ਨਗਰ ਨਿਗਮ ਮੁਲਾਜ਼ਮਾਂ ਨੇ ਲਟਕਦੀਆਂ ਮੰਗਾਂ ਨੂੰ ਲੈ ਕੇ ਠੋਕਿਆ ਧਰਨਾ
ਪਟਿਆਲਾ 21 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀਯ ਮਜਦੂਰ ਸੰਘ ਪਟਿਆਲਾ ਦੇ ਨਾਲ ਸਬੰਧਤ ਨਗਰ ਨਿਗਮ ਪਟਿਆਲਾ ਦੀਆਂ ਯੂਨੀਅਨਾਂ ਵੱਲੋਂ ਨਗਰ ਨਿਗਮ ਦੇ ਦਫਤਰ ਵਿਖੇ ਭਾਰਤੀਯ ਮਜਦੂਰ ਸੰਘ ਪੰਜਾਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਅਤੇ ਪੰਜਾਬ ਨਗਰ ਪਾਲਿਕਾ ਕਰਮਚਾਰੀ ਮਹਾਂ ਸਪਾ ਦੇ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ।
ਧਰਨਾਕਾਰੀਆਂ ਨੇ ਮੁਲਾਜਮਾਂ ਦੀਆਂ ਕਾਪੀ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਮਾਨਯੋਗ ਮੁੱਖ ਮੰਤਰੀ ਜੀ ਨੂੰ ਰਾਹੀਂ ਮਾਨਯੋਗ ਨਗਰ ਨਿਗਮ ਕਮਿਸ਼ਨਰ ਪਟਿਆਲਾ ਜੀ ਨੂੰ ਮੰਗਾਂ ਸਬੰਧੀ ਪੱਤਰ ਦਿੱਤਾ ਗਿਆ। ਨਗਰ ਨਿਗਮਾਂ/ਨਗਰ ਕੌਂਸਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆ ਹਨ ਜਿਸ ਕਰਕੇ ਕਰਮਚਾਰੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਵਿੱਚ 2004 ਤੋਂ ਬਾਅਦ ਕੰਮ ਕਰ ਰਹੇ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੇਂ ਭਰਤੀ ਕਰਮਚਾਰੀਆਂ ਦੀ ਇਕੱਲੀ ਬੇਸਿਕ ਪੇ ਦਿੱਤੀ ਜਾ ਰਹੀ ਹੈ ਉਨ੍ਹਾਂ ਨੂੰ ਸਾਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ ਅਤੇ ਪਰਖਕਾਲ ਦੀ ਸੀਮਾ ਦਾ ਸਮ੍ਹਾਂ ਇੱਕ ਸਾਲ ਕੀਤਾ ਜਾਵੇ। ਸਮੂੰਹ ਫੀਲਡ ਕਾਮਿਆਂ ਨੂੰ ਕਨਵੇਨਸ ਅਲਾਉਂਸ 960/- ਰੁਪਏ ਦਿੱਤਾ ਜਾਵੇ, ਜਿਨਾਂ ਕਾਮਿਆਂ ਦਾ ਪ੍ਰਮੋਸ਼ਨ ਚੈਨਲ ਨਹੀਂ ਬਣਿਆ ਜਿਵੇਂ ਕਿ ਬੇਲਦਾਰ, ਸਕਿਲਡ ਹੈਲਪਰ, ਬਿਲ ਮੈਸੰਜਰ, ਮੀਟਰ ਰੀਡਰ, ਵਰਕ ਸੁਪਰਵਾਈਜਰ, ਅਤੇ ਦਰੋਗਾ ਵਗੈਰਾ ਦਾ ਪ੍ਰਮੋਸ਼ਨ ਚੈਨਲ ਬਣਾਇਆ ਜਾਵੇ। ਜਿਨ੍ਹਾਂ ਟੈਕਨੀਕਲ ਅਸਾਮੀਆਂ ਦਾ 01/12/2011 ਤੋਂ ਸਰਕਾਰ ਵੱਲੋਂ ਜਾਰੀ ਪੇ ਬੈਂਡ ਸਬੰਧੀ ਝੱਗੜਾ ਹੈ ਉਨ੍ਹਾਂ ਨੂੰ 01-12-2011 ਤੋਂ ਪੇ ਬੈਂਡ ਦਿੱਤਾ ਜਾਵੇ। ਜੇ.ਈ. ਮਕੈਨਿਕਲ ਸਿਵਲ ਅਤੇ ਜੇ.ਈ. ਬਾਗਵਾਨੀ ਸਬੰਧੀ ਪ੍ਰਮੋਸ਼ਨਾਂ ਕਰਕੇ ਜਲਦੀ ਹੀ ਪੋਸਟਾਂ ਭਰੀਆਂ ਜਾਣ, ਕਾਰਪੋਰੇਸ਼ਨਾਂ/ਨਗਰ ਕੌਂਸਲਾਂ ਦੇ ਅਕਾਉਂਟੈਂਸੀ (ਆਕਾਊਂਟਸ) ਦੇ ਪੇਪਰਾਂ ਤੇ ਲਗਾਈ ਰੋਕ ਖੋਲੀ ਜਾਵੇ। ਸਤਵਾਂ ਪੇ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ। ਮੀਨੀਮਮ ਵੇਜ ਕੇਂਦਰ ਦੇ ਅਨੁਸਾਰ ਸਮੂੰਹ ਕਾਮਿਆਂ ਤੇ ਤੁਰੰਤ ਲਾਗੂ ਕੀਤਾ ਜਾਵੇ। ਠੇਕੇਦਾਰੀ ਪ੍ਰਥਾ/ਆਊਟ ਸੋਰਸਿੰਗ (ਸਰਕਾਰੀ/ਪ੍ਰਾਈਵੇਟ ਖੇਤਰ ਵਿੱਚ) ਮੁਕੰਮਲ ਤੌਰ ਤੇ ਬੰਦ ਕਰਕੇ ਜਿਨ੍ਹਾਂ ਮੁਲਾਜਮਾਂ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ ਨੂੰ ਰੈਗੂਲਰ/ਪੱਕਾ ਕੀਤਾ ਜਾਵੇ। ਰਿਟਾਇਰਡ ਕਰਮਚਾਰੀਆਂ ਦੇ ਬਕਾਇਆ ਜਾਤ ਗਰੈਚੂਟੀ ਆਦਿ ਤੁਰੰਤ ਦਿੱਤੇ ਜਾਣ ਅਤੇ ਉਨ੍ਹਾਂ ਦਾ ਰਹਿੰਦਾ ਬਕਾਇਆ ਵੀ ਤੁਰੰਤ ਦਿੱਤਾ ਜਾਵੇ। ਸਰਕਾਰੀ ਕਰਮਚਾਰੀ ਦੀ ਮੌਤ ਉਪਰੰਤ ਮਿਲਣ ਵਾਲੀ ਐਕਸਗਰੇਸ਼ੀਆ ਗਰਾਂਟ ਸਮੇਂ ਨੂੰ ਮੁੱਖ ਰੱਖਦੇ ਹੋਏ ਇੱਕ ਲੱਖ ਤੋਂ ਵਧਾ ਕੇ 3 ਲੱਖ ਕੀਤੀ ਜਾਵੇ। ਇਸ ਮੌਕੇ ਮਿਊਂਸਪਲ ਵਰਕਰ ਯੂਨੀਅਨ,ਟੈਕਨੀਕਲ ਇੰਪਲਾਈਜ਼ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਮਹਾ ਸੰਘ, ਸਫਾਈ ਸੇਵਕ, ਠੇਕਾ ਸਫਾਈ ਕਰਮਚਾਰੀ ਯੂਨੀਅਨ ਆਦਿ ਦੇ ਸਮੂੰਹ ਕਰਮਚਾਰੀ ਹਾਜਰ ਸਨ।

