿਆ ਕਿ ਇਸ ਦੀ ਰਿਪੋਰਟ ਐਸ.ਡੀ.ਐਮ. ਪਟਿਆਲਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਬੱਚਿਆਂ ਦਾ ਮੈਡੀਕਲ ਕਰਵਾ ਕੇ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਸ. ਦਲਜੀਤ ਸਿੰਘ ਗਿੱਲ, ਮੈਂਬਰ ਪਵਨ ਕੁਮਾਰ ਅਤੇ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ ਅੱਗੇ ਪੇਸ਼ ਕੀਤਾ ਗਿਆ।

