156 ਕਰੋੜ ਦੀ ਲਾਗਤ ਨਾਲ ਦੋ ਪੜਾਵਾਂ ‘ਚ ਹੋਵੇਗਾ ਪਟਿਆਲਾ ਸ਼ਹਿਰ ਦਾ ਵਿਕਾਸ
*ਮੁੱਖ ਮੰਤਰੀ ਨੂੰ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੋਜੈਕਟ ਰਿਪੋਰਟ ਤਿਆਰ
*ਸ਼ਹਿਰ ਦੀਆਂ ਸਾਰੀਆਂ ਅੰਦਰੂਨੀ ਤੇ ਬਾਹਰੀ ਸੜਕਾਂ ਦੀ ਹੋਵੇਗੀ ਮੁਰੰਮਤ
*ਬਾਰਾਂਦਰੀ ਬਾਗ, ਮਾਲ ਰੋਡ ਤੇ ਫੁਹਾਰਾ ਚੌਕ ਸਮੇਤ ਸਾਰੇ ਚੌਕਾਂ ਤੇ ਸੜਕਾਂ ਦੀ ਹੋਵੇਗੀ ਕਾਇਆ ਕਲਪ
*ਸ਼ਹਿਰ ਵਿੱਚ ਬਣਨਗੇ ਅੰਡਰ-ਗਰਾਊਂਡ ਕੂੜਾ ਦਾਨ
ਪਟਿਆਲਾ, 19 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦੀਆਂ ਸੜਕਾਂ ਦੀ ਹਾਲਤ ਸੁਧਾਰਨ, ਸ਼ਹਿਰ ਦੇ ਸੁੰਦਰੀਕਰਨ ਅਤੇ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਪ੍ਰਾਜੈਕਟ ਤਿਆਰ ਕਰਨ ਦੀਆਂ ਦਿੱਤੀਆਂ ਹਦਾਇਤਾਂ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ 156 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਇੱਕ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਪ੍ਰਵਾਨਗੀ ਲਈ ਛੇਤੀ ਹੀ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾ ਰਹੀ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸ਼ਹਿਰ ਦਾ ਦੌਰਾ ਕਰਨ ਉਪਰੰਤ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਤਿਆਰ ਕੀਤੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ, ਲੋਕ ਨਿਰਮਾਣ, ਬਾਗਬਾਨੀ, ਜੰਗਲਾਤ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨਾਲ ਸਾਂਝੀਆਂ ਮੀਟਿੰਗਾਂ ਅਤੇ ਫੀਲਡ ਦਾ ਸਰਵੇ ਕਰਨ ਉਪਰੰਤ ਪਟਿਆਲਾ ਸ਼ਹਿਰ ਨੂੰ ਨਵੀਂ ਦਿਖ ਪ੍ਰਦਾਨ ਕਰਨ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਮੁਤਾਬਿਕ ਪਟਿਆਲਾ ਦਾ ਵਿਕਾਸ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ ਜਿਸ ਦੌਰਾਨ ਪਹਿਲੇ ਪੜਾਅ ਵਿੱਚ ਸ਼ਹਿਰ ਵਿਚਲੀਆਂ ਅਤੇ ਸ਼ਹਿਰ ਨੂੰ ਜੋੜਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ, ਸੜਕਾਂ ਦੇ ਫੁੱਟਪਾਥਾਂ ਤੇ ਡੀਵਾਈਡਰਾਂ ਦਾ ਰੰਗ ਰੋਗਨ ਤੇ ਸੜਕਾਂ ਵਿਚਾਲੇ ਲੱਗੀਆਂ ਗਰਿਲਾਂ ਤੇ ਚੌਕਾਂ ਦੀ ਮੁਰੰਮਤ ਸ਼ਾਮਿਲ ਹੋਵੇਗਾ ਜਿਸ ‘ਤੇ ਕਰੀਬ 8 ਕਰੋੜ 84 ਲੱਖ ਰੁਪਏ ਖਰਚ ਹੋਣਗੇ। ਜਦ ਕਿ ਦੂਜੇ ਪੜਾਅ ਵਿੱਚ ਸ਼ਹਿਰ ਅਤੇ ਸ਼ਹਿਰ ਨੂੰ ਜੋੜਦੀਆਂ ਸਾਰੀਆਂ ਸੜਕਾਂ ਦੀ ਮੁਕੰਮਲ ਮੁਰੰਮਤ ਹੋਵੇਗੀ ਅਤੇ ਪਟਿਆਲਾ ਦੇ ਫੁਆਰਾ ਚੌਕ, ਠੀਕਰੀਵਾਲਾ ਚੌਕ ਤੇ ਰਾਜਪੁਰਾ ਰੋਡ ‘ਤੇ ਵੱਡੀ ਨਦੀ ਦੇ ਪੁੱਲ ਤੇ ਬਣੇ ਘੋੜਿਆਂ ਵਾਲੇ ਪਾਰਕ ਅਤੇ ਪਟਿਆਲਾ ਦੇ ਇਤਿਹਾਸਕ ਬਾਰਾਂਦਰੀ ਬਾਗ ਦੀ ਮੁਰੰਮਤ ਕਰਕੇ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਦੂਸਰੇ ਪੜਾਅ ਤਹਿਤ ਹੀ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਸਟੇਨਲੈਸ ਸਟੀਲ ਦੇ ਸਾਈਨ ਬੋਰਡ ਲਗਾਏ ਜਾਣਗੇ ਉਨ੍ਹਾਂ ਦੱਸਿਆ ਪਟਿਆਲਾ ਦੇ ਫੁਆਰਾ ਚੌਕ ਨੂੰ ਬਿਲਕੁਲ ਨਵੀਂ ਦਿਖ ਪ੍ਰਦਾਨ ਕੀਤੀ ਜਾਵੇਗੀ ਅਤੇ ਮਾਲ ਰੋਡ ਦੇ ਫੁੱਟਪਾਥਾਂ ਦੀ ਮੁਰੰਮਤ ਕਰਕੇ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਮਾਲ ਰੋਡ ਨੂੰ ਪੁਰਾਣੀ ਦਿਖ ਪ੍ਰਦਾਨ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦੀ ਸਰਹੰਦ ਰੋਡ, ਰਾਜਪੁਰਾ ਰੋਡ, ਨਾਭਾ ਰੋਡ ਤੇ ਸੰਗਰੂਰ ਰੋਡ ‘ਤੇ ਲੱਗੀਆ ਗਰਿਲਾਂ ਦੀ ਮੁਰੰਮਤ ਕਰਕੇ ਡਵਾਈਡਰਾਂ ਤੋਂ ਮਿੱਟੀ ਚੁੱਕ ਕੇ ਇੰਟਰਲੋਕ ਟਾਇਲਾਂ ਲਗਾਈਆ ਜਾਣਗੀਆਂ ਅਤੇ ਪ੍ਰਮੁੱਖ ਸਥਾਨਾਂ ‘ਤੇ ਸਜਾਵਟ ਵਾਲੇ ਬੂਟੇ ਲਗਾਏ ਜਾਣਗੇ। ਦੂਸਰੇ ਫੇਸ ਦਾ ਇਹ ਪ੍ਰਾਜੈਕਟ 147.20 ਕਰੋੜ ਰੁਪਏ ਦਾ ਤਿਆਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭੁਪਿੰਦਰਾ ਰੋਡ ‘ਤੇ ਸੜਕ ਦੇ ਦੋਵੇਂ ਪਾਸੇ ਇੰਟਰਲੋਕ ਟਾਇਲਾਂ ਲਗਾਉਣ ਲਈ ਵੀ ਨਗਰ ਨਿਗਮ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱÎਸਿਆ ਕਿ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਰਾਜਪੁਰਾ ਵੱਲ ਨੂੰ ਜਾਣ ਵਾਲੀ ਸੜਕ, ਪਾਸੀ ਰੋਡ, ਖੰਡਾ ਚੌਕ ਤੋਂ ਫੁਆਰਾ ਚੌਕ, ਭੁਪਿੰਦਰਾ ਰੋਡ, ਸਰਹੰਦ ਰੋਡ ਤੋਂ ਰਾਜਪੁਰਾ ਰੋਡ ਨੂੰ ਜੋੜਦੇ ਉੱਤਰੀ ਬਾਈਪਾਸ ਫੁਆਰਾ ਚੌਕ ਤੋਂ ਮਹਿੰਦਰਾ ਕਾਲਜ ਨੂੰ ਜਾਂਦੇ ਲੋਅਰ ਮਾਲ, ਠੀਕਰੀਵਾਲਾ ਬੁੱਤ ਤੋਂ ਗੁਰੂਦੁਆਰਾ ਸ੍ਰੀ ਮੋਤੀ ਬਾਗ ਨੂੰ ਜਾਂਦੀ ਸੜਕ, ਮਾਲ ਰੋਡ ਅਤੇ ਭਾਦਸੋਂ ਰੋਡ ਸਮੇਤ ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਸਾਰੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਦੱÎਸਿਆ ਕਿ ਵਿਸ਼ੇਸ਼ ਸਕਸ਼ਮ ਮਸ਼ੀਨ ਨਾਲ ਪਟਿਆਲਾ ਦੇ ਅੰਦਰੂਨੀ ਸ਼ਹਿਰ ਦੇ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਵੀਆਂ ਟ੍ਰੈਫਿਕ ਕੰਟਰੋਲ ਹਟਸ ਵੀ ਬਣਾਈਆ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦਾ ਪੁਰਾਤਨ ਬਾਰਾਂਦਰੀ ਬਾਗ ਜਿਸ ਨੂੰ ਸ਼ਹਿਰ ਦੀ ਜੀਵਨ ਰੇਖਾ ਵੀ ਕਿਹਾ ਜਾਂਦਾ ਹੈ ਨੂੰ ਪੁਰਾਣੀ ਦਿਖ ਪ੍ਰਦਾਨ ਕਰਨ ਲਈ, ਬੂਟਿਆਂ ਲਈ ਸਿੰਚਾਈ ਵਾਸਤੇ ਪਾਣੀ, ਸੜਕਾਂ, ਰੇਲਿੰਗ ਤੇ ਫੁਹਾਰਿਆਂ ਦੀ ਮੁਰੰਮਤ ਕਰਾਈ ਜਾਵੇਗੀ ਅਤੇ ਸੁਕ ਚੁਕੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਾਏ ਜਾਣਗੇ। ਉਹਨਾਂ ਦੱਸਿਆ ਕਿ ਪਟਿਆਲਾ ਦੀ ਮਾਲ ਰੋਡ ਅਤੇ ਫੁਹਾਰਾ ਚੌਕ ਨੂੰ ਇਕ ਨਵੀਂ ਦਿਖ ਪ੍ਰਦਾਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁੱਲ੍ਹੇ ਵਿੱਚ ਸੁੱਟੇ ਜਾਂਦੇ ਕੂੜਾ ਕਰਕਟ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਨਗਰ ਨਿਗਮ ਵੱਲੋਂ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪਟਿਆਲਾ ਸ਼ਹਿਰ ਵਿੱਚ ਅੰਡਰ-ਗਰਾਊਂਡ ਕੂੜਾ ਦਾਨ ਬਣਾਏ ਜਾ ਰਹੇ ਹਨ। ਜਿਸ ਤਹਿਤ ਅਜਿਹਾ ਪਹਿਲਾਂ ਕੂੜਾ ਦਾਨ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਚਾਦਨੀ ਚੌਕ ਵਿਖੇ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਨੇੜੇ ਬਣਾਇਆ ਜਾਵੇਗਾ ਜਿਸ ਨੂੰ ਇਕ ਮਹੀਨਾ ਤਜ਼ਰਬੇ ਦੇ ਤੌਰ ‘ਤੇ ਚਲਾਉਣ ਉਪਰੰਤ ਸ਼ਹਿਰ ਦੇ ਹੋਰਨਾਂ ਖੇਤਰਾਂ ਵਿੱਚ ਵੀ ਅਜਿਹੇ ਅੰਡਰ-ਗਰਾਊਂਡ ਕੂੜਾ ਦਾਨ ਬਣਾਏ ਜਾਣਗੇ। ਉਹਨਾ ਦੱਸਿਆ ਇਨ੍ਹਾਂ ਕੂੜਾ ਦਾਨਾਂ ਵਿੱਚ 30 ਤੋਂ 40 ਕਵਿੰਟਲ ਕੂੜਾ ਆ ਸਕੇਗਾ ਤੇ ਹਾਈਡ੍ਰੋਲਿਕ ਸਿਸਟਮ ਰਾਹੀਂ ਇਸ ਨੂੰ ਟਰੱਕਾਂ ਵਿੱਚ ਲੋਡ ਕਰਕੇ ਡੰਪ ‘ਤੇ ਭੇਜਿਆ ਜਾਵੇਗਾ

