ਦੇਸ਼-ਵਿਦੇਸ਼ਪੰਜਾਬ

ਝੂਠੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ ਨਾ ਬਣਾਓ: ਅਕਾਲੀ ਦਲ

ਦੱਸੋ ਤੁਸੀਂ ਪੰਜਾਬ ਲਈ ਕਿਹੜਾ ਇੱਕ ਵੀ ਕੰਮ ਕੀਤਾ ਹੈ: ਸੁਖਦੇਵ ਢੀਂਡਸਾ
ਕਿਹਾ ਕਿ ਕਾਂਗਰਸ ਸਰਕਾਰ ਧੋਖਾ ਦੇ ਰਹੀ ਵਾਰ ਵਾਰ
ਚੰਡੀਗੜ•/29 ਜੂਨ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੇ। ਇਸ ਦੀ ਬਜਾਇ ਉਹ ਲੋਕਾਂ ਨੂੰ ਦੱਸੇ ਕਿ ਉਸ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਲਈ ਕਿਹੜਾ ਇੱਕ ਵੀ ਕੰਮ ਕੀਤਾ ਹੈ।

ਪੰਜਾਬ ਕਾਂਗਰਸ ਉੱਤੇ ਲੋਕਾਂ ਨੂੰ ਕਦੇ ਨਾ ਪੂਰੇ ਹੋ ਸਕਣ ਵਾਲੇ ਸੁਫਨੇ ਵਿਖਾਉਣ ਦਾ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਕਾਂਗਰਸ ਨੇ ਹੁਣ ਤੀਕ ਕੁਝ ਵੀ ਕੀਤਾ ਹੈ ਤਾਂ ਲੋਕਾਂ ਨੂੰ ਦੱਸੇ। ਉਹਨਾਂ ਕਿਹਾ ਕਿ ਅਸੀਂ ਉਹਨਾਂ ਕੰਮਾਂ ਬਾਰੇ ਕੁੱਝ ਨਹੀਂ ਸੁਣਨਾ ਚਾਹੁੰਦੇ ਜੋ ਤੁਸੀਂ ਅਜੇ ਕਰਨ ਦਾ ਇਰਾਦਾ ਰੱਖਦੇ ਹੋ। ਉਹਨਾਂ ਕੰਮਾਂ ਬਾਰੇ ਐਲਾਨ ਕਰਨ ਵਾਸਤੇ ਤੁਹਾਨੂੰ ਸਰਕਾਰੀ ਪੈਸਾ ਬਰਬਾਦ ਕਰਨ ਦੀ ਲੋੜ ਨਹੀਂ ਹੈ। ਸਿਰਫ ਇਹ ਦੱਸੋ ਕਿ ਤੁਸੀਂ ਹੁਣ ਤੀਕ ਕਿਹੜਾ ਚੋਣ ਵਾਅਦਾ ਪੂਰਾ ਕੀਤਾ ਹੈ।
ਕਾਂਗਰਸ ਸਰਕਾਰ ਵੱਲੋਂ ਤਾਜ਼ਾ ਇਸ਼ਤਿਹਾਰਬਾਜ਼ੀ ਵਿਚ ਬੋਲੇ ਗਏ ਝੂਠਾਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਤੁਸੀਂ ਅਜੇ ਤੀਕ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ। ਤੁਸੀਂ ਪਿਛਲੇ ਤਿੰਨ ਸਾਲਾਂ ਦੌਰਾਨ ਗਿਰਫਤਾਰ ਕੀਤੇ ਨਸ਼ਾ ਤਸਕਰੀ ਦੇ ਸਰਗਨਿਆਂ ਦੀ ਸੂਚੀ ਵੀ ਅਜੇ ਤਿਆਰ ਕਰਨੀ ਹੈ। ਤੁਸੀਂ ਅਜੇ ਤੀਕ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਹੈ। ਅਜਿਹੀ ਝੂਠੀ ਇਸ਼ਤਿਹਾਰਬਾਜ਼ੀ ਨਾਲ ਤੁਸੀਂ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ?
ਅਕਾਲੀ ਸਾਂਸਦ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਇੱਕ ਵੀ ਪ੍ਰਾਪਤੀ ਨਾ ਕਰਨ ਵਾਲੀ ਕਾਂਗਰਸ ਸਰਕਾਰ ਦੀ ਇਸ਼ਤਿਹਾਰਬਾਜ਼ੀ ਵਿਚ, ਪਿਛਲੀ ਅਕਾਲੀ -ਭਾਜਪਾ ਸਰਕਾਰ ਦੁਆਰਾ ਕੀਤੇ ਕੰਮਾਂ ਦਾ ਸਿਹਰਾ ਆਪਣੇ ਸਿਰ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇੱਕ ਝੂਠਾ ਦਾਅਵਾ ਇਹ ਕੀਤਾ ਗਿਆ ਹੈ ਕਿ ਨਸ਼ਿਆਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਮੁੜ-ਵਸੇਬਾ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਾਰੇ ਜਾਣਦੇ ਹਨ ਕਿ ਨਸ਼ਿਆਂ ਖਿਲਾਫ ਇੱਕ ਵਿਆਪਕ ਮੁੜ ਵਸੇਬਾ ਪ੍ਰੋਗਰਾਮ ਸਰਦਾਰ ਪਰਕਾਸ਼ ਸਿੰਘ ਬਾਦਲ ਸਰਕਾਰ ਦੁਆਰਾ ਪੀਜੀਆਈਐਮਈਆਰ ਦੇ ਸਹਿਯੋਗ ਨਾਲ ਸੁਰੂ ਕੀਤਾ ਗਿਆ ਸੀ। ਕਾਂਗਰਸ ਸਰਕਾਰ ਨੇ ਇਸ ਪ੍ਰੋਗਰਾਮ ਵਿਚ ਕੋਈ ਇਜਾਫਾ ਨਹੀਂ ਕੀਤਾ ਹੈ।
ਅਕਾਲੀ ਆਗੂ ਨੇ ਕਾਂਗਰਸ ਸਰਕਾਰ ਵੱਲੋਂ ‘ਆਪਣੀ ਗੱਡੀ ਆਪਣਾ ਰੁਜ਼ਗਾਰ ਸਕੀਮ’ ਦੇ ਨਾਂ ਉੱਤੇ ਮਾਰੀ ਜਾ ਰਹੀ ਫੜ• ਨੂੰ ਪੰਜਾਬੀ ਨੌਜਵਾਨਾਂ ਦੇ ਪਿੱਠ ਵਿਚ ਛੁਰਾ ਮਾਰਨ ਦੇ ਤੁੱਲ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਹਰ ਘਰ ਵਿਚ ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਹੁਣ ਇਸ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਪੰਜਾਬ ਦੇ ਨੌਜਵਾਨਾਂ ਨੂੰ ਬਹੁ-ਕੌਮੀ ਕੰਪਨੀਆਂ ਵਾਸਤੇ ਟੈਕਸੀ ਡਰਾਇਵਰ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀਆਂ ਅਤੇ ਉਦਯੋਗਿਕ ਘਰਾਣਿਆਂ ਅੰਦਰ ਵਧੀਆ ਨੌਕਰੀਆਂ ਚਾਹੁੰਦੇ ਹਨ। ਕਾਂਗਰਸ ਸਰਕਾਰ ਉਹਨਾਂ ਨੂੰ ਟੈਕਸੀ ਡਰਾਇਵਰ ਬਣਾਉਣ ਤੋਂ ਉੱਪਰ ਕੁੱਝ ਨਹੀਂ ਸੋਚ ਸਕਦੀ ਜਾਂ ਫਿਰ ਉਹਨਾਂ ਨੂੰ ਮੋਟਰ ਸਾਇਕਲ ਖਰੀਦਣ ਅਤੇ ਪਿਛਲੀ ਸੀਟ ਤੇ ਬਿਠਾ ਕੇ ਸਵਾਰੀਆਂ ਢੋਣ ਵਾਸਤੇ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਹਨਾਂ ਸਕੀਮਾਂ ਨੂੰ ਵੀ ਲਾਗੂ ਕਰਨ ਵਾਸਤੇ ਬਜਟ ਵਿਚ ਕੋਈ ਪੈਸਾ ਨਹੀਂ ਰੱਖਿਆ ਗਿਆ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਇਸ਼ਤਿਹਾਰਬਾਜ਼ੀ ਵਿਚ ਕੀਤੇ ਜਾ ਰਹੇ ਦਾਅਵੇ ‘ ਵਾਅਦੇ ਨਿਭਾ ਰਹੀ ਲਗਾਤਾਰ’ ਦੀ ਥਾਂ ਪੰਜਾਬ ਕਾਂਗਰਸ ਦੇ ਤਾਜ਼ਾ ਕਾਰਨਾਮਿਆਂ ਨੂੰ ਵੇਖ ਕੇ ‘ ਧੋਖਾ ਦੇ ਰਹੀ ਵਾਰ ਵਾਰ’ ਕਹਿਣਾ ਵੱਧ ਢੁੱਕਵਾਂ ਰਹੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨੀ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਹੋ ਚੁੱਕੀ ਹੈ। 90 ਹਜ਼ਾਰ ਕਰੋੜ ਰੁਪਏ ਦੇ ਕਰਜ਼ਿਆਂ ਵਾਸਤੇ ਸਿਰਫ 1500 ਕਰੋੜ ਰੁਪਏ ਦੀ ਮਾਮੂਲੀ ਰਾਸ਼ੀ ਰੱਖੀ ਗਈ ਹੈ। ਉਹਨਾਂ ਕਿਹਾ ਕਿ ਇਹੀ ਵਜ•ਾ ਹੈ ਕਿ ਹੁਣ ਤਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਗਏ ਹਨ।
ਸਰਦਾਰ ਢੀਂਡਸਾ ਨੇ ਕਾਂਗਰਸ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਸਿਰਫ ਦੋ ਲਾਇਨਾਂ ਵਿਚ ਇਹ ਖੁਲਾਸਾ ਕਰ ਦੇਵੇ ਕਿ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਕਿਸ ਤਾਰੀਕ ਤੋਂ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਹੈ ਕਿ ਇਹ ਵਾਅਦੇ ਨੂੰ ਕਦੋਂ ਅਮਲ ਵਿਚ ਲਿਆਂਦਾ ਜਾਵੇਗਾ, ਕਿਉਂਕਿ ਬਜਟ ਵਿਚ ਇਸ ਵਾਧੂ ਖਰਚੇ ਲਈ ਕੋਈ ਪ੍ਰਬੰਧ ਨਹੀਂ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਤੁਸੀਂ ਸਿਰਫ ਆਪਣੇ ਚੋਣ ਵਾਅਦਿਆਂ ਤੋਂ ਭੱਜਣ ਲਈ ਝੂਠੀ ਅਤੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰ ਰਹੇ ਹੋ। ਅਸੀਂ ਤੁਹਾਨੂੰ ਅਜਿਹਾ ਨਹੀਂ ਕਰਨ ਦਿਆਂਗੇ। ਅਸੀਂ ਲੋਕਾਂ ਸਾਹਮਣੇ ਤੁਹਾਡਾ ਪਰਦਾਫਾਸ਼ ਕਰ ਦਿਆਂਗੇ ਅਤੇ ਤੁਹਾਨੂੰ ਸਾਰੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦਿਆਂਗੇ।

Leave a Reply

Your email address will not be published. Required fields are marked *