Tuesday, October 13, 2026
Latest:
ਪੰਜਾਬ

ਬਜਟ ਸੈਸ਼ਨ ਦੋਰਾਨ ਵਿਰੋਧੀ ਧਿਰਾਂ ਨੇ ਨਿਯਮਾਵਲੀ ਦੇ ਉਲਟ ਕੀਤੀਆਂ ਕਾਰਵਾਈਆਂ : ਪੰਜਾਬ ਵਿਧਾਨ ਸਭਾ

ਰਾਣਾ ਕੇ.ਪੀ. ਸਿੰਘ ਨੇ ਸਦਨ ਵਿੱਚ ਵਾਪਰੀ ਅਰਾਜਕਤਾ ਤੇ ਪ੍ਰਗਟਾਈ ਨਰਾਜ਼ਗੀ
ਚੰਡੀਗੜ੍ਹ 22 ਜੂਨ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੋਰਾਨ ਅੱਜ ਵਿਰੋਧੀ ਧਿਰ ਦੀਆਂ ਆਮ ਆਦਮੀ ਪਾਰਟੀ ਅਤੇ ਲੋਕ ਇੰਸਾਫ ਪਾਰਟੀ ਨੇ ਸਮਾਗਮ ਦੀ ਕਾਰਵਾਈ ਨੂੰ ਬਾਧਿਤ ਕਰਨ ਦੇ ਮਕਸਦ ਨਾਲ ਨਾਹਰੇ ਬਾਜ਼ੀ ਕੀਤੀ ਗਈ ਅਤੇ ਸਕਿਓਰਿਟੀ ਸਟਾਫ ਨਾਲ ਧੱਕਾ ਮੁੱਕੀ ਕੀਤੀ ਜਿਸ ਕਾਰਣ ਉਨ੍ਹਾਂ ਨੂੰ ਸਦਨ ਵਿੱਚੋਂ ਬਾਹਰ ਕਰਨਾ ਪਿਆ।

ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ 22 ਜੂਨ, 2017 ਨੂੰ ਪੂਰਵ ਦੁਪਹਿਰ 10:30 ਵਜੇ ਪ੍ਰਸ਼ਨ ਕਾਲ ਦੇ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਪ੍ਰਸ਼ਨ ਕਾਲ ਦੀ ਕਾਰਵਾਈ ਵਿੱਚ ਘੋਰ ਵਿਘਨ ਪਾਇਆ ਗਿਆ ਅਤੇ ਚੇਅਰ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹ ਅਜਿਹਾ ਕਰਨ ਤੋਂ ਨਹੀਂ ਰੁਕੇ, ਜਿਸ ਕਰਕੇ ਸਪੀਕਰ ਸਾਹਿਬ ਨੂੰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਨੂੰ ਨੇਮ ਕਰਨਾ ਪਿਆ ਤੇ ਸਦਨ ਦੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਉਨ੍ਹਾਂ ਨੂੰ ਅੱਜ ਦੀ ਬੈਠਕ ਦੇ ਰਹਿੰਦੇ ਸਮੇਂ ਲਈ ਮੁਅੱਲਤ ਕਰਨਾ ਪਿਆ।
ਬੁਲਾਰੇ ਨੇ ਦੱਸਿਆ ਕਿ ਮਾਨਯੋਗ ਸਪੀਕਰ ਸਾਹਿਬ ਦੇ ਇਨ੍ਹਾਂ ਹੁਕਮਾਂ ਅਨੁਸਾਰ ਸਦਨ ਵਿੱਚ ਤੈਨਾਤ ਸਕਿਓਰਿਟੀ ਸਟਾਫ ਦੁਆਰਾ ਜਦੋਂ ਇਨ੍ਹਾਂ ਨੇਮ ਕੀਤੇ ਗਏ ਮੈਂਬਰਾਂ ਨੂੰ ਮਾਰਸ਼ਲ ਦੁਆਰਾ ਹਾਊਸ ਵਿੱਚੋਂ ਬਾਹਰ ਲਿਜਾਣ ਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੇ ਮੈਂਬਰ ਸ਼੍ਰੀ ਜੈ ਕ੍ਰਿਸ਼ਨ ਵੱਲੋਂ ਹਾਊਸ ਦੀ ਸਕਿਓਰਟੀ ਡਿਊਟੀ ਤੇ ਤੈਨਾਤ ਇਕ ਲੇਡੀ ਸਟਾਫ ਨੂੰ ਮੁੱਕਾ ਮਾਰਿਆ ਗਿਆ ਅਤੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਇਨ੍ਹਾਂ ਮੈਂਬਰਾਂ ਵੱਲੋਂ ਸਦਨ ਦੀ ਜਾਇਦਾਦ ਨੂੰ ਨੁਕਸਾਨ ਵੀ ਪਹੁਚਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਅੱਜ ਪੂਰਵ ਦੁਪਹਿਰ 11:20 ਵਜੇ ਅਨੁਮਾਨਾਂ ਤੇ ਬਹਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਦਨ ਵਿੱਚ ਹਾਜ਼ਰ ਮੈਂਬਰ ਸਹਿਬਾਨ ਵੀ ਨਾਹਰੇ ਲਗਾਉਂਦੇ ਹੋਏ ਸਦਨ ਦੀ ਫਲੋਰ ਕਰੋਸ ਕਰਕੇ ਵਾਕ ਆਊਟ ਕਰ ਗਏ। ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਦੁਬਾਰਾ ਸਦਨ ਵਿੱਚ ਆਏ ਤਾਂ ਉਹ ਨਾਹਰੇ ਮਾਰਦੇ ਹੋਏ ਸਦਨ ਦੇ ਵੈਲ ਵਿੱਚ ਪਹੁੰਚ ਗਏ ਅਤੇ ਬਹੁਤ ਸ਼ੋਰ ਸ਼ਰਾਬਾ ਕੀਤਾ। ਸਪੀਕਰ ਸਾਹਿਬ ਵੱਲੋਂ ਬਾਰ-ਬਾਰ ਆਪਣੀ ਸੀਟ ਤੇ ਜਾਣ ਦੀ ਅਪੀਲ ਤੇ ਉਨਾਂ ਨੇ ਕੋਈ ਅਮਲ ਨਹੀਂ ਕੀਤਾ। ਨਿਯਮਾਵਲੀ ਦੇ ਉਲਟ ਕੀਤੀਆਂ ਕਾਰਵਾਈਆਂ ਦੇ ਕਾਰਨ ਮਜਬੂਰੀ ਵਸ ਸਪੀਕਰ ਸਾਹਿਬ ਵੱਲੋਂ ਉਹਨਾਂ ਮੈਬਰਾਂ ਨੂੰ ਵੀ ਨੇਮ ਕੀਤਾ ਗਿਆ ਅਤੇ ਸਦਨ ਅਤੇ ਪ੍ਰੀਮਿਸਜ਼ ਵਿੱਚੋਂ ਬਾਹਰ ਭੇਜਣ ਦੇ ਆਦੇਸ਼ ਕੀਤੇ ਗਏ। ਇਸ ਦੌਰਾਨ ਸਦਨ ਨੂੰ ਦੋ ਵਾਰ ਸਥੱਗਿਤ ਵੀ ਕਰਨਾ ਪਿਆ।
ਅਜਿਹੀਆਂ ਮੰਦਭਾਗੀ ਘਟਨਾਵਾਂ ਕਰਕੇ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਦਨ ਵਿੱਚ ਹਾਜ਼ਰ ਮੈਂਬਰ ਸਹਿਬਾਨ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅੱਜ ਜੋ ਵੀ ਇਸ ਪਵਿੱਤਰ ਸਦਨ ਵਿੱਚ ਵਾਪਰਿਆ ਉਹ ਸਦਨ ਦੀਆਂ ਪਿਛਲੀਆਂ ਸਥਾਪਿਤ ਪ੍ਰੰਪਰਾਵਾਂ ਅਤੇ ਰਿਵਾਇਤਾਂ ਅਨੁਸਾਰ ਬਿਲਕੁਲ ਵੀ ਉਚਿਤ ਨਹੀਂ ਸੀ। ਸਮੂਹ ਸਦਨ ਨੇ ਆਪੋਜ਼ੀਸ਼ਨ ਦੇ ਇਨ੍ਹਾਂ ਮੈਂਬਰ ਸਾਹਿਬਾਨਾਂ ਵੱਲੋਂ ਕੀਤੀਆਂ ਮੰਦਭਾਗੀ ਕਾਰਵਾਈਆਂ ਦੀ ਪੁਰਜ਼ੋਰ ਨਿੰਦਾ ਕੀਤੀ ਅਤੇ ਪਵਿੱਤਰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੇ ਹਨਨ ਦੇ ਮਾਮਲੇ ਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਵਿੱਚ ਵਾਪਰੀ ਅਰਾਜਕਤਾ ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪਵਿੱਤਰ ਸਦਨ ਦੀ ਮਰਿਆਦਾ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੈਰ ਸਵਿਧਾਨਿਕ ਹਰਕਤਾਂ ਲੋਕਤੰਤਰ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਲਾ ਧੱਬਾ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੁੱਦੇ ਛੱਡ ਕੇ ਸਦਨ ਅੰਦਰ ਆਪਣੇ ਸੁਆਰਥੀ ਰਾਜਨੀਤਿਕ ਮੁੱਦਿਆ ਵੱਲ ਸਦਨ ਨੂੰ ਭਟਕਾ ਕੇ ਰੱਖੇ ਜਾਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Leave a Reply

Your email address will not be published. Required fields are marked *