ਪੰਜਾਬ

ਜੀ. ਐਸ. ਟੀ. ਲਾਗੂ ਹੋਣ ਨਾਲ ‘ਟੈਕਸ ਆਤੰਕਵਾਦ’ ਦਾ ਹੋਵੇਗਾ ਖ਼ਾਤਮਾ : ਛੀਨਾ

ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਮੋਹਰੀ ਦੇਸ਼ਾਂ ਦੀ ਸੂਚੀ ‘ਚ ਕੀਤਾ ਸ਼ਾਮਿਲ
ਅੰਮ੍ਰਿਤਸਰ, 1 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਦੇਸ਼ ‘ਚ ਵਸਤੂ ਤੇ ਸੇਵਾ ਕਰ (ਜੀ. ਐਸ. ਟੀ.) ਨੂੰ ਲਾਗੂ ਕਰਨ ਦੇ ਫੈਸਲੇ ਨੂੰ ਇਤਿਹਾਸਕ ਅਤੇ ਮਹੱਤਵਪੂਰਨ ਦੱਸਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਨਵੀਂ ਕਰ ਪ੍ਰਣਾਲੀ ਨੂੰ ‘ਟੈਕਸ ਆਤੰਕਵਾਦ’ ਨੂੰ ਖਤਮ ਕਰਨ ਵਾਲਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਸਭ ਤੋਂ ਪ੍ਰਭਾਵਸ਼ਾਲੀ ਕਰ ਸੁਧਾਰ ਹੈ, ਜਿਸ ਨਾਲ ਇਹ ਦੇਸ਼ ਇਕ ਵਪਾਰਿਕ ਮੰਡੀ ਵਜੋਂ ਉਭਰ ਕੇ ਸਾਹਮਣੇ ਆਵੇਗਾ।

ਸ: ਛੀਨਾ ਨੇ ਜਾਰੀ ਬਿਆਨ ‘ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ ਉਠਾਏ ਗਏ ਇਸ ਕਦਮ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਕ ਕਰ ਸੁਧਾਰ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਰ ਦੇ ਲਾਗੂ ਹੋਣ ਨਾਲ ਭਾਰਤ ਦੁਨੀਆ ਦੇ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ‘ਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰ ਨਾਲ ਸਬੰਧਿਤ ‘ਇੰਸਪੈਕਟਰ ਰਾਜ’ ਤੋਂ ਆਮ ਜਨਤਾ, ਬਿਜ਼ਨੈਸਮੈਨ ਤੇ ਕਾਰੋਬਾਰੀਆਂ ਨੂੰ ਨਿਜਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਭਾਜਪਾ ਸਰਕਾਰ ਦਾ ਭਾਰਤ ਨੂੰ ਵਿਸ਼ਵ ਦੇ ਮੋਹਰੀ ਦੇਸ਼ਾਂ ਦੀ ਕਤਾਰ ‘ਚ ਲਿਜਾਉਣਾ ਅਤੇ ਦੇਸ਼ ਵਿਚਲੇ ਹਰ ਵਰਗ ਦੇ ਲੋਕਾਂ ਨੂੰ ਉਚਿੱਤ ਤੇ ਮੁੱਢਲੀਆਂ ਪ੍ਰਦਾਨ ਕਰਨ ਦਾ ਸੁਪਨਾ ਹੈ, ਜਿਸ ਲਈ ਉਹ ਦਿਨ‐ਰਾਤ ਯਤਨਸ਼ੀਲ ਹਨ ਅਤੇ ਜੀ. ਐਸ. ਟੀ. ਨਾਲ ਦੇਸ਼ ਵਿਚ ਨਵੀਂ ਤਰੱਕੀ ਅਤੇ ਖੁਸ਼ਹਾਲੀ ਦਾ ਅਗਾਜ਼ ਹੋਵੇਗਾ।
ਸ: ਛੀਨਾ ਨੇ ਕਿਹਾ ਕਿ ਜੀ. ਐਸ. ਟੀ. ਆਮ ਗ੍ਰਾਹਕਾਂ ਦੀਆਂ ਵਸਤੂਆਂ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਇਕ ਲਗਾਨ ਦੀ ਸ਼ੁਰੂਆਤ ਹੋਈ ਹੈ, ਜੋ ਹਰੇਕ ਵਰਗ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਥਾਂ‐ਥਾਂ ‘ਤੇ ਕਿਸੇ ਵੀ ਵਸਤੂ, ਖਣਿਜ਼ ਪਦਾਰਥਾਂ ਆਦਿ ‘ਤੇ ਟੈਕਸ ਦੇਣਾ ਪੈਂਦਾ ਸੀ, ਜੀ. ਐਸ. ਟੀ. ਨਾਲ ਜਿੱਥੇ ਲੋਕ ਖੱਜਲ ਖੁਆਰੀ ਤੋਂ ਬਚਣਗੇ, ਉਥੇ ਉਨ੍ਹਾਂ ਨੂੰ ਰੋਜ਼ਮਰ੍ਹਾ ਜਾਂ ਲੋੜੀਂਦੀਆਂ ਵਸਤੂ ਭਾਰੀ ਕਮੀ ‘ਚ ਬਜ਼ਾਰੋਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਲਗਾਏ ਜਾਂਦੇ ਵੈਟ, ਸਰਵਿਸ, ਐਕਸਾਈਜ਼, ਚੁੰਗੀ, ਸੇਲਜ਼, ਐਂਟਰੀ, ਸਟੈਂਪ ਡਿਊਟੀ, ਟੈਲੀਕਾਮ ਲਾਇਸੈਂਸ ਫ਼ੀਸ, ਬਿਜਲੀ ‘ਤੇ ਲੱਗਣ ਵਾਲੇ ਆਦਿ ਸਮੂਹ ਟੈਕਸਾਂ ਤੋਂ ਜੀ. ਐਸ. ਟੀ. ਦੇ ਲਾਗੂ ਹੋਣ ਨਾਲ ਛੁਟਕਾਰਾ ਮਿਲੇਗਾ।
ਉਨ੍ਹਾਂ ਇਸ ਮੌਕੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਤੁਲ ਜੇਤਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਦੀ ਆਰਥਿਕ ਦਸ਼ਾ ਅਤੇ ਅਰਥ ਵਿਵਸਥਾ ਨੂੰ ਦਰੁਸਤ ਕਰਨ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਨਾਲ ਆਮ ਲੋਕਾਂ ਦੀ ਸਹੂਲਤ ਲਈ ਕਈ ਸ਼ਾਨਦਾਰ ਪ੍ਰੋਜੈਕਟ ਦੇ ਤੋਹਫ਼ੇ ਪ੍ਰਦਾਨ ਕੀਤੇ ਹਨ। ਸ: ਛੀਨਾ ਨੇ ਕਿਹਾ ਕਿ ਵਿਸ਼ਵ ਦੇ ਲਗਭਗ 160 ਮੁਲਕਾਂ ‘ਚ ਜੀ. ਐਸ. ਟੀ. ਅਤੇ ਵੈਟ ਲਾਗੂ ਹੈ। ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਨਾਲ ਪੂਰੇ ਭਾਰਤ ‘ਚ ਹਰੇਕ ਵਸਤੂ ਲਈ ਇਕ ਸਮਾਨ ਟੈਕਸ ਹੋਵੇ ਤੇ ਇਸ ਨਾਲ ਲੋਕਾਂ ਨੂੰ ਚੀਜ਼ਾਂ ਕਾਫ਼ੀ ਸਸਤੀਆਂ ਮਿਲਣਗੀਆਂ ਅਤੇ ਦੁਕਾਨਦਾਰਾਂ ਵੱਲੋਂ ਆਪਣੀ ਮਨਮਾਨੀ ਨਾਲ ਵਸੂਲ ਕੀਤੀ ਕੀਮਤ ‘ਤੇ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਇਹ ਅਜ਼ਾਦ ਭਾਰਤ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੋਵੇਗਾ, ਜਿਸ ਦਾ ਪ੍ਰਭਾਵ ਦੇਸ਼ਵੀਆਂ ‘ਤੇ ਪਵੇਗਾ ਅਤੇ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ‘ਚ ਛੋਟੇ ਦੁਕਾਨਦਾਰਾਂ ਨੂੰ ਇਸ ਪ੍ਰਣਾਲੀ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਜੀ. ਐਸ. ਟੀ. ਨਾਲ ਕਾਰਾਂ, ਐਲ. ਈ. ਡੀ., ਮਨੋਰੰਜਨ ਟੈਕਸ, ਘਰ ਦੇ ਨਿਰਮਾਣ ਲਈ ਸੀਮੈਂਟ, ਖੰਡ, ਚਾਹਪਤੀ, ਕੌਫ਼ੀ, ਮਸਾਲੇ ਤੇ ਤੇਲ ਤਰਲ ਵਸਤੂਆਂ, ਸਾਬਣ ਵਰਗੀਆਂ ਘਰੇਲੂ ਵਸਤੂਆਂ ਸਸਤੀਆਂ ਹੋਣਗੀਆਂ।

Leave a Reply

Your email address will not be published. Required fields are marked *