ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ ‘ਚ ਯੋਗ ਦਿਵਸ ਮਨਾਇਆ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ,ਧਾਮੋਮਾਜਰਾ, ਪਟਿਆਲਾ ਵਿਖੇ ਐੱਨ.ਐੱਸ.ਐੱਸ. ਅਤੇ ਰੈੱਡ ਰਿਬਨ ਕਲਬ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।
ਯੋਗਾ ਸਵਸਥ ਰਹਿਣ ਦਾ ਮੰਤਰ ਹੈ ਜਿਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਅਤੇ ਸਟਾਫ਼ ਵਾਸਤੇ ਯੋਗਾ ਕੈੱਪ ਦਾ ਆਯੋਜਨ ਕੀਤਾ ਗਿਆ। ਡਾ. ਚਮਕੌਰ ਸਿੰਘ (ਅਸਿਸਟੈਂਟ ਪ੍ਰੋਫੈਸਰ, ਮਾਤਾ ਸੁੰਦਰੀ ਯੁਨੀਵਰਸਿਟੀ ਕਾਲਜ, ਮਾਨਸਾ) ਇਸ ਦਿਨ ਦੇ ਰਿਸੋਰਸ ਪਰਸਨ ਰਹੇ।ਇਸ ਕੈਂਪ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਜ਼ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ। ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਯੋਗ ਵਿਦਿਆ ਭਾਰਤ ਦੀ ਪ੍ਰਾਚੀਨ ਵਿਦਿਆ ਹੈ ਜਿਸਦਾ ਲੋਹਾ ਵਿਸ਼ਵ ਭਰ ਨੇ ਸਵੀਕਾਰ ਕੀਤਾ ਹੈ। ਰੋਗ, ਤਨਾਅ ਅਤੇ ਦੁੱਖ ਮੁਕਤ ਜੀਵਨ ਯੋਗ ਦੇ ਬਿਨਾਂ ਸੰਭਵ ਨਹੀਂ ਹੈ। ਯੋਗ ਨਾਲ ਵਿਆਕਤੀ ਆਪਣੇ ਸੁਭਾਅ ਵਿੱਚ ਪੂਰੀ ਤਰ੍ਹਾਂ ਤਬਦੀਲੀ ਲਿਆ ਸਕਦਾ ਹੈ ਅਤੇ ਉਹ ਆਪਣੇ ਅੰਦਰ ਸਮੋਏ ਗਿਆਨ ਤੇ ਸ਼ਕਤੀ ਦਾ ਪੂਰਨ ਜਾਗਰਣ ਵੀ ਕਰ ਸਕਦਾ ਹੈ। ਇਸ ਮੌਕੇ ਡਾ.ਚਮਕੌਰ ਸਿੰਘ ਨੇ ਕਿਹਾ ਕਿ ਯੋਗ ਸਵਸਥ ਜ਼ਿੰਦਗੀ ਦਾ ਆਧਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿਚਲੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਯੋਗ ਇੱਕ ਉਤਮ ਸਾਧਨ ਹੈ। ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ ਅਤੇ ਪ੍ਰਣਾਯਾਮ ਦਾ ਪ੍ਰਦਰਸ਼ਨ ਕਰਕੇ ਮਨੁੱਖੀ ਜੀਵਨ ਵਿੱਚ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ. ਹਰਬੰਸ ਸਿੰਘ ਗਿੱਲ (ਮੈਂਬਰ, ਲੋਕਲ ਕਾਲਜ ਮੈਨੇਜਿੰਗ ਕਮੇਟੀ ) ਅਤੇ ਸ੍ਰੀਮਤੀ ਸੁਖਜੀਤ ਕੌਰ (ਐਥਲੈਟਿਕ ਕੋਚ, ਡਿਸਟ੍ਹਿਕਟ ਸਪੋਰਟਸ ਆਫਿਸ, ਪਟਿਆਲਾ) ਵੀ ਸ਼ਾਮਲ ਹੋਏ।

