ਪੰਜਾਬ

ਮਹਾਰਾਸ਼ਟਰ ਦੇ ਸਕੂਲੀ ਪੁਸਤਕਾਂ ‘ਚ ਸਿੱਖ ਕੌਮ ਪ੍ਰਤੀ ਗਲਤ ਪੇਸ਼ਕਾਰੀ ਸੰਵੇਦਨਸ਼ੀਲ ਮੁੱਦਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 18 ਜੁਲਾਈ (ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮਹਾਰਾਸ਼ਟਰ ਦੇ ਸਕੂਲੀ ਪੁਸਤਕਾਂ ਵਿੱਚ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਪ੍ਰਤੀ ਸਖ਼ਤ ਇਤਰਾਜ਼ ਜਤਾਉਂਦਿਆਂ ਉਹਨਾਂ ਵਿੱਚ ਤੁਰੰਤ ਸੋਧ ਕਰਨ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੈਡਨਿਵਾਸ ਨੂੰ ਅਪੀਲ ਕੀਤੀ ਹੈ।

ਸੰਤ ਹਰਨਾਮ ਸਿੰਘ ਖ਼ਾਲਸਾ ਅੱਜ ਦੂਜੇ ਦਿਨ ਦੀਵਾਨ ਹਾਲ ਗੁਰਦਵਾਰਾ ਮੰਜੀ ਸਾਹਿਬ ਵਿਖੇ ਸ੍ਰੀ ਮੁਖਵਾਕ ਦੀ ਕਥਾ ਵਿਖਿਆਨ ਕਰਨ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਆਏ ਸਨ, ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਸਕੂਲਾਂ ਲਈ ਸਟੇਟ ਬਿਊਰੋ ਆਫ਼ ਟੈੱਸਟ ਬੁੱਕ ਵੱਲੋਂ ਛਾਪੀ ਗਈ ਨੌਵੀਂ ਜਮਾਤ ਦੀ ”ਹਿਸਟਰੀ ਐਡ ਪੁਲਿਟੀਕਲ ਸਾਇੰਸ” ਪੁਸਤਕ ਵਿੱਚ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਿੱਖ ਕੌਮ ਪ੍ਰਤੀ ਅਤਿਵਾਦੀ ਅਤੇ ਵੱਖਵਾਦੀ ਆਦਿ ਭੱਦੀ ਸ਼ਬਦਾਵਲੀ ਵਰਤਣ ਪ੍ਰਤੀ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ।
ਉਹਨਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਕਿਹਾ ਹੈ ਕਿ ਉਕਤ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੋਣ ਕਾਰਨ ਬਹੁਤ ਸੰਵੇਦਨਸ਼ੀਲ ਮੁੱਦਾ ਹੈ। ਉਹਨਾਂ ਕਿਹਾ ਕਿ ਗੈਰ ਜ਼ਿੰਮੇਵਾਰੀ ਨਾਲ ਗਲਤ ਅਤੇ ਗੁਮਰਾਹਕੁਨ ਜਾਣਕਾਰੀ ਦੇਣ ਨਾਲ ਵਿਦਿਆਰਥੀਆਂ ਅਤੇ ਮਾਸੂਮ ਬਚਿਆਂ ਦੇ ਮਨ ਵਿੱਚ ਅਮਨ ਪਸੰਦ ਸਿੱਖ ਭਾਈਚਾਰੇ ਪ੍ਰਤੀ ਮਾੜਾ ਅਸਰ ਅਤੇ ਗਲਤਫੈਮੀਆਂ ਪੈਦਾ ਹੋਣ ਦਾ ਡਰ ਹੈ। ਇਸ ਲਈ ਉਕਤ ਮਾਮਲੇ ਨੂੰ ਤੁਰੰਤ ਹਲ ਕਰਨਾ ਚਾਹੀਦਾ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਸੰਤ ਭਿੰਡਰਾਂਵਾਲਿਆਂ ਪ੍ਰਤੀ ”ਅਤਿਵਾਦੀ” ਲਿਖੇ ਜਾਣ ‘ਤੇ ਕਿਹਾ ਕਿ ਗ੍ਰਹਿ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸੰਤ ਭਿੰਡਰਾਂਵਾਲਿਆਂ ਸੰਬੰਧੀ ”ਅਤਿਵਾਦੀ” ਹੋਣ ਦਾ ਕੋਈ ਰਿਕਾਰਡ ਮੌਜੂਦ ਨਾ ਹੋਣ ਅਤੇ ਉਹਨਾਂ ਖ਼ਿਲਾਫ਼ ਕਿਸੇ ਵੀ ਥਾਣੇ ਵਿੱਚ ਐੱਫ ਆਈ ਆਰ ਦਰਜ ਨਾ ਹੋਣ ਬਾਰੇ ਸਪਸ਼ਟ ਦੱਸਿਆ ਜਾ ਚੁਕਾ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਦਾ ਮਹਾਨ ਯੋਗਦਾਨ ਪਾਉਂਦਿਆਂ ਅਤੇ ਆਜ਼ਾਦੀ ਉਪਰੰਤ ਵਿਦੇਸ਼ੀ ਤਾਕਤਾਂ ਤੋਂ ਦੇਸ਼ ਨੂੰ ਸੁਰਖ਼ਰੂ ਰੱਖਣ ਲਈ ਆਪਣਾ ਖੂਨ ਵਹਾਇਆ । ਉਹਨਾਂ ਕਿਹਾ ਕਿ ਭਾਰਤ ਦੇ ਨਵ ਨਿਰਮਾਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੀ ਸਿੱਖ ਕੌਮ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਜੂਨ ’84 ਵਿੱਚ ਇੰਦਰਾ ਗਾਂਧੀ ਵੱਲੋਂ ਤੋਪਾਂ ਟੈਂਕਾਂ ਰਾਹੀਂ ਫੌਜੀ ਹਮਲਾ ਕਰਦਿਆਂ ਘੱਲੂਘਾਰਾ ਵਰਤਾਇਆ ਗਿਆ ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ। ਜਿਸ ਨੇ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਵੀ ਵਲੂੰਧਰ ਕੇ ਰਖ ਦਿੱਤਾ ਸੀ।ਜਦੋਂ ਕਿ ਉਸ ਵਕਤ ਸਿੱਖ ਕੌਮ ਵੱਲੋਂ ਭਾਰਤ ਵਿੱਚ ਬਰਾਬਰੀ ਦੇ ਕਾਨੂੰਨੀ ਅਧਿਕਾਰ, ਸਿੱਖਾਂ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੋਕਤੰਤਰ ਤਰੀਕੇ ਨਾਲ ਸ਼ਾਂਤਮਈ ਧਰਮਯੁੱਧ ਮੋਰਚਾ ਚਲਾਇਆ ਜਾ ਰਿਹਾ ਸੀ। ਉਕਤ ਫੌਜੀ ਹਮਲੇ ਨੂੰ ਨਿਰਪੱਖ ਸੋਚ ਰੱਖਣ ਵਾਲੇ ਅਤੇ ਹਰੇਕ ਇਨਸਾਫ਼ ਲੋਕਾਂ ਨੇ ਗਲਤ ਠਹਿਰਾਇਆ। ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਵੀ ਹਾਲ ਹੀ ਵਿੱਚ ਮੀਡੀਆ ‘ਚ ਖੁਲਾਸਾ ਕੀਤਾ ਕਿ ਉਹਨਾਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਵੱਲੋਂ ਬੁਲਾਈ ਗਈ ਕੈਬਨਿਟ ਮੀਟਿੰਗ ‘ਚ ਹਿੱਸਾ ਲੈਂਦਿਆਂ ਇੰਦਰਾ ਗਾਧੀ ਨੂੰ ਹਮਲੇ ਦੀ ਸੂਰਤ ਵਿੱਚ ਨਿਕਲਣ ਵਾਲੇ ਭਿਆਨਕ ਸਿੱਟਿਆਂ ਬਾਰੇ ਜਾਣੂ ਕਰਾਉਂਦਿਆਂ ਹਮਲਾ ਨਾ ਕਰਨ ਲਈ ਵਰਜਿਆ ਸੀ। ਪਰ ਇੰਦਰਾ ਗਾਂਧੀ ਨੇ ਆਪਣੀ ਜ਼ਿੱਦ ‘ਤੇ ਅੜਦਿਆਂ ਇਹ ਹਮਲਾ ਕਰਾਇਆ।ਉਹਨਾਂ ਇੰਦਰਾ ਦੀ ਸਿੱਖ ਕੌਮ ਪ੍ਰਤੀ ਨਫ਼ਰਤ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਇੰਦਰਾ ਨੇ ਸਰਕਾਰ ‘ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ 1975 ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਸਭ ਵਿਰੋਧੀ ਆਗੂ ਜੇਲ੍ਹਾਂ ਵਿੱਚ ਧੱਕ ਦਿੱਤੇ ਗਏ ਉਸ ਸਮੇਂ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਵੱਲੋਂ 37 ਜਲੂਸ ਕੱਢ ਕੇ ਅਤੇ ਅਕਾਲੀ ਦਲ ਨੇ ਸ੍ਰੀ ਅੰਮ੍ਰਿਤਸਰ ਤੋਂ ਐਮਰਜੈਂਸੀ ਵਿਰੁੱਧ ਜੇਲ੍ਹ ਭਰੋ ਅੰਦੋਲਨ ਚਲਾਉਂਦਿਆਂ ਇੰਦਰਾ ਦੀ ਨੀਂਦ ਹਰਾਮ ਕੀਤੀ ਰੱਖਿਆ ਸੀ।ਅੰਤ ਇੰਦਰਾ ਨੂੰ ਲੋਕ ਰੋਹ ਅੱਗੇ ਝੁਕਣਾ ਪਿਆ। ਉਹਨਾਂ ਕਿਹਾ ਕਿ ਨਵੰਬਰ ’84 ਦੌਰਾਨ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦਾ ਅੱਜ ਤਕ ਇਨਸਾਫ਼ ਨਾ ਮਿਲਣਾ ਵੀ ਭਾਰਤੀ ਲੋਕਤੰਤਰ ‘ਤੇ ਕਾਲਾ ਧੱਬਾ ਬਣਿਆ ਰਹੇਗਾ।ਉਕਤ ਪੁਸਤਕ ਵਿੱਚ ਲੋੜੀਂਦੀ ਸੋਧ ਕਰਨ ਲਈ ਅਪੀਲ ਕਰਦਿਆਂ ਉਹਨਾਂ ਮੁੰਬਈ ਦੇ ਸਿੱਖ ਆਗੂ ਜਸਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਿਤ ਕੀਤੀ ਹੈ।
ਮੁਖਵਾਕ ਦੀ ਕਥਾ ਦੌਰਾਨ ਉਹਨਾਂ ਹਰੇਕ ਪ੍ਰਾਣੀ ਨੂੰ ਅੰਮ੍ਰਿਤ ਛਕਣ, ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਡੀ ਤਾਦਾਦ ਵਿੱਚ ਰੁੱਖ ਲਾਉਣ, ਮਾਦਾ ਭਰੂਣ ਹੱਤਿਆ ਅਤੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਆ।

Leave a Reply

Your email address will not be published. Required fields are marked *