ਪੰਜਾਬ

ਪੰਜਾਬ ਦਾ ਬਜਟ ਉੱਦੇਸ਼ਹੀਣ ਅਤੇ ਦਿਸ਼ਾਹੀਨ : ਫੂਲਕਾ

ਚੰਡੀਗੜ੍ਹ 21 ਜੂਨ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਬਜਟ 2017-18 ਨੂੰ ਉਦੇਸ਼ਹੀਨ ਅਤੇ ਦਿਸ਼ਾਹੀਨ ਕਰਾਰ ਦਿੰਦਿਆ ਇਸਨੂੰ ਦਿਸ਼ਾਂ ਨਿਰਦੇਸ਼ਾਂ ਅਤੇ ਪ੍ਰਭਾਵੀ ਪ੍ਰੋਗਰਾਮਾਂ ਤੋਂ ਰਹਿਤ ਦੱਸਿਆ ਹੈ।

ਬਜਟ ਦੇ ਹਾਊਸ ਦੀ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਸ. ਫੂਲਕਾ ਨੇ ਕਿਹਾ ਕਿ ਇਸ ਬਜਟ ਤੋਂ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਨੇ ਚੋਣਾ ਦੋਰਾਨ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਉਹਨਾਂ ਵਾਅਦਿਆਂ ਤੋਂ ਮੁਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਖੇਤੀਬਾੜੀ, ਸਿਹਤ, ਸਿੱਖਿਆ, ਕਮਜ਼ੋਰ ਅਤੇ ਐਸ. ਸੀ. ਵਰਗ ਦੀ ਭਲਾਈ, ਰੋਜ਼ਗਾਰ, ਬੁਢਾਪਾ ਪੈਂਸ਼ਨ, ਤਨਖਾਹਾਂ ਦੇ ਆਵੰਟਨ ਆਦਿ ਦੀ ਗੱਲ ਕਰੀਏ ਤਾਂ ਸਰਕਾਰ ਦੁਆਰਾ ਅਪਣਾਏ ਗਏ ਰਸਤੇ ਤੋਂ ਇਹ ਸਪਸ਼ਟ ਹੈ ਕਿ ਕਾਂਗਰਸ ਵੀ “ਪੂਰਾਣੀ ਕਿਤਾਬ ਤੇ ਨਵੇਂ ਕਵਰ“ ਵਾਂਗ ਹੀ ਹੈ।
ਸ. ਫੂਲਕਾ ਨੇ ਕਿਹਾ ਕਿ 10.20 ਲੱਖ ਕਿਸਾਨਾਂ ਦੀ 1500 ਕਰੋੜ ਰੁਪਏ ਜਾਰੀ ਕਰਕੇ ਕੀਤੀ ਗਈ ਕਰਜ਼ਾ-ਮਾਫੀ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਗਿਆ ਇੱਕ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 80,000 ਕਰੋੜ ਦੇ ਕਰੀਬ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਕੁੱਲ ਘਰੇਲੂ ਉਤਪਾਦਾਂ ਦਾ 6% ਹਿੱਸਾ ਸਿੱਖਿਆ ਤੇ ਖਰਚਣ ਦਾ ਵਾਅਦਾ ਕੀਤਾ ਸੀ, ਜਦਕਿ ਸਰਕਾਰ ਨੇ ਸਿਰਫ 2.3% ਹਿੱਸਾ ਹੀ ਜਾਰੀ ਕੀਤਾ। ਸ. ਫੂਲਕਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਿੱਖਿਆ ਉੱਪਰ ਕਰਮਵਾਰ 15.5% ਅਤੇ 17% ਖਰਚ ਕਰ ਰਹੇ ਹਨ, ਜਦਕਿ ਬਜਟ ਵਿੱਚ ਇਹ ਸਿਰਫ 9% ਹੀ ਹੈ।
ਰੋਜ਼ਗਾਰ ਬਾਰੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ “ਘਰ-ਘਰ ਰੋਜ਼ਗਾਰ“ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦੁਆਰਾ ਖਾਲੀ ਪਈਆਂ ਪੋਸਟਾਂ ਨੂੰ ਭਰਨ ਅਤੇ ਨਵੀਆਂ ਪੋਸਟਾਂ ਬਾਰੇ ਕੋਈ ਵੀ ਪ੍ਰਵੰਧ ਨਹੀਂ ਕੀਤਾ ਗਿਆ ਹੈ। ਸ. ਫੂਲਕਾ ਨੇ ਕਿਹਾ ਕਿ ਇਸ ਸੰਬੰਧੀ ਸਰਕਾਰ ਨੇ ਬਜਟ ਨੂੰ 19799 ਕਰੋੜ ਤੋਂ ਸਿਰਫ 20872 ਕਰੋੜ ਕੀਤਾ ਹੈ, ਜੋ ਕਿ ਬਹੁਤ ਹੀ ਮਾਮੂਲੀ ਵਾਧਾ ਹੈ ਅਤੇ ਇਸ ਤੋਂ ਸਪਸ਼ਟ ਹੈ ਕਿ ਇਹਨਾਂ ਪੋਸਟਾਂ ਨੂੰ ਭਰਨ ਲਈ ਸਰਕਾਰ ਕੋਲ ਕੋਈ ਵੀ ਪ੍ਰੋਪੋਜ਼ਲ ਨਹੀਂ ਹੈ।
ਇਸ ਦੇ ਉਲਟ ਠੇਕੇ ਤੇ ਰੱਖੇ ਹੋਏ ਕਿਸੇ ਵੀ ਇੰਪਲਾਈ ਨੂੰ ਰੈਗੂਲਰ ਨਹੀਂ ਕੀਤਾ ਗਿਆ ਹੈ, ਜਦਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਵਾਅਦਾ ਕੀਤਾ ਸੀ।
ਆਪਣੇ ਕੀਤੇ ਵਾਅਦੇ ਦੇ ਉਲਟ ਕਾਂਗਰਸ ਸਰਕਾਰ ਬੁਢਾਪਾ ਪੈਂਸ਼ਨ ਨੂੰ ਸਿਰਫ 750/- ਰੁਪਏ ਹੀ ਕਰ ਰਹੀ ਹੈ ਅਤੇ ਨਾਲ ਹੀ ਸਰਕਾਰ ਵਲੋਂ ੫ ਨਵੇਂ ਡਿਗਰੀ ਕਾਲਜ ਖੋਲੇ ਜਾਣਗੇ, ਜਦਕਿ ਪਹਿਲਾਂ ਤੋਂ ਚੱਲ ਰਹੇ ਕਾਲਜਾਂ ਵਿੱਚ ਪੜਾਉਣ ਲਈ ਪ੍ਰੋਫੈਸਰਜ਼ ਹੀ ਨਹੀਂ ਹਨ।
ਇਸ ਤੋਂ ਇਲਾਵਾ ਸੁਬੇ ਦੀ ਕਮਜ਼ੋਰ ਆਰਥਿਕ ਸਥਿਤੀ ਦੇ ਬਾਵਜੂਦ ਵੀ, ਵਿੱਤੀ ਸੰਗਠਤਾ, ਫਾਲਤੂ ਖਰਚਿਆਂ ਤੇ ਲਗਾਮ, ਵਿੱਤੀ ਘਾਟਾ ਘੱਟ ਕਰਨ ਅਤੇ ਕੈਪੀਟਲ ਖਰਚਿਆਂ ਵਿੱਚ ਵਾਧਾ ਕਰਨ ਸੰਬੰਧੀ ਕੋਈ ਵੀ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *