ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਤੋਂ ਪੜਤਾਲ ਕਰਨ ਦੇ ਆਦੇਸ਼
ਪੜਤਾਲ ਦਾ ਕੰਮ ਇੱਕ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇ-ਡਿਪਟੀ ਕਮਿਸ਼ਨਰ
ਪਟਿਆਲਾ, 16 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਜ਼ਿਲ੍ਹੇ ਵਿੱਚ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਸਾਰੇ ਲਾਭਪਾਤਰੀਆਂ ਦੀ ਮੁੜ ਤੋਂ ਪੜਤਾਲ (ਰੀ ਵੈਰੀਫਿਕੇਸ਼ਨ) ਕਰਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਤੋਂ ਪੜਤਾਲ ਕਰਾਉਣ ਦੇ ਦਿੱਤੇ ਆਦੇਸ਼ਾਂ ਉਪਰੰਤ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੇ ਮਿੰਨੀ ਸਕੱਤਰੇਤ ਵਿਖੇ ਕੀਤੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ., ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਖੁਰਾਕ ਤੇ ਸਿਵਲ ਸਪਲਾਈ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਮੂਹ ਪਿੰਡਾਂ ਤੇ ਸ਼ਹਿਰਾਂ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਤੋਂ ਪੜਤਾਲ ਦਾ ਕੰਮ ਇੱਕ ਮਹੀਨੇ ਦੇ ਵਿੱਚ-ਵਿੱਚ ਮੁਕੰਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੜਤਾਲ ਮੌਕੇ ਸਰਕਾਰ ਵੱਲੋਂ ਭੇਜਿਆ ਫਾਰਮ ਭਰਨਾ ਯਕੀਨੀ ਬਣਾਇਆ ਜਾਵੇ । ਉਹਨਾ ਕਿਹਾ ਕਿ ਫਾਰਮ ਦੇ ਕਾਲਮ ਨੰਬਰ 9 ਵਿੱਚ ਲਾਭਪਾਤਰੀ ਪਰਿਵਾਰ ਦੇ ਯੋਗ ਜਾਂ ਆਯੋਗ ਪਾਏ ਜਾਣ ਬਾਰੇ ਦਰਜ ਕੀਤਾ ਜਾਵੇ ਅਤੇ ਜਿਹੜੇ ਪਰਿਵਾਰ ਯੋਗ ਪਾਏ ਜਾਂਦੇ ਹਨ ਉਹਨਾਂ ਦੀ ਸਾਲਾਨਾ ਆਮਦਨ 30 ਹਜ਼ਾਰ ਜਾਂ 60 ਹਜ਼ਾਰ ਰੁਪਏ ਤੋਂ ਘੱਟ ਹੋਣ ਬਾਰੇ ਵੀ ਦਰਜ਼ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੀ-ਵੈਰੀਡਿਕੇਸ਼ਨ ਦੌਰਾਨ ਜਿਹੜੇ ਲਾਭਪਾਤਰੀ ਯੋਗ ਪਾਏ ਜਾਂਦੇ ਹਨ ਉਹਨਾਂ ਸਬੰਧੀ ਕਾਲਮ ਨੰਬਰ 2,3 ਤੇ 4 ਵਿੱਚ ਲਾਭਪਾਤਰੀ ਪਰਿਵਾਰ ਦੀ ਮਹਿਲਾ ਮੁਖੀ ਦਾ ਮੋਬਾਇਲ ਨੰਬਰ, ਬੈਂਕ ਖਾਤੇ ਅਤੇ ਐਸ.ਸੀ./ਬੀ.ਸੀ./ਜਨਰਲ ਸ਼੍ਰੇਣੀ ਦਾ ਵੇਰਵਾ ਦਰਜ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਲਮ ਨੰਬਰ 5,6 ਤੇ 8 ਵਿੱਚ ਲਾਭਪਾਤਰੀ ਪਰਿਵਾਰ ਦੇ ਸਮੂਹ ਮੈਂਬਰਾਂ ਦੇ ਨਾਮ, ਪਿਤਾ/ਪਤੀ ਜਾਂ ਪਤਨੀ ਦਾ ਨਾਮ ਅਤੇ ਪਰਿਵਾਰ ਦੇ ਮੁਖੀ ਨਾਲ ਰਿਸ਼ਤਾ ਦਰਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਜਿਹਨਾਂ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਨਾਮ ਕੱਟੇ ਜਾਣ ਅਤੇ ਫਾਰਮ ਦੇ ਕਾਲਮ ਨੰਬਰ 7 ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਨੰਬਰ ਦਰਜ ਕੀਤੇ ਜਾਣ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਲਾਭਪਾਤਰੀ ਦਾ ਨਾਮ ਆਧਾਰ ਕਾਰਡ ਵਿੱਚ ਦਰਜ ਨਾਮ ਨਾਲ ਮੇਲ ਖਾਂਦਾ ਹੋਵੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰੀ-ਵੈਰੀਡਿਕੇਸ਼ਨ ਦੌਰਾਨ ਅਜਿਹੇ ਕਿਸਾਨਾਂ/ਭੂਮੀਹੀਣ ਪਰਿਵਾਰ ਜਿਹਨਾਂ ਵਿੱਚੋਂ ਕਿਸੇ ਨੇ ਤੰਗੀ ਕਾਰਨ ਆਤਮ ਹੱਤਿਆ ਕੀਤੀ ਹੈ ਅਤੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਹਨਾਂ ਪਰਿਵਾਰਾਂ ਦੇ ਮੁਕੰਮਲ ਵੇਰਵੇ ਵੀ ਵੱਖਰੀ ਸ਼ੀਟ ‘ਤੇ ਦਰਜ ਕੀਤੇ ਜਾਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਦੁਬਾਰਾ ਵੈਰੀਫਿਕੇਸ਼ਨ ਦੇ ਕੰਮ ਨੂੰ ਇੱਕ ਮਹੀਨੇ ਵਿੱਚ ਮੁਕੰਮਲ ਕਰਨਾ ਲਾਜ਼ਮੀ ਹੋਵੇਗਾ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਕੁਤਾਹੀ ਸਾਹਮਣੇ ਆਉਣ ‘ਤੇ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਦੀ ਜਿੰਮੇਵਾਰੀ ਤਹਿ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਪਿੰਡਾਂ ਵਿੱਚ ਇਹ ਕੰਮ ਬੀ.ਡੀ.ਪੀ.ਓਜ ਮੁਕੰਮਲ ਕਰਵਾਉਣਗੇ ਤੇ ਸ਼ਹਿਰਾਂ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਈ.ਓ. ਇਸ ਕੰਮ ਨੂੰ ਨੇਪਰੇ ਚਾੜ੍ਹਨਗੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ਼੍ਰੀ ਗੁਰਪਾਲ ਸਿੰਘ ਚਾਹਲ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲਜੀਤ ਸਿੰਘ ਧਾਲੀਵਾਲ, ਐਸ.ਡੀ.ਐਮ. ਸਮਾਣਾ ਕਰਨਲ ਮਨਜੀਤ ਸਿੰਘ ਚੀਮਾਂ, ਐਸ.ਡੀ.ਐਮ. ਨਾਭਾ ਜਸ਼ਨਪੀਤ ਕੌਰ, ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸ਼੍ਰੀਮਤੀ ਹਰਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾਪ੍ਰੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਸਿੰਘ ਬੈਂਸ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

