ਫੁਹਾਰਾ ਚੌਂਕ ਮਾਰਕੀਟ ਐਸੋਸੀਏਸ਼ਨ ਨੇ ਭੰਨਤੋੜ ਕਰਨ ਵਾਲਿਆਂ ਖਿਲਾਫ਼ ਕੀਤੀ ਨਾਅਰੇਬਾਜ਼ੀ
ਪਟਿਆਲਾ 1 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਧਰਨਾਕਾਰੀਆਂ ਵੱਲੋਂ ਫੁਹਾਰਾ ਚੌਂਕ ਵਿਖੇ ਆਸ-ਪਾਸ ਦੀਆਂ ਦੁਕਾਨਾਂ ਦੀ ਕੀਤੀ ਗਈ ਭੰਨਤੋੜ ਅਤੇ ਪਹੁੰਚਾਏ ਗਏ ਨੁਕਸਾਨ ਨੂੰ ਲੈ ਕੇ ਫੁਹਾਰਾ ਚੌਂਕ ਮਾਰਕੀਟ ਐਸੋਸੀਏਸ਼ਨ ਨੇ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੀ ਭੰਨਤੋੜ ਕਰਕੇ ਨੁਕਸਾਨ ਕੀਤਾ ਹੈ ਉਨ੍ਹਾਂ ਦੀ ਸ਼ਨਾਖਤ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਐਸੋਸੀਏਸ਼ਨ ਨੇ ਕਿਹਾ ਕਿ ਜੇ ਦੁਕਾਨਦਾਰ ਭੱਜ ਕੇ ਆਪਣੀ ਜਾਨ ਨਾ ਬਚਾਉਂਦੇ ਤਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਵੱਡਾ ਨੁਕਸਾਨ ਕਰ ਦੇਣਾ ਸੀ। ਪ੍ਰਤੱਖਦਰਸ਼ੀ ਦੁਕਾਨਦਾਰਾਂ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਬੋਤਲਾਂ ‘ਚ ਤੇਲ ਫੜਿਆ ਹੋਇਆ ਸੀ, ਜਿਨ੍ਹਾਂ ਨੇ ਇੱਟਾਂ ਨਾਲ ਉਨ੍ਹਾਂ ਦੀਆਂ ਦੁਕਾਨਾਂ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਦੱਸਿਆ ਕਿ ਦੁਕਾਨਾਂ ਦੇ ਬਾਹਰ ਖੜ੍ਹੇ ਗ੍ਰਾਹਕਾਂ ਦੇ ਵਾਹਨ ਦੀ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ ਹੈ, ਜਿਸ ਦੀ ਇਨ੍ਹਾਂ ਧਰਨਾਕਾਰੀ ਲੋਕਾਂ ਤੋਂ ਭਰਪਾਈ ਕਰਵਾਈ ਜਾਵੇ।

