ਵਰਲੱਡ ਪੰਜਾਬੀ ਕਾਨਫਰੰਸ ਦਾ ਅਕਸ ਖਰਾਬ ਕਰਨ ਲਈ ਆਲੋਚਕਾਂ ਨੇ ਝੂਠੀਆਂ ਖ਼ਬਰਾਂ ਦਾ ਸਹਾਰਾ ਲਿਆ : ਅਜੈਬ ਸਿੰਘ ਚੱਠਾ
ਭਾਰਤ ‘ਚ ਜਲਦ ਸਮਾਗਮ ਰੱਖਕੇ ਅਟੈਚੀਕੇਸ ਡੈਲੀਗੇਟਾਂ ਨੂੰ ਵੰਡੇ ਜਾਣਗੇ : ਚੇਅਰਮੈਨ
ਪਟਿਆਲਾ 1 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਬਰੈਂਪਟਨ ਵਿਖੇ ਸੰਪੰਨ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਨੂੰ ਵੇਖਕੇ ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਰੁਕਾਵਟ ਪਾਉਣ ਵਾਲਿਆਂ ਨੇ ਵੱਖ-ਵੱਖ ਅਖ਼ਬਾਰਾਂ ‘ਚ ਖ਼ਬਰਾਂ ਲਵਾਕੇ ਕਾਨਫਰੰਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕਾਨਫਰੰਸ ‘ਚ ਹੁੰਮ-ਹੁੰਮਾ ਕੇ ਪੁੱਜਣ ਵਾਲਿਆਂ ਦਾ ਭਵਿੱਖ ‘ਚ ਹੋਣ ਵਾਲੀ ਕਾਨਫਰੰਸ ਤੋਂ ਮੂੰਹ ਮੋੜਿਆ ਜਾ ਸਕੇ, ਪ੍ਰੰਤੂ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਹਾਸਲ ਕਰ ਚੁੱਕੀ ਹੈ ਅਤੇ ਕਾਨਫਰੰਸ ਦੇ ਅਕਸ ਨੂੰ ਖਰਾਬ ਕਰਨ ਲਈ ਝੂਠੀਆਂ ਅਫਵਾਹਾਂ ਤੇ ਖ਼ਬਰਾਂ ਦਾ ਸਹਾਰਾ ਲਿਆ, ਜੋ ਆਪਣੇ ਮਨਸੂਬੇ ‘ਚ ਕਦੇ ਵੀ ਸਫਲ ਨਹੀਂ ਹੋਣਗੇ।
ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਕਲਮ ਫਾਊਂਡੇਸ਼ਨ, ਓਂਟਾਰੀਓ ਫਰੈਂਡਜ਼ ਕਲੱਬ ਅਤੇ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ 23, 24 ਅਤੇ 25 ਜੂਨ ਨੂੰ ਬਰੈਂਪਟਨ ਵਿਖੇ ਕਰਵਾਈ ਗਈ, ਜੋ ਸਫਲਤਾਪੂਰਵਕ ਨੇਪਰੇ ਚੜ੍ਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ਵ ਪੰਜਾਬੀ ਕਾਨਫਰੰਸ ਲਈ 98 ਅਟੈਚੀ ਦਿੱਤੇ ਗਏ ਹਨ, ਜਿਨ੍ਹਾਂ ਨੂੰ ਜਲਦ ਹੀ ਭਾਰਤ ‘ਚ ਸਮਾਗਮ ਰੱਖਕੇ ਡੈਲੀਗੇਟਾਂ ਤੱਕ ਪਹੁੰਚਾ ਦਿੱਤੇ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਸਾਰੇ ਅਟੈਚੀ ਕੈਨੇਡਾ ਲੈ ਕੇ ਆਉਣੇ ਮੁਸ਼ਕਲ ਸਨ, ਇਸ ਲਈ ਭਾਰਤ ਵਿਚੋਂ ਆਏ ਸਾਰੇ ਡੈਲੀਗੇਟਾਂ ਨੂੰ ਭਾਰਤ ਵਿਚ ਹੀ ਸਮਾਗਮ ਕਰਵਾ ਕੇ ਦਿੱਤੇ ਜਾਣਗੇ ਅਤੇ ਬਾਕੀ ਦੇਸ਼ਾਂ ਦੇ ਡੈਲੀਗੇਟਾਂ ਵਿਚੋਂ ਬਹੁਤਿਆਂ ਨੂੰ ਅਟੈਚੀ ਦੇ ਦਿੱਤੇ ਗਏ ਹਨ। ਸ੍ਰੀ ਚੱਠਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕਾਨਫਰੰਸ ਵਿਚ ਸ਼ਾਮਲ ਹੋਏ ਪਰਮਜੀਤ ਸਿੰਘ ਸਰੋਆ ਨੇ ਕਾਨਫਰੰਸ ਦੇ ਇਕ ਸੈਸ਼ਨ ਦਾ ਸਟੇਜ ਸੰਚਾਲਨ ਕੀਤਾ ਅਤੇ ਡਾ. ਪਰਮਬੀਰ ਸਿੰਘ ਨੇ ਪੰਜਾਬੀ ਭਾਸ਼ਾ ਬਾਰੇ ਪਰਚਾ ਪੜ੍ਹਿਆ। ਸ੍ਰੀ ਚੱਠਾ ਨੇ ਕਾਨਫਰੰਸ ਦੇ ਪਹਿਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਸੰਦੇਸ਼ ਪ੍ਰੋਜੈਕਟਰ ‘ਤੇ ਵਿਚਾਲਿਉਂ ਕੱਟ ਦੇਣ ਦਾ ਖੰਡਨ ਕਰਦਿਆਂ ਸਪਸ਼ਟ ਕੀਤਾ ਕਿ ਬਡੂੰਗਰ ਦਾ ਸੰਦੇਸ਼ ਪੂਰਾ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਆਲੋਚਕਾਂ ਵਲੋਂ ਜਾਣ ਬੁੱਝ ਕੇ ਕਾਨਫਰੰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਸੰਸਥਾਵਾਂ ਵਲੋਂ ਲਗਾਤਾਰ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾ ਕੇ ਇਤਿਹਾਸ ਸਿਰਜ ਦਿੱਤਾ ਹੈ ਅਤੇ ਦੁਨੀਆਂ ਭਰ ਦੇ ਬੁੱਧੀਜੀਵੀਆਂ ਵਲੋਂ ਇਸ ਕਾਨਫਰੰਸ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਸ੍ਰੀ ਅਜੈਬ ਸਿੰਘ ਚੱਠਾ ਨੇ ਸ਼੍ਰੋਮਣੀ ਕਮੇਟੀ ਵਲੋਂ ਅਟੈਚੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਾਕੀ ਬਚਦੀ ਰਕਮ ਸ਼੍ਰੋਮਣੀ ਕਮੇਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਥੇ ਮਰਜੀ ਵਰਤ ਸਕਦੀ ਹੈ, ਕਿਉਂਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਸਾਰਾ ਖਰਚ ਤਿੰਨਾ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਕੋਲੋਂ ਕਰ ਦਿੱਤਾ ਹੈ।

