ਪੰਜਾਬਪਟਿਆਲਾ

ਪੰਜਾਬ ਬਜਟ ਤਰੱਕੀਪਸੰਦ, ਗਰੀਬ ਪੱਖੀ ਅਤੇ ਵਿਕਾਸ ਮੁਖੀ:-ਸਾਧੂ ਸਿੰਘ ਧਰਮਸੋਤ

ਪਟਿਆਲਾ, 20 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਐਸ.ਸੀ./ਬੀ.ਸੀ. ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪੰਜਾਬ ਬਜਟ ਨੂੰ ਤਰੱਕੀਪਸੰਦ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਪੱਖੀ, ਕਿਸਾਨ ਪੱਖੀ ਅਤੇ ਵਿਕਾਸ ਮੁਖੀ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਅਤੇ ਸਾਰੇ ਖੇਤਰਾਂ ਵਿਚ ਤਰੱਕੀ ਲਈ ਇੱਕ ਨਵਾਂ ਰਾਹ ਖੋਲ੍ਹੇਗਾ।

ਧਰਮਸੋਤ ਨੇ ਬਜਟ ਨੂੰ ਯਥਾਰਥਵਾਦੀ, ਭਵਿੱਖਮੁਖੀ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਹਿੱਤ ਵਿਚ ਦੱਸਦਿਆ ਕਿਹਾ ਕਿ ਕੈਪਟਨ ਸਰਕਾਰ ਸਮਾਜ ਦੇ ਕਮਜ਼ੋਰ ਅਤੇ ਲਾਭ ਵਿਹੂਣੇ ਵਰਗਾਂ ਪ੍ਰਤੀ ਸੁਚੇਤ ਹੈ। ਸੂਬਾ ਸਰਕਾਰ ਨੇ 14.50 ਲੱਖ ਬਿਰਧ ਵਿਅਕਤੀਆਂ ਨੂੰ, 1.70 ਲੱਖ ਆਸ਼ਰਿਤ ਬੱਚਿਆਂ ਨੂੰ, 1.90 ਲੱਖ ਅਪਾਹਜ਼ ਵਿਅਕਤੀਆਂ ਨੂੰ, 3.80 ਲੱਖ ਵਿਧਵਾਵਾਂ ਅਤੇ ਬੇ-ਸਹਾਰਾ ਇਸਤਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿੱਤੀ ਜਾਂਦੀ ਪੈਨਸ਼ਨ ਨੂੰ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਐਸ.ਸੀ./ਬੀ.ਸੀ./ਈਸਾਈ ਲੜਕੀਆਂ/ਵਿਧਵਾਵਾਂ/ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸਬੰਧਤ ਵਿਧਵਾਵਾਂ ਦੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ ਉਨ੍ਹਾਂ ਦੇ ਵਿਆਹ ਮੌਕੇ ਮੌਜੂਦਾ 15000 ਰੁਪਏ ਦੀ ਦਿੱਤੀ ਜਾਂਦੀ ਰਾਸ਼ੀ ਨੂੰ 21000 ਰੁਪਏ ਕਰ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ।
ਧਰਮਸੋਤ ਨੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਵਿੱਤ ਮੁਹੱਈਆ ਕਰਾਉਣ ਲਈ ਵਿੱਤ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਸਰਵਪੱਖੀ ਵਿਕਾਸ ਵਿੱਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਨੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ‘ਚ ਆਪਣਾ ਰੁਜ਼ਗਾਰ ਸ਼ੁਰੂ ਕਰਨ ਹਿੱਤ ਕਰਜ਼ੇ ਦੇਣ ਲਈ ਪੰਜਾਬ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਅਤੇ ਬੈਕਫਿੰਕੋ ਲਈ ਕ੍ਰਮਵਾਰ 17.66 ਕਰੋੜ ਅਤੇ 2.44 ਕਰੋੜ ਰੁਪਏ ਰਾਖਵੇਂ ਰੱਖੇ ਹਨ ਤਾਂ ਜੋ ਚਾਲੂ ਮਾਲੀ ਸਾਲ ਦੌਰਾਨ ਸਬੰਧਤ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਘੱਟ ਦਰਾਂ ‘ਤੇ ਕਰਜ਼ ਮੁਹੱਈਆ ਕਰਵਾਇਆ ਜਾ ਸਕੇ।
ਧਰਮਸੋਤ ਨੇ ਕਿਹਾ ਕਿ ਸਰਕਾਰ ਪੇਂਡੂ ਕਰਜ਼ ਦੀਆਂ ਸੰਸਥਾਵਾਂ ਦਾ ਮਜ਼ਬੂਤੀਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਫਸਲ ਬੇਵਕਤੇ ਮੀਂਹ, ਗੜੇਮਾਰੀ ਜਾਂ ਹੋਰ ਕੁਦਰਤੀ ਆਫ਼ਤਾਂ ਕਾਰਨ ਖ਼ਰਾਬ ਹੋ ਜਾਂਦੀ ਹੈ ਅਤੇ ਸਰਕਾਰ ਨੂੰ ਅਜਿਹੀਆਂ ਅਨਿਸ਼ਚਿਤਵਾਂ ਕਾਰਨ ਕਿਸਾਨਾਂ ਦੀ ਆਮਦਨ ਦੇ ਘਾਟੇ ਦਾ ਅਹਿਸਾਸ ਹੈ। ਸੂਬਾ ਸਰਕਾਰ ਨੇ ਪ੍ਰਤੀ ਏਕੜ ਮੌਜੂਦਾ ਤੈਅ ਮੁਆਵਜਾ ਦਰ 8000 ਤੋਂ 12000 ਤੱਕ ਵਧਾ ਦਿੱਤੀ ਹੈ ਤਾਂ ਜੋ ਕਿਸਾਨਾਂ ਦੇ ਫਸਲੀ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਜਟ ‘ਚ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਦੇ 50 ਹਜ਼ਾਰ ਤੱਕ ਦੇ ਕਰਜ਼ ਨੂੰ ਮੁਆਫ਼ ਕਰਨ ਦੀ ਤਜਵੀਜ ਵੀ ਰੱਖੀ ਗਈ ਹੈ।
ਭਲਾਈ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਸਾਲ 2017-18 ਦੌਰਾਨ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਐਸ.ਸੀ./ਬੀ.ਸੀ ਬੇਘਰੇ ਗਰੀਬ ਪਰਿਵਾਰਾਂ ਲਈ 2000 ਘਰਾਂ ਦੀ ਉਸਾਰੀ ਕਰਵਾਏਗੀ ਅਤੇ ਇਨ੍ਹਾਂ ਮਕਾਨਾਂ ਲਈ ਮੁਫ਼ਤ ਜ਼ਮੀਨ ਉਪਲੱਬਧ ਕਰਵਾਏਗੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਗਰੀਬ ਬੇਘਰੇ ਪਰਿਵਾਰਾਂ ਲਈ 25 ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਪਲਾਟਾਂ/ਮਕਾਨਾਂ ਦੀ ਅਲਾਟਮੈਂਟ ਨਾਲ ਸਬੰਧਤ ਸਮੁੱਚੀਆਂ ਸਰਕਾਰੀ ਸਕੀਮਾਂ ਵਿੱਚ ਅਨੁਸੂਚਿਤ ਜਾਤਾਂ ਦੇ ਰਾਖਵੇਂਕਰਨ ਨੂੰ 15 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤਾ ਹੈ।
ਧਰਮਸੋਤ ਨੇ ਦੱਸਿਆ ਕਿ ਸਾਡੀ ਸਰਕਾਰ ਨੇ 2017-18 ਦੌਰਾਨ ਲਗਭੱਗ 8000 ਹੈਕਟੇਅਰ ਰਕਬੇ ‘ਤੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਹੈ ਤਾਂ ਜੋ ਵਾਤਾਵਰਣ ਸੰਤੁਲਨ ਅਤੇ ਜੰਗਲੀ ਜੀਵਾਂ ਲਈ ਸੁਰੱਖਿਅਤ ਰੱਖਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਜੰਗਲਾਤ, ਜੰਗਲੀ ਜੀਵਾਂ ਅਤੇ ਵਾਤਾਵਰਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੱਤੇਵਾੜਾ, ਲੁਧਿਆਣਾ ਵਿਖੇ ਇੱਕ ਨੇਚਰ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ।
ਭਲਾਈ ਮੰਤਰੀ ਨੇ ਦੱਸਿਆ ਕਿ ਸਰਕਾਰ ਦੀ ਤਰਜੀਹ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਕਰਨਾ ਹੈ। ਸਾਡੀ ਸਰਕਾਰ ਨੇ ਸਾਰੀਆਂ ਜ਼ਰੂਰੀ ਵਸਤਾਂ ਆਮ ਆਦਮੀ ਤੱਕ ਪਹੁੰਚਾਉਣ ਲਈ ਆਟਾ ਦਾਲ ਸਕੀਮ ਦਾ ਪੁਨਰ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ ਅਤੇ ਲਾਭ ਪਾਤਰੀਆਂ ਲਈ ਸਮਾਰਟ ਰਾਸ਼ਨ ਕਾਰਡਾਂ ਦੀ ਵਰਤੋਂ ਰਾਹੀਂ ਆਟਾ, ਦਾਲ ਦੇ ਨਾਲ-ਨਾਲ ਚਾਹ-ਪੱਤੀ ਤੇ ਚੀਨੀ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾ ਦੱਸਿਆ ਕਿ ਇਸ ਸਕੀਮ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

Leave a Reply

Your email address will not be published. Required fields are marked *