ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ
ਚੰਡੀਗੜ੍ਹ 7 ਜੁਲਾਈ (ਮਧੂਸਾਰ ਬਿਊਰੋ) ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਖੜ੍ਹੇ ਕਰਨ ਲਈ ਮੰਤਰਾਲੇ ਦੀਆਂ ਵਿਭਿੰਨ ਸਕੀਮਾਂ ਦਾ ਲਾਭ ਉਠਾਉਂਦੇ ਹੋਏ ਫੂਡ ਪ੍ਰੋਸੈਸਿੰਗ ਵਿਚ ਇੱਕ ਵੱਡੀ ਲੋਕ ਲਹਿਰ ਵਿਚ ਤਬਦੀਲ ਕਰ ਦੇਣ। ਉਹਨਾਂ ਕਿਹਾ ਕਿ ਮੰਤਰਾਲੇ ਦੀ ਸੰਪਦਾ ਅਤੇ ਦੂਜੀਆਂ ਸਕੀਮਾਂ ਦਾ ਫਾਇਦਾ ਲੈਂਦੇ ਹੋਏ ਕਿਸਾਨ ਮੈਗਾ ਫੂਡ ਪਾਰਕਾਂ ਦਾ ਹਿੱਸਾ ਬਣ ਜਾਣ ਜਾਂ ਆਪਣੇ ਛੋਟੇ ਕਲੱਸਟਰਜ਼ ਬਣਾ ਲੈਣ।
ਨਵੀਂ ਦਿੱਲੀ ਵਿਖੇ 3 ਨਵੰਬਰ ਤੋਂ 5 ਨਵੰਬਰ ਤਕ ਲਗਾਏ ਜਾ ਰਹੇ ਵਰਲਡ ਫੂਡ ਇੰਡੀਆ ਮੇਲੇ ਦੇ ਪ੍ਰਚਾਰ ਲਈ ਕੀਤੇ ਰੋਡ ਸ਼ੋਅ ਦੇ ਅੰਗ ਵਜੋਂ ਇੱਥੇ ਸੀਆਈਆਈ ਵਿਖੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਬਦਲ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਪ੍ਰਮੁੱਖਤਾ ਛੋਟੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਵਧਾ ਕੇ ਉਹਨਾਂ ਕਾਰੋਬਾਰੀ ਬਣਾਉਣ ਵਾਸਤੇ ਮੱਦਦ ਕਰਨਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਮੈਂ ਕਿਸਾਨਾਂ ਜਾਂ ਕਿਸਾਨਾਂ ਦੇ ਕਲੱਸਟਰਾਂ ਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫਪੀਓ) ਸੰਗਠਨ ਬਣਾ ਕੇ ਮੁੱਢਲੇ ਪੱਧਰ ਤੋਂ ਉਹਨਾਂ ਦੀ ਮੱਦਦ ਕਰਨੀ ਸ਼ੁਰੂ ਕੀਤੀ ਹੈ। ਇਸ ਕੰਮ ਵਾਸਤੇ ਇੱਕ ਕੰਪਨੀ ਨੂੰ ਵਿਸ਼ੇਸ਼ ਤੌਰ ਤੇ ਲਾਇਆ ਗਿਆ ਹੈ। ਇਹ ਕੰਪਨੀ ਨਾ ਸਿਰਫ ਵਿਭਿੰਨ ਅਰਜ਼ੀਆਂ ਭਰਵਾਉਣ ਵਿਚ ਕਿਸਾਨਾਂ ਦੀ ਮੱਦਦ ਕਰੇਗੀ, ਸਗੋਂ ਦੋ ਸਾਲ ਤਕ ਕਿਸਾਨਾਂ ਸੰਗਠਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਉਤਪਾਦਨ ਕਰਨਾ ਅਤੇ ਉਸ ਦੀ ਮਾਰਕੀਟ ਵਿਚ ਚੰਗੀ ਕੀਮਤ ਵੱਟਣਾ ਵੀ ਸਿਖਾਏਗੀ। ਇਸ ਸੰਬੰਧੀ ਹਾਸਿਲ ਹੋਈ ਕਾਮਯਾਬੀ ਦੀਆਂ ਕਹਾਣੀਆਂ ਸਾਹਮਣੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮਿਸਾਲ ਵਜੋਂ ਡਾਬਰ ਕੰਪਨੀ ਪੰਜਾਬ ਦੀ ਇੱਕ ਐਫਪੀਓ ਨਾਲ ਸ਼ਹਿਦ ਦਾ ਉਤਪਾਦਨ ਕਰਨ ਸੰਬੰਧੀ ਸਮਝੌਤਾ ਕਰ ਰਹੀ ਹੈ। ਇਸ ਨੂੰ ਇੱਕ ਵੱਡੀ ਲੋਕ ਲਹਿਰ ਬਣਾਉਣ ਲਈ ਮੈਨੂੰ ਕਾਮਯਾਬੀ ਦੀਆਂ ਢੇਰ ਸਾਰੀਆਂ ਮਿਸਾਲਾਂ ਦੀ ਜਰੂਰਤ ਹੈ। ਮੈਂ ਫੂਡ ਪ੍ਰੋਸੈਸਿੰਗ ਸਕੀਮਾਂ ਦਾ ਪ੍ਰਚਾਰ ਕਰਨ ਲਈ ਪੂਰੇ ਸੂਬੇ ਵਿਚ ਘੁੰਮਾਂਗੀ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਯੂਪੀਏ ਦੇ ਕਾਰਜਕਾਲ ਦੌਰਾਨ 42 ਫੂਡ ਪਾਰਕਾਂ ਦਾ ਐਲਾਨ ਕੀਤਾ ਗਿਆ ਸੀ, ਜਿਹਨਾਂ ਵਿਚੋਂ ਸਿਰਫ 2 ਪਾਰਕਾਂ ਨੁੰ ਹੀ ਚਾਲੂ ਕੀਤਾ ਜਾ ਸਕਿਆ ਸੀ। ਉਹਨਾਂ ਕਿਹਾ ਕਿ ਅਸੀਂ 6 ਫੂਡ ਪਾਰਕਾਂ ਨੂੰ ਚਾਲੂ ਕਰ ਦਿੱਤਾ ਹੈ ਅਤੇ 4 ਹੋਰ ਪਾਰਕਾਂ ਨੂੰ ਇਸ ਸਾਲ ਚਾਲੂ ਕਰ ਦਿੱਤਾ ਜਾਵੇਗਾ। ਪੰਜਾਬ ਅਤੇ ਹਰਿਆਣਾ ਨੂੰ 5 ਫੂਡ ਪਾਰਕਾਂ ਦੀ ਅਲਾਟਮੈਂਟ ਕੀਤੀ ਗਈ ਹੈ। ਸਾਡਾ ਅਗਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹੈ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਨੁੰ ਹੁਲਾਰਾ ਦੇਣ ਲਈ ਸੰਪਦਾ ਸਕੀਮ ਵਿਚ 6000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਹ ਸਕੀਮ ਇਸ ਪਾਸੇ ਮੁੱਖ ਭੂਮਿਕਾ ਨਿਭਾਏਗੀ।
ਵਰਲਡ ਫੂਡ ਇੰਡੀਆ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਫੂਡ ਪ੍ਰੋਸੈਸਿੰਗ ਦੇ ਕਾਰੋਬਾਰ ਨਾਲ ਜੁੜਿਆ ਹਰ ਵਿਅਕਤੀ, ਚਾਹੇ ਉਹ ਰਾਸ਼ਟਰੀ ਪੱਧਰ ‘ਤੇ ਹੋਵੇ ਜਾਂ ਕੌਮਾਂਤਰੀ ਪੱਧਰ ਉੱਤੇ, ਉਹ ਸਾਰੇ ਇੱਕ ਛੱਤਰੀ ਥੱਲੇ ਇਕੱਠ ਹੋਣਗੇ। ਉਹਨਾਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਓ ਪੀ ਧਨਕਰ ਦਾ ਇਸ ਵਰਲਡ ਫੂਡ ਇੰਡੀਆ ਲਈ ਸਹਿਯੋਗੀ ਸੂਬਾ ਬਣਨ ਲਈ ਰਜ਼ਾਮੰਦੀ ਦੇਣ ਵਾਸਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਰਲਡ ਫੂਡ ਇੰਡੀਆ ਇੱਕ ਸਾਂਝਾ 1ੁੱਦਮ ਬਣ ਨਿਬੜੇਗਾ ਅਤੇ ਭਾਰਤ ਅੰਦਰ ਫੂਡ ਸੈਕਟਰ ਵਿਚ ਵੱਡਾ ਨਿਵੇਸ਼ ਕਰਵਾਉਣ ਦਾ ਜ਼ਰੀਆ ਬਣ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਸਾਰੇ ਸੂਬਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਮੇਲੇ ਵਿਚ ਵਧ ਚੜ੍ਹ ਕੇ ਹਿੱਸਾ ਲੈਣ।
ਮੀਡੀਆ ਵੱਲੋਂ ਕਿਸਾਨ ਖੁਦਕੁਸ਼ੀਆਂ ਦਾ ਸਵਾਲ ਉਠਾਏ ਜਾਣ ‘ਤੇ ਬੀਬੀ ਬਾਦਲ ਨੇ ਕਿਹਾ ਕਿ ਉਸ ਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ 100 ਦਿਨਾਂ ਦੀ ਹਕੂਮਤ ਦੌਰਾਨ 100 ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹ ਸਭ ਝੂਠੇ ਵਾਅਦਿਆਂ ਕਰਕੇ ਵਾਪਰਿਆ ਹੈ। ਕਿਸਾਨਾਂ ਨੂੰ ਵੱਡੇ ਵੱਡੇ ਸੁਫਨੇ ਵਿਖਾਏ ਗਏ ਪਰ ਕਾਂਗਰਸ ਵੱਲੋਂ ਸਰਕਾਰ ਬਣਾਉਣ ਮਗਰੋਂ ਉਹਨਾਂ ਲਈ ਕੁੱਝ ਵੀ ਨਹੀਂ ਕੀਤਾ ਗਿਆ। ਸਰਕਾਰ ਹੁਣ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਵੱਲੋਂ ਸਿਰਫ 1500 ਕਰੋੜ ਰੁਪਏ ਦਾ ਫਸਲੀ ਕਰਜ਼ਾ ਮੁਆਫ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ ਜਦ ਕਿ ਕਿਸਾਨਾਂ ਦੇ ਸਿਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਜਿਹਨਾਂ ਕਿਸਾਨਾਂ ਨੇ ਕਾਂਗਰਸ ਪਾਰਟੀ ਦੀਆਂ ਗੱਲਾਂ ਵਿਚ ਆ ਕੇ ਕਈ ਮਹੀਨਿਆਂ ਤੋਂ ਕਰਜ਼ੇ ਵਾਲੀ ਰਕਮ ਦਾ ਵਿਆਜ ਨਹੀਂ ਸੀ ਭਰਿਆ, ਹੁਣ ਉਹਨਾਂ ਨੂੰ ਬੈਂਕਾਂ ਵੱਲੋਂ ਜੁਰਮਾਨੇ ਲਾਏ ਜਾ ਰਹੇ ਹਨ। ਇਹੀ ਕਾਰਣ ਹੈ ਕਿ ਕੁੱਝ ਕਿਸਾਨ ਖੁਦਕੁਸ਼ੀ ਦੇ ਰਾਹ ਪੈਣ ਲੱਗੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਚੁਣੀ ਹੋਈ ਸਰਕਾਰ ਨੇ ਕਿਸਾਨਾਂ ਨਾਲ ਅਜਿਹਾ ਵਿਸਵਾਸ਼ਘਾਤ ਨਹੀਂ ਕੀਤਾ।

