ਵਿਧਾਨ ਸਭਾ ਚੋਣ ਹਲਕਾ-115 ਪਟਿਆਲਾ ਚ ਨਵੀਆਂ ਵੋਟਾਂ ਬਣਾਉਣ ਦਾ ਕੰਮ 1 ਜੁਲਾਈ ਤੋਂ
ਪਟਿਆਲਾ, 16 ਜੂਨ (ਮਧੂਸਾਰ ਬਿਊਰੋ) ਵਿਧਾਨ ਸਭਾ ਚੋਣ ਹਲਕਾ-115 ਪਟਿਆਲਾ ਚ ਨਵੀਆਂ ਵੋਟਾਂ ਬਣਾਉਣ ਦਾ ਕੰਮ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਜੁਲਾਈ ਤੱਕ ਜਾਰੀ ਰਹੇਗਾ ਇਹ ਜਾਣਕਾਰੀ ਚੋਣ ਰਜਿਸਟਰੇਸ਼ਨ ਅਫ਼ਸਰ ਪਟਿਆਲਾ -ਕਮ-ਉਪ ਮੰਡਲ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਪਟਿਆਲਾ ਦੀਆਂ ਸਮੂਹ ਰਾਜਸੀ ਪਾਰਟੀਆਂ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਦਿੱਤੀ ਹੈ।
ਮੀਟਿੰਗ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵਿਅਕਤੀ ਦਾ ਵੋਟ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ 18 ਤੋਂ 21 ਸਾਲ ਦੇ ਨੌਜਵਾਨਾਂ ਲਈ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਮੁੱਖ ਉਦੇਸ਼ ਇਹ ਰੱਖਿਆ ਗਿਆ ਕੀ ਕੋਈ ਵੀ ਵਿਅਕਤੀ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ। ਇਸ ਮੁਹਿੰਮ ਤਹਿਤ 1 ਜੁਲਾਈ ਤੋਂ 31 ਜੁਲਾਈ ਤੱਕ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਇਆ ਜਾਣਗੀਆਂ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਇਸ ਸਮੇਂ ਦੌਰਾਨ 9 ਜੁਲਾਈ ਅਤੇ 23 ਜੁਲਾਈ ਨੂੰ ਐਤਵਾਰ ਦੇ ਦਿਨ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਦੋਵਾਂ ਦਿਨ ਸਮੂਹ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਣਗੇ ਅਤੇ ਨਵੀਆਂ ਵੋਟਾਂ ਬਣਾਉਣਗੇ।
ਈ.ਆਰ.ਓ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਵੋਟਰ ਜਿੰਨਾ ਦੀ ਉਮਰ 18 ਤੋਂ 21 ਸਾਲ ਹੈ, ਨੂੰ ਵੋਟਾਂ ਬਣਵਾਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਰਾਜਸੀ ਪਾਰਟੀਆਂ ਹਰ ਬੂਥ ਤੇ ਆਪਣੇ ਵੱਲੋਂ ਵੀ ਸਹਾਇਕ ਬੀ.ਐਲ.ਓ ਨਿਯੁਕਤ ਕਰਨ ਤਾਂ ਜੋ ਕੋਈ ਵੀ ਨੌਜਵਾਨ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਸੁਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਰਮੇਸ਼ ਵਰਮਾ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ੍ਰੀ ਜਸਵਿੰਦਰ ਸਿੰਘ ਵੀ ਮੌਜੂਦ ਸਨ।

