ਪੰਜਾਬਪਟਿਆਲਾ

ਮਿਹਨਤ ਦੇ ਪੈਸੇ ਮੰਗਣ ‘ਤੇ ਪੰਚ ਤੇ ਸਾਥੀਆਂ ਵੱਲੋਂ ਰਾਜ ਮਿਸਤਰੀ ਦੀ ਕੁੱਟਮਾਰ

ਪੁਲੀਸ ਵੱਲੋਂ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਦਾ ਦੋਸ਼
ਫਤਹਿਗੜ੍ਹ ਸਾਹਿਬ, 12 ਅਪਰੈਲ (ਮਧੂਸਾਰ ਬਿਊਰੋ)
ਜ਼ਿਲ੍ਹੇ ਦੇ ਪਿੰਡ ਕਾਲੋਮਾਜਰਾ ਦੇ ਵਸਨੀਕ ਇਕ ਰਾਜ ਮਿਸਤਰੀ ਵੱਲੋਂ ਆਪਣੀ ਮਿਹਨਤ ਦੇ ਪੈਸੇ ਮੰਗਣਾ ਮਹਿੰਗਾ ਪਿਆ।
ਦੂਜੀ ਧਿਰ ਵੱਲੋਂ ਉਸ ਨੂੰ ਪੈਸੇ ਤਾਂ ਕੀ ਦੇਣੇ ਸਨ ਸਗੋਂ ਬੂਰੀ ਤਰਾਂ ਮਾਰਕੁਟਾਈ ਕੀਤੀ ਗਈ ਜਿਸ ਕਾਰਨ ਰਾਜ ਮਿਸਤਰੀ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵਿਖੇ ਡਾਕਟਰਾਂ ਨੇ ਉਸ ਦੀ ਬਾਂਹ ਵਿਚ ਜ਼ਿਆਦਾ ਫਰੈਕਚਰ ਹੋਣ ਕਾਰਨ ਪਲੇਟ ਪਾਈ ਹੈ।

ਹਸਪਤਾਲ ਵਿਚ ਜੇਰੇ ਇਲਾਜ ਸੌਦਾਗਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਕਾਲੋਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਪਿੰਡ ਹਵਾਰਾ ਕਲਾਂ ਦੇ ਇਕ ਵਿਅਕਤੀ ਜਗਤਾਰ ਸਿੰਘ ਜੱਗੀ ਤੋਂ ਮਿਹਨਤ ਦੇ ਪੈਸੇ ਲੈਣੇ ਸਨ ਪਰ ਉਹ ਵਾਰ ਵਾਰ ਮੰਗਣ ‘ਤੇ ਦੇ ਨਹੀਂ ਰਿਹਾ ਸੀ, ਜਿਸ ਕਾਰਨ ਉਸ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆਂਦਾ। ਪੁਲੀਸ ਨੇ ਉਨ੍ਹਾਂ ਨੂੰ ਥਾਣੇ ਵਿਖੇ ਫ਼ੈਸਲੇ ਲਈ ਸੱਦਿਆ ਹੋਇਆ ਸੀ। ਸੌਦਾਗਰ ਸਿੰਘ ਨੇ ਹਵਾਰਾ ਕਲਾਂ ਪਿੰਡ ਦੇ ਪੰਚ ਰਣਜੀਤ ਸਿੰਘ ਤੋਂ ਵੀ ਪੈਸੇ ਲੈਣੇ ਸਨ। ਥਾਣੇ ਜਾਣ ਦੀ ਤਰੀਕ ਤੋਂ ਇਕ ਦਿਨ ਪਹਿਲਾਂ ਹੀ ਪੰਚ ਰਣਜੀਤ ਸਿੰਘ ਨੇ ਉਸ ਨੂੰ ਪੈਸੇ ਲੈਣ ਲਈ ਘਰ ਬੁਲਾਇਆ ਪਰ ਉੱਥੇ ਜਾਣ ‘ਤੇ ਪੰਚ, ਜਗਤਾਰ ਸਿੰਘ ਜੱਗੀ ਵਾਲੇ ਮਾਮਲੇ ਦਾ ਫ਼ੈਸਲਾ ਕਰਨ ਦਾ ਦਬਾਅ ਬਣਾਉਣ ਲੱਗਿਆ। ਜਦੋਂ ਉਹ (ਸੌਦਾਗਰ ਸਿੰਘ) ਨਾ ਮੰਨਿਆਂ ਤਾਂ ਉਸ ਨੇ ਆਪਣੇ ਹੋਰ ਸਾਥੀਆਂ ਜੀਵਨ ਸਿੰਘ, ਗੁਰਦੀਪ ਸਿੰਘ ਅਤੇ ਗੁਲਜ਼ਾਰ ਸਿੰਘ ਨਾਲ ਮਿਲ ਕੇ ਉਸ ਦੀ ਬੁਰੀ ਤਰਾਂ ਨਾਲ ਮਾਰਕੁਟਾਈ ਕੀਤੀ। ਉਸ ਨੇ ਕਥਿਤ ਦੋਸ਼ ਲਗਾਇਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਰਾਡਾਂ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਉਸ ਦੇ ਸਰੀਰ ਦੇ ਕਈ ਹਿੱਸਿਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੇਹੋਸ਼ ਹੋਣ ਤੋਂ ਬਾਅਦ ਉਸ ਦੀ ਪਤਨੀ ਅਤੇ ਇਕ ਮਿੱਤਰ ਨੇ ਉਸ ਨੂੰ ਪਹਿਲਾਂ ਖਮਾਣੋਂ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ। ਉਨ੍ਹਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਜਸਵੰਤ ਸਿੰਘ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਮੁਲਜ਼ਮ ਦੇ ਬਿਆਨ ਕਲਮਬੱਧ ਕੀਤੇ ਹਨ। ਐਕਸਰੇ ਅਤੇ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਦੂਜੀ ਧਿਰ ਦੇ ਪੰਚ ਰਣਜੀਤ ਸਿੰਘ ਨੇ ਸੌਦਾਗਰ ਸਿੰਘ ਵੱਲੋਂ ਲਗਾਏ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦੀ ਕੁੱਟਮਾਰ ਨਹੀਂ ਕੀਤੀ ਹੈ।

Leave a Reply

Your email address will not be published. Required fields are marked *