ਪੰਜਾਬਪਟਿਆਲਾ

ਧੀਰੂ ਨਗਰ ਵਿਖੇ ਨੌਜਵਾਨ ਦਾ ਕਤਲ, ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ

ਧਰਨਾਕਾਰੀਆਂ ਨੇ ਦੁਕਾਨਾਂ, ਸਰਕਾਰੀ ਤੇ ਪ੍ਰਾਈਵੇਟਾਂ ਵਾਹਨਾਂ ਦੀ ਕੀਤੀ ਭੰਨਤੋੜ
ਪਟਿਆਲਾ 1 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਹਿਰ ਦੇ ਲੋਅਰ ਮਾਲ ਵਿਖੇ ਧਰਨਾਕਾਰੀਆਂ ਵੱਲੋਂ ਕੀਤਾ ਗਿਆ ਪਥਰਾਅ ਅਤੇ ਆਸ-ਪਾਸ ਦੁਕਾਨਾਂ ਦੀ ਕੀਤੀ ਗਈ ਗਈ ਭੰਨਤੋੜ, ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ‘ਤੇ ਵਰਾਈਆਂ ਗਈਆਂ ਇੱਟਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਸ੍ਰੀਨਗਰ ਵਰਗਾ ਮਾਹੌਲ ਬਣ ਗਿਆ ਸੀ।

ਦੋ ਧੜਿਆਂ ‘ਚ ਲੰਮੇ ਸਮੇਂ ਤੋਂ ਚੱਲਦੀ ਆ ਰੰਜਿਸ਼ ਨੇ ਉਸ ਸਮੇਂ ਭਿਆਨਕ ਰੂਪ ਧਾਰ ਲਿਆ, ਜਦੋਂ ਇਕ ਧੜੇ ਨੇ ਧੀਰੂ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਦੇਰ ਰਾਤ ਕਤਲ ਕਰ ਦਿੱਤਾ।
ਨੌਜਵਾਨ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਧੀਰੂ ਨਗਰ ਦੇ ਵਾਸੀਆਂ ਨੇ ਰਾਜਿੰਦਰਾ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।
ਧਰਨਾਕਾਰੀਆਂ ਨੇ ਆਵਾਜਾਈ ਠੱਪ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੜੇ ਰਹੇ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਰੰਜਿਸ਼ ਤਹਿਤ ਕੀਤਾ ਗਿਆ ਹੈ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਉਹ ਉਦੋਂ ਤੱਕ ਨਾ ਤਾਂ ਲਾਸ਼ ਲੈ ਕੇ ਜਾਣਗੇ ਅਤੇ ਨਾ ਹੀ ਧਰਨਾ ਚੁੱਕਣਗੇ।
ਧਰਨੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਧਰਨਾ ਜਾਰੀ ਰਿਹਾ। ਧਰਨੇ ਦੌਰਾਨ 100 ਦੇ ਕਰੀਬ ਵਿਅਕਤੀ ਸ਼ਾਮਲ ਸਨ, ਜਿਨਾਂ ‘ਚ ਔਰਤਾਂ ਵੀ ਸਨ।
ਧਰਨੇ ਨੂੰ ਤੂਲ ਦਿੰਦਿਆਂ ਕੁਝ ਸ਼ਰਾਰਤੀ ਧਰਨਾਕਾਰੀਆਂ ਨੇ ਰਾਜਿੰਦਰਾ ਹਸਪਤਾਲ ਤੋਂ ਧਰਨਾ ਚੁੱਕੇ ਫੁਆਰਾ ਚੌਂਕ ਵੱਲ ਕੂਚ ਕੀਤਾ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਕਾਫੀ ਜੱਦੋ ਜਹਿਦ ਕਰਦੇ ਵੇਖੇ ਗਏ, ਪ੍ਰੰਤੂ ਫੁਆਰਾ ਚੌਂਕ ‘ਤੇ ਪਹੁੰਚ ਕੇ ਧਰਨਾਕਾਰੀਆਂ ਨੇ ਚੌਂਕ ਵਿਚੋਂ ਲੰਘ ਰਹੀ ਪੀਆਰਟੀਸੀ ਦੀ ਬੱਸ ਨੁੰ ਨਿਸ਼ਾਨਾ ਬਣਾਇਆ ਅਤੇ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਕਰਮਚਾਰੀਆਂ ਨੇ ਧਰਨਾਕਾਰੀਆਂ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਧਰਨਾਕਾਰੀਆਂ ਨੇ ਆਸ-ਪਾਸ ਦੀਆਂ ਦੁਕਾਨਾਂ ‘ਤੇ ਹਮਲਾ ਬੋਲ ਦਿੱਤਾ। ਦੁਕਾਨਾਂ ਦੇ ਬਾਹਰ ਖੜੀਆਂ ਕਾਰਾਂ, ਟੈਂਪੂਆਂ ਦੀ ਭੰਨ ਤੋੜ ਕਰ ਦਿੱਤੀ ਇਥੋਂ ਤੱਕ ਦੁਕਾਨਦਾਰਾਂ ਨੇ ਆਪਣੀ ਭੱਜ ਕੇ ਜਾਨ ਬਚਾਈ। ਧਰਨਾਕਾਰੀਆਂ ਵੱਲੋਂ ਕੀਤੇ ਗਏ ਪਥਰਾਅ ਕਾਰਨ ਗੋਪਾਲ ਸਵੀਟਸ, ਗੁਰਸ਼ਰਨ ਪਰੌਠਿਆਂ ਵਾਲਾ ਅਤੇ ਹੋਰ ਆਸ ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ।
ਧਰਨਾਕਾਰੀਆਂ ਨੂੰ ਖਦੇੜਨ ਅਤੇ ਸਥਿਤੀ ਸੰਭਾਲਣ ਲਈ ਪੁਲਿਸ ਨੂੰ ਲਾਠੀਚਾਰਜ ਕਰਨ ਪਿਆ। ਪੁਲਿਸ ਨੇ ਕੁਝ ਵਿਅਕਤੀਆਂ ਨੂੰ ਮੌਕੇ ‘ਤੇ ਹਿਰਾਸਤ ‘ਚ ਲਿਆ ।
ਇਸ ਸਬੰਧ ‘ਚ ਜਦੋਂ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਧਰਨਾਕਾਰੀਆਂ ਵੱਲੋਂ ਕੀਤੀ ਭੰਨਤੋੜ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਕਤਲ ਮਾਮਲੇ ‘ਚ ਜਿਹੜੇ ਵੀ ਵਿਅਕਤੀ ਸ਼ਾਮਲ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *