ਅਮਰਿੰਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕਦੀ : ਸੁਰਜੀਤ ਰੱਖੜਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਟਿਆਲਾ ਦੌਰੇ ਨੂੰ ਲੈ ਕੇ ਲਿਆ ਤਿਆਰੀਆਂ ਦਾ ਜਾਇਜ਼ਾ
ਪਟਿਆਲਾ, 1 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਮਰਿੰਦਰ ਸਰਕਾਰ ਨੂੰ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਗਰਦਾਨਦਿਆਂ ਆਖਿਆ ਹੈ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸ. ਰੱਖੜਾ ਅੱਜ ਇੱਥੇ ਜ਼ਿਲਾ ਪਟਿਆਲਾ ਦੇ ਸਮੂਹ ਹਲਕਾ ਇੰਚਾਰਜਾਂ ਅਤੇ ਵਿਧਾਇਕਾਂ ਸਮੇਤ ਹੋਰ ਸੀਨੀਅਰ ਨੇਤਾਵਾਂ ਦੀ ਮੀਟਿੰਗ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੀਟਿੰਗ ਵਿਚ ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ 3 ਜੁਲਾਈ ਨੂੰ ਪਟਿਆਲਾ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਹਲਕਾ ਇੰਚਾਰਜ ਨਾਭਾ ਕਬੀਰ ਦਾਸ, ਹਲਕਾ ਇੰਚਾਰਜ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਇੰਚਾਰਜ ਸ਼ੁਤਰਾਣਾ ਬੀਬੀ ਲੂੰਬਾ, ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸਤਵੀਰ ਸਿੰਘ ਖੱਟੜਾ, ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਕੋਹਲੀ ਅਤੇ ਮੇਅਰ ਅਮਰਿੰਦਰ ਸਿੰਘ ਬਜਾਜ ਸਮੇਤ ਹੋਰ ਵੀ ਨੇਤਾ ਹਾਜਰ ਸਨ।
ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ 3 ਜੁਲਾਈ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਵਲੋਂ ਅਗਾਂਹਵਧੂ ਕਿਸਾਨਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਨਵੇਂ ਪ੍ਰੋਜੈਕਟ ਲਾਉੁਣ ਨੂੰ ਲੈ ਕੇ ਹਰਪਾਲ ਟਿਵਾਣਾ ਅਕੈਡਮੀ ਵਿਖੇ ਕਿਸਾਨਾਂ ਦੇ ਰੂਬਰੂ ਹੋਣਗੇ। ਦੁਪਿਹਰ 1 ਤੋਂ ਲੈ ਕੇ 3 ਵਜੇ ਤੱਕ ਚੱਲਣ ਵਾਲੇ ਸਮਾਗਮ ਨੂੰ ਲੈ ਕੇ ਸਮੁੱਚੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਅਤੇ ਸਮੁੱਚੇ ਜ਼ਿਲੇ ਦੇ ਕਿਸਾਨਾਂ ਨੂੰ ਵੀ ਸੁਨੇਹੇ ਲਾ ਦਿੱਤੇ ਗਏ ਹਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਇਸ ਸਮਾਗਮ ਵਿਚ ਪਹੁੰਚ ਕੇ ਕੇਂਦਰੀ ਮੰਤਰੀ ਦੇ ਵਿਚਾਰ ਸੁਣ ਸਕਣ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।

