ਪੰਜਾਬ

ਅਮਰਿੰਦਰ ਨੇ ਬਜਟ ਸੈਸ਼ਨ ‘ਚ ਕਰਜ਼ਾ ਮੁਆਫ ਨਾ ਕੀਤਾ ਤਾਂ ਸਦਨ ‘ਚ ਮੁੜ ਅੰਦੋਲਨ ਵਿੱਢਾਂਗੇ: ਅਕਾਲੀ ਦਲ

ਚੰਡੀਗੜ• 16 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਬਜਟ ਸੈਸ਼ਨ ਦੌਰਾਨ ਮੁਕੰਮਲ ਕਰਜ਼ਾ ਮੁਆਫੀ ਵਾਲੇ ਵਾਅਦੇ ਨੂੰ ਪੂਰਾ ਨਾ ਕੀਤਾ ਤਾਂ ਪਾਰਟੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਆਪਣੇ ਉਪਰਾਲੇ ਦੁੱਗਣੇ ਤੇਜ਼ ਕਰ ਦੇਵੇਗੀ। ਇਸ ਦੇ ਨਾਲ ਹੀ ਪਾਰਟੀ ਵਿਧਾਨ ਸਭਾ ਨੂੰ ਪੱਖਪਾਤੀ ਢੰਗ ਨਾਲ ਚਲਾਉਣ ਲਈ ਸਪੀਕਰ ਨੂੰ ਝਾੜ ਪਾਈ।

ਪ੍ਰੈ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਵੇਂਕਿ ਮੁੱਖ ਮੰਤਰੀ ਭਰੋਸਾ ਦਿੱਤਾ ਸੀ ਕਿ ਉਹ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨਗੇ। ਪਰ ਉਹ ਬਹੁਤੇ ਦ੍ਰਿੜ ਨਹੀਂ ਸਨ ਲੱਗ ਰਹੇ। ਅੱਜ ਅਸੰਬਲੀ ਵਿਚ ਇਸ ਮੁੱਦੇ ਉੱਤੇ ਸਪੱਸ਼ਟ ਬਿਆਨ ਦੇਣ ਦੀ ਥਾਂ ਉਹਨਾਂ ਫੰਡਾਂ ਦੀ ਕਮੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਥੋਂ ਤਕ ਕਹਿ ਦਿੱਤਾ ਕਿ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਲਈ ਉੁਹਨਾਂ ਉੱਤੇ ਦਬਾਅ ਨਹੀਂ ਪਾਇਆ ਜਾ ਸਕਦਾ। ਸਾਨੂੰ ਇਹ ਵਤੀਰਾ ਨਾ ਸਿਰਫ ਅਜੀਬ ਲੱਗਿਆ, ਸਗੋਂ ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਕਾਂਗਰਸ ਸਰਕਾਰ ਆਪਣੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀ ਮੁੱਖ ਮੰਤਰੀ ਦੀ ਜ਼ੁਬਾਨ ਉੱਤੇ ਭਰੋਸਾ ਕੀਤਾ ਹੈ। ਅਸੀਂ ਮੁੱਖ ਮੰਤਰੀ ਵੱਲੋਂ ਬਣਾਏ ਮਾਹਿਰਾਂ ਦੇ ਗਰੁੱਪ ਦੀਆਂ ਉਹਨਾਂ ਰਿਪੋਰਟਾਂ ਨੂੰ ਵੀ ਪਾਸੇ ਕਰਦੇ ਹਾਂ, ਜਿਹਨਾਂ ਵਿਚ ਕਿਹਾ ਗਿਆ ਹੈ ਕਿ ਕਰਜ਼ਾ ਮੁਆਫੀ ਸੰਭਵ ਨਹੀਂ ਹੈ ਅਤੇ ਇਸ ਮੁੱਦੇ ਉੱਤੇ ਆਖਰੀ ਰਿਪੋਰਟ ਦੇਣ ਲਈ ਮਾਹਿਰਾਂ ਦੇ ਗਰੁੱਪ ਨੇ ਦੋ ਮਹੀਨੇ ਦਾ ਸਮਾਂ ਹੋਰ ਮੰਗਿਆ ਹੈ। ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਕਰਕੇ ਹੀ ਅਸੀਂ ਕਰਜ਼ਾ ਮੁਆਫੀ ਉੱਤੇ ਬਹਿਸ ਵਾਸਤੇ ਸਪੀਕਰ ਕੋਲ ਕੰਮ ਰੋਕੂ ਮਤਾ ਪ੍ਰਵਾਨ ਕਰਵਾਉਣ ਲਈ ਵਿਧਾਨ ਸਭਾ ਅੰਦਰ ਰੋਸ ਪ੍ਰਦਰਸ਼ਨ ਕਰਨਾ ਵੀ ਬੰਦ ਕਰ ਦਿੱਤਾ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਅਕਾਲੀ ਦਲ ਇਸ ਮੁੱਦੇ ਉੱਤੇ ਦੁਬਾਰਾ ਤੋਂ ਵਿਧਾਨ ਸਭਾ ਅੰਦਰ ਅਤੇ ਸਦਨ ਦੇ ਬਾਹਰ ਅੰਦੋਲਨ ਸ਼ੁਰੂ ਕਰ ਦੇਵੇਗਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਰੇ ਰਾਸ਼ਟਰੀ ਅਤੇ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸੰਸਥਾਵਾਂ ਦੇ ਸੰਸਥਾਤਮਕ ਕਰਜ਼ੇ ਅਤੇ ਆੜ•ਤੀਆਂ ਦੇ ਗੈਰ ਸੰਸਥਾਤਮਕ ਕਰਜ਼ੇ ਮੁਕੰਮਲ ਤੌਰ ਤੇ ਮੁਆਫ ਕਰੇ। ਇਸ ਨਾਲੋਂ ਘੱਟ ਕੁੱਝ ਵੀ ਪ੍ਰਵਾਨ ਨਹੀਂ ਹੋਵੇਗਾ।
ਵਿਧਾਨ ਸਭਾ ਸਪੀਕਰ ਰਾਣਾ ਕੇਪੀ ਦੇ ਵਿਤਕਰੇ ਭਰੇ ਵਤੀਰੇ ਉੱਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਸਪੀਕਰ ਕਾਂਗਰਸ ਪਾਰਟੀ ਦੀ ਕਠਪੁਤਲੀ ਵਾਂਗ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਾਰ ਵਾਰ ਕੀਤੀਆਂ ਬੇਨਤੀਆਂ ਅਤੇ ਲਿਖਤੀ ਅਪੀਲਾਂ ਦੇ ਬਾਵਜੂਦ ਵੀ ਸਪੀਕਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਵਰਗੇ ਭਖਦੇ ਮੁੱਦੇ ਉੱਤੇ ਅਕਾਲੀ ਦਲ ਨੁੰ ਕੰਮ ਰੋਕੂ ਮਤਾ ਪਾਉਣ ਦੀ ਆਗਿਆ ਨਹੀਂ ਦਿੱਤੀ। ਉਹਨਾਂ ਕਿਹਾ ਕਿ ਰਾਣਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਕੱਲ• ਸਦਨ ਵਿਚ ਕੀਤੀ ਗਾਲੀ ਗਲੋਚ ਦੀ ਜਾਂਚ ਲਈ ਵੀ ਹਾਊਸ ਕਮੇਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਰਦਾਰ ਢੀਂਡਸਾ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਸਪੀਕਰ ਨੇ ਅਕਾਲੀ ਦਲ ਨੂੰ ਸਦਨ ਵਿਚ ਬੋਲਣ ਲਈ ਬਣਦਾ ਸਮਾਂ ਵੀ ਨਾ ਦੇ ਕੇ ਕਾਂਗਰਸੀ ਬੈਂਚਾਂ ਪ੍ਰਤੀ ਆਪਣੀ ਪੱਖਪਾਤੀ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਜਾਣ ਬੁੱਝ ਕੇ ਅਕਾਲੀ ਬੁਲਾਰਿਆਂ ਦੀਆਂ ਤਕਰੀਰਾਂ ਵਿਚ ਰੁਕਾਵਟ ਪਾਉਣ ਲਈ ਸਪੀਕਰ ਵਾਰ ਵਾਰ ਸੱਤਾਧਾਰੀ ਬੈਚਾਂ ਨੂੰ ਆਪਣੇ ਨੁਕਤੇ ਉਠਾਉਣ ਦੀ ਆਗਿਆ ਦਿੰਦਾ ਰਿਹਾ। ਉਹਨਾਂ ਕਿਹਾ ਕਿ ਜੇਕਰ ਸਪੀਕਰ ਨੇ ਤੁਰੰਤ ਅਜਿਹਾ ਵਿਤਕਰਾ ਬੰਦ ਨਾ ਕੀਤਾ ਤਾਂ ਅਸੀਂ ਰੋਸ ਵਜੋਂ ਹਾਊਸ ਨੂੰ ਚੱਲਣ ਨਹੀਂ ਦੇਵਾਂਗੇ।

Leave a Reply

Your email address will not be published. Required fields are marked *