ਪੰਜਾਬ

ਕਰਜ਼ਾ ਮੁਆਫੀ ਲਈ ਟੀ-ਹੱਕ ਕਮੇਟੀ ਨੇ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਸੌਂਪੀ: ਅਕਾਲੀ ਦਲ

ਚੰਡੀਗੜ• 16 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਦੋਹਰੀ ਬਿਆਨਬਾਜ਼ੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਲਈ ਕਰਜ਼ਾ ਮੁਆਫੀ ਉੱਤੇ ਬਣੀ ਟੀ ਹੱਕ ਮਾਹਿਰ ਕਮੇਟੀ ਨੇ ਅਜੇ ਤੀਕ ਸੂਬਾ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਸੌਂਪੀ ਹੈ। ਇਸ ਬਾਰੇ ਲੋਕ ਸੰਪਰਕ ਵਿਭਾਗ ਦੁਆਰਾ ਜਾਰੀ ਕੀਤੇ ਆਪਾ-ਵਿਰੋਧੀ ਪ੍ਰੈਸ ਬਿਆਨਾਂ ਨੇ ਕਾਂਗਰਸ ਸਰਕਾਰ ਦੀ ਪੋਲ ਖੋਲ• ਦਿੱਤੀ ਹੈ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਅੱਜ ਦੁਬਾਰਾ ਪੰਜਾਬੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਟੀ ਹੱਕ ਕਮੇਟੀ ਨੇ ਆਪਣੀ ਰਿਪੋਰਟ ਕੱਲ• ਸਰਕਾਰ ਨੂੰ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਪਰ ਸਰਕਾਰ ਨੂੰ ਉਸ ਸਮੇਂ ਆਪਣਾ ਝੂਠਾ ਬਿਆਨ ਵਾਪਸ ਲੈਣਾ ਪਿਆ ਜਦੋਂ ਮੀਡੀਆ ਵਿਚ ਇਸ ਸੰਬੰਧੀ ਬਿਲਕੁੱਲ ਹੀ ਉਲਟ ਖਬਰਾਂ ਛਪ ਗਈਆਂ। ਜਿਸ ਮਗਰੋਂ ਸੂਬਾ ਸਰਕਾਰ ਨੇ ਇੱਕ ਹੋਰ ਪ੍ਰੈਸ ਬਿਆਨ ਰਾਹੀਂ ਇਹ ਦੱਸਿਆ ਕਿ ਹੱਕ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗੀ।
ਡਾਕਟਰ ਚੀਮਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਅਕਾਲੀ ਦਲ ਵੱਲੋਂ ਅੱਜ ਵਿਧਾਨ ਸਭਾ ਵਿਚ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਪਾਏ ਗਏ ਦਬਾਅ ਮਗਰੋਂ ਸਰਕਾਰ ਨੇ ਆਖਿਰ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਪਰ ਸਰਕਾਰ ਅਜੇ ਵੀ ਪੂਰਾ ਸੱਚ ਨਹੀਂ ਦੱਸ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇੱਕ ਅਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਚਲਾਕੀਆਂ ਕਰ ਰਹੀ ਹੈ, ਜਿਸ ਨਾਲ ਨਾ ਸਿਰਫ ਲੱਖਾਂ ਕਿਸਾਨਾਂ ਦੀ ਜ਼ਿੰਦਗੀ ਜੁੜੀ ਹੈ, ਸਗੋਂ ਸੂਬੇ ਦੀ ਅਰਥ ਵਿਵਸਥਾ ਵੀ ਟਿਕੀ ਹੋਈ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਹੱਕ ਕਮੇਟੀ ਨੇ ਇਹ ਗੱਲ ਰਸਮੀ ਤੌਰ ਤੇ ਸਰਕਾਰ ਨੂੰ ਸਪੱਸ਼ਟ ਕਰ ਦਿੱਤੀ ਹੈ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਸੰਬੰਧੀ ਆਪਣੀ ਰਿਪੋਰਟ ਦੇਣ ਲਈ ਇਸ ਨੂੰ ਘੱਟੋ ਘੱਟ ਦੋ ਮਹੀਨੇ ਹੋਰ ਚਾਹੀਦੇ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਇਹਨਾਂ ਨਵੇਂ ਖੁਲਾਸਿਆਂ ਮਗਰੋਂ ਸਰਕਾਰ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਸਪੱਸ਼ਟ ਕਰੇ ਕਿ ਉਹ ਕਿਉਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਫ ਸ਼ਬਦਾਂ ਵਿਚ ਦੱਸੇ ਕਿ ਉਹ ਇਸ ਲਈ ਲੋੜੀਂਦੇ ਪੈਸਿਆਂ ਦੇ ਮਾਮਲੇ ਨੂੰ ਪਾਸੇ ਰੱਖ ਕੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਚੱਲ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਜਾ ਰਹੀ ਹੈ ਜਾਂ ਨਹੀਂ? ਉਹਨਾਂ ਕਿਹਾ ਕਿ ਕਿਰਪਾ ਕਰਕੇ ਝੂਠੀ ਬਿਆਨਨਾਜ਼ੀ ਨਾ ਕਰੋ। ਕਿਰਪਾ ਕਰਕੇ ਸਾਫ ਜੁਆਬ ਦਿਓ ਨਹੀਂ ਤਾਂ ਕਿਸਾਨ ਸਮਝ ਜਾਣਗੇ ਕਿ ਤੁਸੀਂ ਸਿਰਫ ਵੋਟਾਂ ਲੈਣ ਲਈ ਉਹਨਾਂ ਨੂੰ ਮੂਰਖ ਬਣਾਇਆ ਸੀ ਅਤੇ ਸਰਕਾਰ ਬਣਾਉਣ ਤੋਂ ਮਹੀਨੇ ਮਗਰੋਂ ਤੁਹਾਡੀ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦੀ ਕੋਈ ਮਨਸ਼ਾ ਨਹੀਂ ਹੈ।
ਅਕਾਲੀ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਲੋਕ ਸੰਪਰਕ ਅਧਿਕਾਰੀਆਂ ਨੂੰ ਘੁਮਾ-ਫਿਰਾ ਕੇ ਗੱਲਾਂ ਕਰਨ ਤੋਂ ਵਰਜਦਿਆਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਲਦੀ ਹੀ ਟੀ ਹੱਕ ਕਮੇਟੀ ਦੀਆਂ ਸਿਫਾਰਿਸ਼ਾਂ ਉੱਤੇ ਕਰਜ਼ਾ ਮੁਆਫੀ ਦਾ ਐਲਾਨ ਕਰੋਗੇ, ਪਰ ਨਾਲ ਹੀ ਤੁਸੀਂ ਵਿਧਾਨ ਸਭਾ ਵਿਚ ਇਹ ਭਰੋਸਾ ਦੇ ਰਹੇ ਹੋ ਕਿ ਇਹ ਕਰਜ਼ਾ ਮੁਆਫੀ ਦਾ ਐਲਾਨ ਮੌਜੂਦਾ ਸੈਸ਼ਨ ਦੌਰਾਨ ਹੀ ਕੀਤਾ ਜਾਵੇਗਾ। ਇਹਨਾਂ ਵਿਚੋ ਕਿਹੜੀ ਗੱਲ ਸੱਚੀ ਹੈ?
ਕਿਰਪਾ ਕਰਕੇ ਸਪੱਸ਼ਟ ਕਰੋ। ਕਿਉਂਕਿ ਜੇਕਰ ਕਮੇਟੀ ਨੂੰ ਆਪਣੀਆਂ ਸਿਫਾਰਸ਼ਾਂ ਦੇਣ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਤੁਸੀਂ ਅਜੇ ਕਰਜ਼ਾ ਮੁਆਫੀ ਦਾ ਐਲਾਨ ਨਹੀਂ ਕਰ ਸਕਦੇ। ਪੰਜਾਬ ਅਤੇ ਪੰਜਾਬੀ ਉਮੀਦ ਲਾਈ ਬੈਠੇ ਹਨ ਕਿ ਤੁਸੀਂ ਮੌਜੂਦਾ ਸੈਸ਼ਨ ਦੌਰਾਨ ਆਪਣਾ ਵਾਅਦਾ ਪੂਰਾ ਕਰੋਗੇ। ਚੰਗਾ ਹੋਵੇਗਾ ਤੁਸੀਂ ਇਸ ਵਾਅਦੇ ਨੂੰ ਪੂਰਾ ਕਰ ਦੇਵੋ ਨਹੀਂ ਤਾਂ ਇਹ ਸਵੀਕਾਰ ਕਰਨ ਲਈ ਤਿਆਰ ਰਹੋ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।

Leave a Reply

Your email address will not be published. Required fields are marked *