18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ: ਪੂਨਮਦੀਪ ਕੌਰ
ਵੋਟ ਬਣਾਉਣ ਦੀ ਅਰਜ਼ੀ ਦੇਣ ਤੋਂ ਬਾਅਦ ਇਸ ਸਾਫਟਵੇਅਰ ਰਾਹੀਂ ਵੋਟ ਬਣੀ ਹੈ ਜਾਂ ਨਹੀਂ, ਦੀ ਵੀ ਟ੍ਰੈਕਿੰਗ ਕੀਤੀ ਜਾ ਸਕਦੀ ਹੈ
ਪਟਿਆਲਾ, 30 ਜੂਨ (ਮਧੂਸਾਰ ਬਿਊਰੋ) ਵੋਟਰ ਸੂਚੀਆਂ ਦੀ ਆਨ-ਲਾਈਨ ਸੁਧਾਈ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਰੋਨੈਟ ਨਾਂ ਦੇ ਪੋਰਟਲ ਦੀ ਸ਼ੁਰੂਆਤ ਦੇਸ਼ ਭਰ ਵਿੱਚ ਕੀਤੀ ਗਈ ਹੈ।
ਦੁਪਹਿਰ 3:15 ਵਜੇ ਜਿੱਥੇ ਸਾਰੇ ਦੇਸ਼ ਵਿੱਚ ਚੋਣ ਕਮਿਸ਼ਨ ਨੇ ਐਰੋਨੈਟ ਦੀ ਸ਼ੁਰੂਆਤ ਕੀਤੀ ਉਥੇ ਪਟਿਆਲਾ ਜ਼ਿਲ੍ਹੇ ਵਿੱਚ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਪੂਨਮਦੀਪ ਕੌਰ ਨੇ ਇਹ ਜ਼ਿੰਮੇਵਾਰੀ ਨਿਭਾਈ ਹੈ।
ਇਸ ਮੌਕੇ ਉਹਨਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਉਸ ਨੂੰ ਛੇਤੀ ਤੋਂ ਛੇਤੀ ਘਰ ਬੈਠੇ ਹੀ ਵੋਟ ਦਾ ਅਧਿਕਾਰ ਦੇਣ ਲਈ ਚੋਣ ਕਮਿਸ਼ਨ ਨੇ ਇਹ ਪੋਰਟਲ ਲਾਂਚ ਕੀਤਾ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਐਰੋਨੈਟ ਵੋਟਰ ਸੂਚੀਆ ਦੀ ਸੁਧਾਈ ਦਾ ਇੱਕ ਨਵਾਂ ਆਨ ਲਾਈਨ ਨੈਸ਼ਨਲ ਪੋਰਟਲ ਹੈ। ਇਹ ਪੋਰਟਲ ਆਮ ਜਨਤਾ ਦੀ ਸਹੂਲੀਅਤ ਲਈ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਪੂਰੇ ਭਾਰਤ ਵਿੱਚ ਅਜਿਹਾ ਪਹਿਲਾ ਰਾਜ ਬਣ ਗਿਆ ਹੈ ਜਿਸ ਵਿੱਚ ਐਰੋਨੈਟ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਵਿੱਚ ਵੋਟਰਾ ਅਤੇ ਆਮ ਜਨਤਾ ਲਈ ਕਈ ਸਹੂਲਤਾ ਦਿੱਤੀਆਂ ਗਈਆਂ ਹਨ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਪੋਰਟਲ ਆਨ ਲਾਈਨ ਅਤੇ ਆਫ ਲਾਈਨ ਦੋਵੇਂ ਵਿਧੀਆ ਰਾਹੀਂ ਕੰਮ ਕਰੇਗਾ। ਇਸ ਦਾ ਭਾਵ ਇਹ ਹੈ ਕਿ ਜੇਕਰ ਕੋਈ ਵਿਅਕਤੀ ਜਿਸਦੀ ਉਮਰ 1-1-2017 ਨੂੰ 18 ਸਾਲ ਪੂਰੀ ਹੋ ਗਈ ਹੈ ਅਤੇ ਉਸਦੀ ਅਜੇ ਤੱਕ ਵੋਟ ਨਹੀਂ ਬਣੀ ਹੈ, ਤਾਂ ਉਹ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਫਾਰਮ ਨੰ: 8, ਇੱਕੋ ਚੋਣ ਹਲਕੇ ਵਿੱਚ ਰਿਹਾਇਸ਼ ਦੀ ਅਦਲਾ ਬਦਲੀ ਕਰਨ ਸਬੰਧੀ ਫਾਰਮ ਨੰ: 8-ਏ ਵਿੱਚ http://nvsp.in ਦੇ ਲਿੰਕ ਤੇ ਜਾ ਕੇ ਆਨ ਲਾਈਨ ਬਿਨੈ ਕਰ ਸਕਦਾ ਹੈ। ਐਰੋਨੈਟ ਪੋਰਟਲ ਨੂੰ http://nvsp.in ਨਾਲ ਜੋੜ ਦਿੱਤਾ ਗਿਆ ਹੈ। ਵੋਟਰਾ ਪਾਸੋਂ ਭਰੇ ਗਏ ਬਿਨੈ ਪੱਤਰ ਸਿੱਧਾ ਐਰੋਨੈਟ ‘ਤੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਆਫ ਲਾਈਨ ਅਪਲਾਈ ਕਰਨ ਸਬੰਧੀ ਆਪਣਾ ਬਿਨੈ ਪੱਤਰ ਆਪਣੇ ਏਰੀਏ ਦੇ ਸਬੰਧਤ ਬੂਥ ਲੇਵਲ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦਾ ਹੈ। ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਐਰਨੈਟ ਪੋਰਟਲ ਤੇ ਆਨ ਲਾਈਨ ਕੀਤਾ ਜਾਣਾ ਹੈ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਐਰੋਨੈਟ ਪੋਰਟਲ ਰਾਹੀਂ ਪ੍ਰਾਪਤ ਹੋਏ ਆਨ –ਲਾਈਨ ਅਤੇ ਆਫ ਲਾਈਨ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਤੇ ਸਮੇਂ-ਸਮੇਂ ਤੇ ਕੀਤੀ ਜਾਣ ਵਾਲੀ ਕਾਰਵਾਈ ਭਾਵ ਦਾਅਵੇ ਅਤੇ ਇਤਰਾਜ ਨੂੰ ਸਵੀਕਾਰ ਕਰਨ/ ਰੱਦ ਕਰਨ, ਵੋਟਰ ਸ਼ਨਾਖਤੀ ਕਾਰਡ ਤਿਆਰ ਹੋਣ ਸਬੰਧੀ ਸਾਰੀ ਜਾਣਕਾਰੀ ਵੋਟਰ ਪਾਸੋਂ ਬਿਨੈ-ਪੱਤਰ ਵਿੱਚ ਦਿੱਤੇ ਗਏ ਮੋਬਾਇਲ ਨੰ: ਤੇ ਨਾਲ ਦੀ ਨਾਲ ਦਿੱਤੀ ਜਾਵੇਗੀ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਿੱਚ ਬਿਨੈਕਾਰ ਵਲੋਂ ਆਪਣੇ ਅਪਲਾਈ ਕੀਤੇ ਫਾਰਮ ਦੀ ਟੀਕਟਿੰਗ ਕਰਨ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਬਿਨੈਕਾਰ ਆਪਣੇ ਫਾਰਮ ਦੀ ਟੀਕਟਿੰਗ ਕਰਕੇ ਇਹ ਪਤਾ ਲਗਾ ਸਕਦਾ ਹੈ ਕਿ ਉਸ ਵੱਲੋਂ ਦਿੱਤਾ ਗਿਆ ਬਿਨੈ-ਪੱਤਰ ਕਿਹੜੀ ਸਟੇਜ ਤੇ ਪਿਆ ਹੈ।
ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਜੇਕਰ ਵੋਟਰ ਸੂਚੀ ਵਿੱਚ ਪਹਿਲਾ ਦਰਜ ਕੋਈ ਵੋਟਰ ਆਪਣੀ ਰਿਹਾਇਸ਼ ਬਦਲ ਲੈਂਦਾ ਹੈ (ਉਸੇ ਹਲਕੇ ਜਾਂ ਕਿਸੇ ਹੋਰ ਹਲਕੇ ) ਵਿੱਚ ਸ਼ਿਫਟ ਹੋ ਜਾਂਦਾ ਹੈ ਅਤੇ ਉਸਨੂੰ ਜੇਕਰ ਪਹਿਲਾ ਦਰਜ ਰਿਹਾਇਸ਼ ਤੇ ਵੋਟਰ ਕਾਰਡ ਜਾਰੀ ਹੋਇਆ ਹੈ, ਤਾਂ ਨਵੀਂ ਰਿਹਾਇਸ਼ ਤੇ ਵੋਟ ਦਰਜ ਹੋਣ ਤੇ ਵੀ ਉਸਦੇ ਵੋਟਰ ਸ਼ਨਾਖਤੀ ਕਾਰਡ ਦਾ ਨੰਬਰ ਉਹੀ ਰਹੇਗਾ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 1-7-2017 ਤੋਂ ਮਿਤੀ 31-7-2017 ਤੱਕ ਅਜਿਹੇ ਵੋਟਰਾਂ ਲਈ ਜਿਨ੍ਹਾਂ ਦੀ ਉੁਮਰ 18 ਸਾਲ ਤੋਂ 21 ਸਾਲ ਹੈ ਅਤੇ ਉਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਹੈ, ਦੀਆਂ ਵੋਟਾਂ ਬਣਵਾਉਣ ਲਈ ਇੱਕ ਵਿਸੇਸ ਮੁਹਿੰਮ ਚਲਾਈ ਜਾ ਰਹੀ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿੰਨਾਂ ਵੋਟਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਨਾਮ ਮੌਜੂਦ ਵੋਟਰ ਸੂਚੀ ਵਿੱਚ ਦਰਜ ਹਨ ਅਜਿਹੇ ਵੋਟਰਾ ਦੇ ਵੇਰਵੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਰਜਿਸਟਰਾਰ ਜਨਮ ਅਤੇ ਮੌਤ ਦੇ ਦਫ਼ਤਰਾਂ ਪਾਸੋਂ ਪ੍ਰਾਪਤ ਕਰਕੇ ਇਨ੍ਹਾਂ ਦੀਆਂ ਵੋਟਾਂ ਵੋਟਰ ਸੂਚੀ ਵਿੱਚੋਂ ਕੱਟਣ ਦੀ ਕਾਰਵਾਈ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪਦੇ ਘਰ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੈ ਤਾਂ ਉਸਦੀ ਵੋਟ ਕਟਵਾਉਣ ਸਬੰਧੀ ਫਾਰਮ ਨੰ: 07 ਭਰਕੇ ਆਪਣੇ ਏਰੀਏ ਦੇ ਸਬੰਧਤ ਬੀ.ਐਲ. ਓ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪਾਸ ਜ਼ਰੂਰ ਜਮ੍ਹਾਂ ਕਰਵਾ ਦਿੱਤਾ ਜਾਵੇ, ਤਾਂ ਜੋ ਸਾਫ ਸੁਥਰੀ ਤੇ ਤਰੁਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਹਰਦੇਵ ਸਿੰਘ, ਚੋਣ ਕਾਨੂੰਗੋ ਸ੍ਰੀ ਵਿਜੈ ਕੁਮਾਰ, ਸ੍ਰੀ ਹਰੀਸ਼ ਕੁਮਾਰ ਅਤੇ ਪ੍ਰੋਗਰਾਮਰ ਸ੍ਰੀ ਅਮਿਤ ਸੈਣੀ ਵੀ ਮੌਜੂਦ ਸਨ।

