ਪਟਿਆਲਾ

ਕਰਜਾ ਮਾਫੀ ਕੀ ਕਰੂ? ਜੱਟ ਫਸਲ ਨੂੰ ਲੈ ਕੇ ਮੰਡੀਆਂ ਵਿਚ ਰੁਲ ਰਿਹੈ

ਸਰਕਾਰ ਪੰਜ ਏਕੜ ਦੇ ਨਾਲ ਨਾਲ ਵੱਡੇ ਕਿਸਾਨਾਂ ਦਾ ਕਰਜ਼ ਵੀ ਮਾਫ ਕਰੇ- ਕਿਸਾਨ ਆਗੂ
ਅਮਲੋਹ, 20 ਜੂਨ (ਮਧੂਸਾਰ ਬਿਊਰੋ) ਕੈਪਟਨ ਸਰਕਾਰ ਵੱਲੋਂ ਪੰਜ ਏਕੜ ਵਾਲੇ ਛੋਟੇ ਕਿਸਾਨਾਂ ਦਾ ਦੋ ਲੱਖ ਦਾ ਕਰਜ਼ਾ ਮਾਫੀ ਦੇ ਐਲਾਨ ਨੇ ਕਿਸਾਨਾਂ, ਐਸ.ਸੀ. ਬੀ.ਸੀ ਵਰਗ ਤੇ ਆਮ ਲੋਕਾਂ ਵਿਚ ਇਸ ਐਲਾਨ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ, ਜਿਥੇ ਇਹ ਮਾਫੀ ਕੋਆਪਰੇਟਿਵ ਤੇ ਸਰਕਾਰੀ ਸੁਸਾਇਟੀਆਂ ਤੋਂ ਕਿਸਾਨੀ ਕਰਜ਼ਾ ਲੈਣ ਵਾਲੇ ਛੋਟੇ ਕਿਸਾਨਾ ਨੂੰ ਹੋਵੇਗੀ ਉਥੇ ਇਨ੍ਹਾਂ ਬੈਂਕਾਂ ਤੋਂ ਆਪਣੇ ਕੰਮਾਂ ਕਾਰਾਂ ਲਈ ਐਸ.ਸੀ. ਬੀ.ਸੀ. ਵਰਗ ਵੱਲੋਂ ਲਏ ਕਰਜ਼ੇ ਦਾ ਕੀ ਹੱਲ ਹੋਵੇਗਾ।

ਇਹ ਵਰਗ ਇਸ ਗੱਲ ਨੂੰ ਲੈ ਕੇ ਵਧੇਰੇ ਚਿੰਤਿਤ ਹਨ। ਭਾਵੇਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜ ਏਕੜ ਵਾਲੇ ਕਿਸਾਨਾਂ ਦਾ ਕਰਜ਼ਾ ਤਾਂ ਮਾਫ ਕਰ ਦਿੱਤਾ ਹੈ ਪਰ ਇਹ ਕਰਜ਼ਾ ਸਹਿਕਾਰੀ ਕੋਆਪਰੇਟਿਵ ਅਧਾਰੇ ਕਿਸ ਕੈਟਾਗਿਰੀ ਅਧੀਨ ਮਾਫ ਕਰਨਗੇ ਇਸ ਨੂੰ ਲੈ ਕੇ ਵੀ ਕਿਸਾਨ ਚਿੰਤਾ ਦੇ ਆਲਮ ਵਿਚ ਹਨ। ਅੱਜ ਅਨਾਜ ਮੰਡੀ ਅਮਲੋਹ ਵਿਚ ਸੂਰਜਮੁਖੀ ਅਤੇ ਮੱਕੀ ਲੈ ਕੇ ਪੁਜੇ ਕਿਸਾਨਾਂ ਨਾਲ ਜਦੋਂ ਕਰਜ਼ਾ ਮਾਫੀ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਤਰਕ ਸੀ ਕਿ ਭਾਵੇਂ ਕਰਜ਼ਾ ਤਾਂ ਮਾਫ ਨਾ ਹੁੰਦਾ ਪਰ ਸਾਡੀਆਂ ਫਸਲਾਂ ਦੇ ਭਾਅ ਸੂਚਿਕ ਅੰਕ ਨਾਲ ਜੁੜਨੇ ਵਧੇਰੇ ਜ਼ਰੂਰੀ ਹਨ ਅਤੇ ਹਰ ਇੱਕ ਫਸਲ ਦਾ ਸਰਕਾਰੀ ਭਾਅ ਅਤੇ ਸਰਕਾਰੀ ਖਰੀਦ ਹੋਣੀ ਜ਼ਰੂਰੀ ਹੈ ਜਦੋਂ ਅਸੀਂ ਕਿਸਾਨ ਮੰਡੀ ਵਿਚ ਆਪਣੀ ਫਸਲ ਲੈ ਕੇ ਆਉਂਦੇ ਹਾਂ ਉਸਦਾ ਰੁਲਣਾ ਸੁਭਾਵਿਕ ਹੀ ਹੈ ਕਿਉਂਕਿ ਇੱਕ ਤਾਂ ਇਥੇ ਸਰਕਾਰੀ ਖਰੀਦ ਨਹੀਂ ਪ੍ਰਾਈਵੇਟ ਵਪਾਰੀ ਹੀ ਸੂਰਜਮੁਖੀ ਅਤੇ ਮੱਕੀ ਦੀ ਲੁੱਟ ਕਰ ਰਹੇ ਹਨ ਉਤੋਂ ਆਈ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਤੇ ਫਸਲ ਦੀਆਂ ਢੇਰੀਆਂ ਹੇਠਾਂ ਪਾਣੀ ਲੰਘ ਚੁੱਕਾ ਹੈ ਤੇ ਭਿੱਜੀ ਫਸਲ ਦਾ ਰੇਟ ਵੀ ਸੁਭਾਗੇ ਵਪਾਰੀ ਘੱਟ ਹੀ ਦੇਣਗੇ। ਪਿੰਡ ਮਾਨਗੜ੍ਹ ਦੇ ਇੱਕ ਕਿਸਾਨ ਹੈਪੀ ਸਿੰਘ ਨੇ ਕਿਹਾ ਕਿ ਕਰਜ਼ਾ ਮਾਫੀ ਕੀ ਕਰੂ? ਮੰਡੀਆਂ ਵਿਚ ਤਾਂ ਜੱਟ ਰੁਲ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਆਈ ਫਸਲ ਦੀ ਸਾਂਭ ਸੰਭਾਲ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਗਿਆ। ਕਰਜ਼ੇ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਕੁਲਦੀਪ ਸਿੰਘ ਮਛਰਾਈ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਬਲਵੰਤ ਸਿੰਘ ਘੁੱਲੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਰਜ਼ਾ ਮਾਫੀ ਸਬੰਧੀ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨਾਲ ਮੁਕੰਮਲ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਫਾਰਮ ਭਰਾਏ ਸਨ ਉਸ ਉਪਰ ਕੈਪਟਨ ਸਰਕਾਰ ਰਤਾ ਭਰ ਵੀ ਖਰੀ ਨਹੀਂ ਉਤਰੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਆੜ੍ਹਤੀਆਂ, ਸਹਿਕਾਰੀ ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਤੋਂ ਕਰਜ਼ੇ ਦੇ ਰੂਪ ਵਿਚ ਕਿਸਾਨਾਂ ਵੱਲੋਂ ਲਿਆ ਗਿਆ ਇੱਕ ਇੱਕ ਪੈਸਾ ਮਾਫ ਕੀਤਾ ਜਾਵੇਗਾ ਪਰ ਕੈਪਟਨ ਸਰਕਾਰ ਵੱਲੋਂ ਪੰਜ ਏਕੜ ਦੀ ਸ਼ਰਤ ਰੱਖ ਕੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਜਿਸ ਨੂੰ ਪੰਜਾਬ ਦਾ ਸਮੁੱਚਾ ਕਿਸਾਨ ਵਰਗ ਕਦੇ ਵੀ ਸਹਿਣ ਨਹੀਂ ਕਰੇਗਾ। ਐਸ.ਸੀ. ਵਿੰਗ ਦੇ ਸੀਨੀਅਰ ਆਗੂ ਕਾਹਨ ਸਿੰਘ ਝੰਬਾਲਾ ਤੇ ਬਲਜੀਤ ਸਿੰਘ ਅੰਨੀਆਂ ਨੇ ਕਿਹਾ ਕਿ ਜਿਥੇ ਕਿਸਾਨਾਂ ਵੱਲੋਂ ਵੱਖ ਵੱਖ ਬੈਂਕਾਂ ਤੋਂ ਕਰਜ਼ਾ ਲਿਆ ਗਿਆ ਹੈ ਉਥੇ ਐਸ.ਸੀ. ਅਤੇ ਬੀ.ਸੀ. ਵਰਗ ਵੱਲੋਂ ਵੀ ਆਪਣੇ ਕਾਰੋਬਾਰਾਂ ਲਈ ਕਰਜ਼ਾ ਲਿਆ ਗਿਆ ਹੈ ਜਿਸ ਤਰ੍ਹਾਂ ਕੈਪਟਨ ਸਰਕਾਰ ਵੱਲੋਂ ਪੰਜ ਏਕੜ ਵਾਲੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮਾਫ ਕੀਤਾ ਗਿਆ ਹੈ ਉਥੇ ਐਸ.ਸੀ. ਅਤੇ ਬੀ.ਸੀ. ਵਰਗ ਦਾ ਕਰਜ਼ ਵੀ ਮੁਕੰਮਲ ਮਾਫ ਹੋਣਾ ਚਾਹੀਦਾ ਹੈ। ਕਿਉਂਕਿ ਕੈਪਟਨ ਸਰਕਾਰ ਨੇ ਮੁਕੰਮਲ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਸਰਕਾਰ ਤਾਂ ਬਣਾ ਲਈ ਹੈ ਪਰ ਅੱਜ ਕੈਪਟਨ ਸਰਕਾਰ ਮੁਕੰਮਲ ਕਰਜਾ ਮਾਫੀ ਤੋਂ ਭੱਜ ਚੁੱਕੀ ਹੈ ਜਿਸ ਤੋਂ ਸਮੁੱਚੇ ਪੰਜਾਬ ਵਾਸੀ ਭਲੀ ਭਾਂਤ ਜਾਣੂੰ ਹਨ। ਕਈ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਰਕ ਦਿੱਤਾ ਹੈ ਕਿ ਪੰਜ ਏਕੜ ਵਾਲੇ ਕਿਸਾਨ ਸਿਰ ਦੋ ਲੱਖ ਤੋਂ ਵੀ ਘੱਟ ਕਰਜ਼ਾ ਹੈ ਕਿਉਂਕਿ ਨਾ ਹੀ ਪੰਜ ਏਕੜ ਵਾਲੇ ਕਿਸਾਨ ਨੂੰ ਕੋਆਪਰੇਟਿਵ ਜਾਂ ਸਰਕਾਰੀ ਸੁਸਾਇਟੀਆਂ ਘੱਟ ਕਰਜ਼ ਦਿੰਦੀਆਂ ਹਨ ਜੇਕਰ ਅੱਜ ਕਿਸਾਨ ਉਪਰ ਬੈਂਕਾਂ ਦਾ ਕਰਜ਼ ਹੈ ਉਹ ਪ੍ਰਾਈਵੇਟ ਬੈਂਕਾਂ ਦਾ ਜਿਆਦਾ ਕਰਜ਼ ਹੈ ਜਿਨ੍ਹਾਂ ਤੋਂ ਕਿਸਾਨਾਂ ਵੱਲੋਂ ਟ੍ਰੈਕਟਰ, ਕਾਰਾਂ, ਕੋਠੀਆਂ ਅਤੇ ਵੱਡੇ ਕਾਰੋਬਾਰ ਕਰਨ ਲਈ ਕਰੋੜਾਂ ਰੁਪਏ ਕਰਜ਼ੇ ਦੇ ਰੂਪ ਵਿਚ ਲਏ ਗਏ ਹਨ ਜੇਕਰ ਕੈਪਟਨ ਸਰਕਾਰ ਨੇ ਮੁਕੰਮਲ ਕਰਜ਼ਾ ਮਾਫ ਕਰਨਾ ਹੈ ਤਾਂ ਇਨ੍ਹਾਂ ਕਿਸਾਨਾਂ ਦਾ ਕਰੇ ਤਾਂ ਹੀ ਪੰਜਾਬ ਦਾ ਕਿਸਾਨ ਸੰਤੁਸ਼ਟ ਅਤੇ ਖੁਦਕੁਸ਼ੀਆਂ ਤੋਂ ਕਿਨਾਰਾ ਕਰਕੇ ਖੁਸ਼ਹਾਲ ਜਿੰਦਗੀ ਬਸਰ ਕਰ ਸਕੇਗਾ।

Leave a Reply

Your email address will not be published. Required fields are marked *