ਪਟਿਆਲਾ

ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਬਚਾਉਣ ਦਾ ਮਾਮਲਾ ਪਹੁੰਚਿਆ ਸੀ.ਐਮ ਦਰਬਾਰ

ਦਲਿਤ ਨੇਤਾ ਜਤਿੰਦਰ ਸਿੰਘ ਮੱਟੂ ਨੇ ਸੌਂਪਿਆ ਮੁੱਖ ਮੰਤਰੀ ਦੇ ਓ.ਐਸ.ਡੀ ਨੂੰ ਮੰਗ ਪੱਤਰ
ਰੈਗੂਲਰ ਵਾਈਸ ਚਾਂਸਲਰ ਜਲਦ ਨਿਯੁਕਤ ਕਰਨ ਦੀ ਵੀ ਰੱਖੀ ਮੰਗ
ਪਟਿਆਲਾ 19 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮਾਲਵਾ ਖੇਤਰ ਦੇ ਵਿਦਿਆ ਦੇ ਮੰਦਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਚੋਂ ਕੱਢੇ ਜਾਣ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿਚ ਪਹੁੰਚ ਗਿਆ ਹੈ।

ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਫੈਡਰੇਸ਼ਨ ਦੇ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਓ.ਐਸ.ਡੀ ਸ. ਸੰਦੀਪ ਸਿੰਘ ਬਰਾੜ ਨਾਲ ਲੰਬਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਹਾਲਾਤਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਗ੍ਰਾਂਟ ਵਧਾਉਣ ਅਤੇ ਯੂਨੀਵਰਸਿਟੀ ਨੂੰ ਰੈਗੂਲਰ ਵਾਈਸ ਚਾਂਸਲਰ ਦੇਣ ਸਬੰਧੀ ਚਰਚਾ ਕੀਤੀ। ਇਸ ਮੌਕੇ ਦਲਿਤ ਆਗੂ ਜਤਿੰਦਰ ਸਿੰਘ ਮੱਟੂ ਨੇ ਸੰਦੀਪ ਬਰਾੜ ਨੂੰ ਮੰਗ ਪੱਤਰ ਵੀ ਸੌਂਪਿਆ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕ ਰਿਹਾ ਹੈ, ਕਈ ਅਜਿਹੇ ਕਾਰਜ ਪੰਜਾਬੀ ਯੂਨੀਵਰਸਿਟੀ ਨੇ ਕੀਤੇ ਹਨ ਜਿਸ ਨਾਲ ਇਹ ਯੂਨੀਵਰਸਿਟੀ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਮੋਹਰੀ ਬਣ ਗਈ ਹੈ। ਇਸ ਯੂਨੀਵਰਸਿਟੀ ਵਿਚ ਮਾਲਵਾ ਖੇਤਰ ਦੇ ਨਾਲ ਨਾਲ ਮਾਝਾ, ਦੁਆਬਾ ਅਤੇ ਵਿਸ਼ਵ ਭਰ ਵਿਚੋਂ ਵਿਦਿਆਰਥੀ ਉੱਚ ਸਿੱਖਿਆ ਲਈ ਇਥੇ ਆ ਰਹੇ ਹਨ। ਪਰ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਕਰਜੇ ਦੇ ਭਾਰ ਹੇਠ ਦੱਬਦੀ ਚਲੀ ਜਾ ਰਹੀ ਹੈ, ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਹਰ ਮਹੀਨੇ ਓਵਰ ਡਰਾਫਟ ਚੁੱਕਣਾ ਪੈ ਰਿਹਾ ਹੈ। ਹੁਣ ਤੱਕ 100 ਕਰੋੜ ਦਾ ਓਵਰਡਰਾਫਟ ਹੋ ਚੁੱਕਿਆ ਹੈ, ਜਿਸ ਕਾਰਣ ਪੰਜਾਬੀ ਯੂਨੀਵਰਸਿਟੀ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖਾਹ ਸਹੀ ਸਮੇਂ ‘ਤੇ ਨਹੀਂ ਮਿਲ ਰਹੀ। ਦਲਿਤ ਆਗੂ ਜਤਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਵਿਚ ਵਾਧਾ ਕੀਤਾ ਜਾਵੇ ਜਿਸਨੂੰ ਸਹੀ ਸਮੇਂ ‘ਤੇ ਦਿੱਤਾ ਜਾਵੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਵਿੱਤੀ ਸੰਕਟ ਵਿਚੋਂ ਬਾਹਰ ਆ ਸਕੇ। ਜਤਿੰਦਰ ਸਿੰਘ ਮੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵਿਚ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਜਲਦ ਤੋਂ ਜਲਦ ਕੀਤੀ ਜਾਵੇ। ਤਾਂ ਜੋ ਯੂਨੀਵਰਸਿਟੀ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਰੁਟੀਨ ਕੰਮਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋ ਸਕੇ।ਰੈਗੂਲਰ ਵਾਈਸ ਚਾਂਸਲਰ ਨਾ ਹੋਣ ਕਾਰਣ ਕਰਮਚਾਰੀਆਂ ਦੇ ਬਹੁਤ ਸਾਰੇ ਮਸਲੇ ਅਧੂਰੇ ਪਏ ਹਨ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਸ. ਸੰਦੀਪ ਸਿੰਘ ਬਰਾੜ ਨੇ ਜਤਿੰਦਰ ਸਿੰਘ ਮੱਟੂ ਅਤੇ ਉਨਾਂ ਨਾਲ ਗਏ ਫੈਡਰੇਸ਼ਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪ੍ਰਤੀ ਗੰਭੀਰ ਹਨ ਅਤੇ ਜਲਦ ਹੀ ਯੂਨੀਵਰਸਿਟੀ ਦੀਆਂ ਸਾਰੀਆਂ ਮੰਗਾਂ ਦਾ ਹੱਲ ਕੱਢ ਲਿਆ ਜਾਵੇਗਾ।

Leave a Reply

Your email address will not be published. Required fields are marked *