ਗੁਰਦੁਆਰਾ ਬਹਾਦਰਗੜ੍ਹ ਲਈ ਲਾਂਘਾ ਲੈਣ ਵਾਸਤੇ ਸਰਗਰਮੀਆਂ ਤੇਜ਼
ਪਟਿਆਲਾ/ਬਹਾਦਰਗੜ੍ਹ/ਚੌਹਾਨ/ਨਿੱਝਰ/ਮਧੂਸਾਰ ਬਿਊਰੋ : ਪਟਿਆਲਾ ਰਾਜਪੁਰਾ ਰੋਡ ‘ਤੇ ਬਹਾਦਰਗੜ੍ਹ ਵਿਖੇ ਬਣ ਰਹੇ ਫਲਾਈ ਓਵਰ ਹੇਠੋਂ ਇਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਲਈ ਲਾਂਘਾ ਲੈਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਹੋਰ ਉਚ ਅਧਿਕਾਰੀਆਂ ਨੂੰ ਮਿਲਣ ਲਈ ਐਸਜੀਪੀਸੀ ਅਤੇ ਇਲਾਕੇ ਦੇ ਮੋਹਤਵਰਾਂ ਦਾ ਇੱਕ ਸਾਂਝਾ ਵਫਦ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ।
ਜਥੇ. ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ ਅਤੇ ਇਲਾਕੇ ਦੇ ਉਘੇ ਸਮਾਜ ਸੇਵਕ ਮਹਿੰਦਰ ਸਿੰਘ ਕਟਾਰੀਆ ਸਾਬਕਾ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਲਈ ਲਾਂਘਾ ਹਾਸਲ ਕਰਨ ਲਈ ਉਨਾਂ ਵਲੋਂ ਹਰ ਤਰਾਂ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਉਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸਾਹਿਬ, ਆਵਾਜਾਈ ਮੰਤਰੀ ਮੈਡਮ ਰਜਿਆ ਸੁਲਤਾਨਾ, ਹੁਸਨ ਲਾਲ ਸਕੱਤਰ ਬੀਐਂਡਆਰ ਤੇ ਨੈਸ਼ਨਲ ਹਾਈਵੇ ਅਤੇ ਅਸ਼ੋਕ ਸਿੰਗਲ ਚੀਫ ਇੰਜਨੀਅਰ ਨੈਸ਼ਨਲ ਹਾਈਵੇ ਨੂੰ ਮਿਲ ਕੇ ਇਸ ਸਬੰਧੀ ਕੇਸ ਪੇਸ਼ ਕਰਨ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪਟਿਆਲਾ ਦੇ ਡੀਸੀ ਨੂੰ ਮਿਲ ਚੁੱਕੇ ਹਨ ਜਿਨਾਂ ਵਲੋਂ ਇਸ ਸਬੰਧੀ ਬਹੁਤ ਹੀ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਐਸਜੀਪੀਸੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ 2 ਵਾਰ ਚਿੱਠੀ ਲਿੱਖ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਇਸ ਜ਼ਾਇਜ ਮੰਗ ‘ਤੇ ਗੌਰ ਕਰਕੇ ਗੁਰਦੁਆਰਾ ਸਾਹਿਬ ਲਈ ਰਸਤਾ ਦੇਣਗੇ ਜਾਂ ਕਿ ਐਸਜੀਪੀਸੀ ਅਤੇ ਇਲਾਕਾ ਵਾਸੀਆਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਬਲਬੀਰ ਕੌਰ ਘੁੰਮਣ ਸਰਪੰਚ ਬਹਾਦਰਗੜ੍ਹ, ਮਹਿੰਦਰ ਸਿੰਘ ਕਟਾਰੀਆ, ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ, ਸਤਪਾਲ ਸਿੰਘ ਮਹਿਮਦਪੁਰ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਸੁਰਜੀਤ ਸਿੰਘ ਅਕਾਉਂਟੈਂਟ, ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ।

