ਪਟਿਆਲਾ

ਕੈਪਟਨ ਸਰਕਾਰ ਨੂੰ ਧਾਰਾ 63-ਸੀ ਰੱਦ ਕਰਵਾਉਣੀ ਚਾਹੀਦੀ : ਭਾਕਿਯੂ ਡਕੌਂਦਾ

ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿੰਡ ਬਰਸਟ ਦੇ ਸੂਦਖੋਰ ਕ੍ਰਿਪਾਲ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਗਰੀਬ ਕਿਸਾਨ ਕੁਲਵੰਤ ਸਿੰਘ ਪੁੱਤਰ ਛੋਟਾ ਸਿੰਘ ਦੀ ਜਮੀਨ ਦੀ ਦੁਬਾਰਾ 22 ਤਾਰੀਕ ਨੂੰ ਕੁਰਕੀ ਕਰਵਾਉਣ ਦੇ ਅਦਾਲਤ ਵੱਲੋਂ ਹੁਕਮ ਕਰਵਾਏ ਗਏ ਹਨ ਨੂੰ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਕੀਮਤ ਤੇ ਵੀ ਗਰੀਬ ਕਿਸਾਨ ਦੀ ਕੁਰਕੀ ਨਾ ਹੋਣ ਦਿੱਤੀ ਜਾਵੇ।

ਜਿਲ੍ਹੇ ਦੇ ਜਨਰਲ ਸਕੱਤਰ ਸੁੱਚਾ ਸਿੰਘ ਡਕੌਂਦਾ ਨੇ ਕਿਹਾ ਕਿ ਇੱਕ ਪਾਸੇ ਕਰਜੇ ਦੇ ਮਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕੈਪਟਨ ਸਰਕਾਰ ਹਰ ਰੋਜ ਹੀ ਕੁਰਕੀਆਂ ਨਾ ਕਰਨ ਦੀਆਂ ਗੱਲਾਂ ਕਰ ਰਹੀ ਹੈ। ਪਰੰਤੂ ਦੂਜੇ ਪਾਸੇ ਬਰਸਟ ਦੇ ਸੂਦਖੋਰ ਵੱਲੋਂ ਆਪਣੇ ਸਾਰੇ ਪੈਸੇ ਵਿਆਜ ਸਮੇਤ ਵਾਪਸ ਲੈ ਕੇ ਵੀ ਗਰੀਬ ਕਿਸਾਨ ਦੀ ਜਮੀਨ ਹੜੱਪਣ ਲਈ ਤਤਪਰ ਹੈ। ਉਨ੍ਹਾਂ ਨੇ ਕਿਹਾ ਕਿ 22 ਤਾਰੀਕ ਨੂੰ ਹਰ ਹਾਲਤ ਵਿੱਚ ਕੁਰਕੀ ਰੋਕੀ ਜਾਵੇਗੀ। ਜੇਕਰ ਕੋਈ ਅਧਿਕਾਰੀ ਕੁਰਕੀ ਕਰਨ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਪੁਰੀ ਜਿੰਮੇਵਾਰੀ ਪਟਿਆਲਾ ਪ੍ਰਸ਼ਾਂਸ਼ਨ ਦੀ ਹੋਵੇਗੀ।
ਮੀਟਿੰਗ ਵਿੱਚ ਪਟਿਆਲਾ ਬਲਾਕ ਦੇ ਪ੍ਰਧਾਨ ਮਨਜੀਤ ਸਿੰਘ ਮਹਿਮਦਪੁਰ ਜਨਰਲ ਸਕੱਤਰ, ਚੰਦ ਸਿੰਘ ਫਤਿਹਪੁਰ, ਸਮਾਣਾ ਬਲਾਕ ਪ੍ਰਧਾਨ ਟੇਕ ਸਿੰਘ ਅਸਰਪੁਰ, ਸਨੌਰ ਬਲਾਕ ਦੇ ਸੁਖਵਿੰਦਰ ਸਿੰਘ ਤੁਲੇਵਾਲ, ਬਲਦੇਵ ਸਿੰਘ ਬਠੋਈ, ਦਵਿੰਦਰ ਸਿੰਘ ਮਜਾਲ, ਨਿਰਮਲ ਸਿੰਘ ਲਚਕਾਣੀ, ਜਗਤਾਰ ਸਿੰਘ ਬਰਸਟ, ਸੁਰਜੀਤ ਸਿੰਘ ਬਲਬੇੜਾ, ਟਹਿਲ ਸਿੰਘ ਕੱਕੇਪੁਰ, ਕੁਲਦੀਪ ਸਿੰਘ ਸੁਨਿਆਰਹੇੜੀ ਸ਼ਾਮਲ ਹੋਏ। ਅਵਤਾਰ ਸਿੰਘ ਕੌਰਜੀਵਾਲ ਨੇ ਧਾਰਾ 63 ਸੀ ਜਿਸ ਰਾਹੀਂ ਹਰ ਰੋਜ ਪੰਜਾਬ ਵਿੱਚ ਗਰੀਬ ਕਿਸਾਨਾਂ ਦੀਆਂ ਜਮੀਨਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ ਨੂੰ ਰੱਦ ਕਰਵਾਉਣ ਲਈ ਪਹਿਲੀ ਬਾਦਲ ਸਰਕਾਰ ਨੂੰ ਮਿਲਕੇ ਵੀ ਜੋਰਦਾਰ ਮੰਗ ਰੱਖੀ ਗਈ ਸੀ ਅਤੇ ਹੁਣ ਕੈਪਟਨ ਸਰਕਾਰ ਨੂੰ ਧਾਰਾ 63-ਸੀ ਰੱਦ ਕਰਵਾਉਣੀ ਚਾਹੀਦੀ ਹੈ। ਤਾਂ ਜੋ ਛੋਟੀ ਕਿਸਾਨੀ ਨੂੰ ਸੂਦਖੋਰਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 22 ਤਾਰੀਖ ਨੂੰ ਡੱਟ ਕੇ ਕਰੁਕੀ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਐਸ.ਐਸ.ਪੀ. ਪਟਿਆਲਾ ਨੂੰ ਮਿਲਕੇ ਕੁਲਵੰਤ ਸਿੰਘ ਨਾਲ ਜੋ ਠੱਗੀ ਹੋਣ ਜਾ ਰਹੀ ਹੈ ਬਾਰੇ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਇਸ ਕੇਸ ਦੀ ਪੜਤਾਲ ਕਰਵਾ ਕੇ ਕਿਰਪਾਲ ਸਿੰਘ ਤੇ 420 ਵੀ ਦਾ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ।

Leave a Reply

Your email address will not be published. Required fields are marked *