ਕੇਂਦਰੀ ਟੀਮ ਨੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਦੇ ਸਾਹਮਣੇ ਅੰਡਰ ਬਰਿਜ਼ ਨੂੰ ਦਿੱਤੀ ਮਨਜੂਰੀ
-ਛੇ ਮੈਂਬਰੀ ਟੀਮ ਨੇ ਦੋ ਘੰਟੇ ਕੀਤੀ ਜਾਂਚ, ਲੋਕਾਂ ਦੇ ਵੀ ਲਏ ਵਿਚਾਰ
-ਇਸ ਮਾਮਲੇ ਨੂੰ ਲੈ ਕੇ ਵਿਧਾਇਕ ਚੰਦੂਮਾਜਰਾ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੀ
ਪਟਿਆਲਾ, 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੋਰ ਦੇ ਤੇਜ ਤਰਾਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਮਿਹਨਤ ਸਦਕਾ ਜੀਕਰਪੁਰ-ਬਠਿੰਡਾ ਫੋਰ ਲੇਨ ਨੈਸ਼ਨਲ ਹਾਈਵੇਅ ‘ਤੇ ਗੁਰਦੁਆਰਾ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਦੇ ਸਾਹਮਣੇ ਅੱਜ ਕੇਂਦਰੀ ਟੀਮ ਨੇ ਅੰਡਰ ਬਰਿਜ਼ ਨੂੰ ਮਨਜੂਰੀ ਦੇ ਦਿੱਤੀ ਹੈ।
ਵਿਧਾਇਕ ਚੰਦੂਮਾਜਰਾ ਆਪਣੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਗੁਰੂ ਘਰ ਦੇ ਰਾਸਤੇ ਲਈ ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮਿਲੇ ਸਨ। ਜਿਥੇ ਵਿਧਾਇਕ ਚੰਦੂਮਾਜਰਾ ਨੇ ਪੁਰੀ ਰਿਪੋਰਟ ਕੇਂਦਰੀ ਮੰਤਰੀ ਨੂੰ ਸੋਂਪੀ ਅਤੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਅਤੇ ਉਹਨਾਂ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਵਿਸਥਾਰ ਨਾਲ ਦੱਸਿਆ ਸੀ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਰਿਪੋਰਟ ਨੂੰ ਅਧਾਰ ਬਣਾ ਕੇ ਅੱਜ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਛੇ ਮੈਂਬਰੀ ਇੱਕ ਵਿਸ਼ੇਸ਼ ਕੇਂਦਰੀ ਟੀਮ ਭੇਜੀ। ਜਿਸ ਵਿਚ ਸ੍ਰੀ ਏ.ਕੇ. ਨਾਗਪਾਲ ਚੀਫ ਇੰਜੀਅਰ ਮੋਰਥ, ਸ੍ਰੀ ਏ.ਕੇ. ਸਿੰਗਲਾ ਚੀਫ ਇੰਜੀਨੀਅਰ ਨੈਸ਼ਨਲ ਹਾਈਵੇ ਪੰਜਾਬ, ਟੀ.ਐਸ. ਚਹਿਲ ਐਸ.ਈ., ਆਦਿਯਤ ਪ੍ਰਕਾਸ਼ ਆਰ.ਓ. ਮੋਰਥ ਚੰਡੀਗੜ੍ਹ, ਸ੍ਰੀ ਕੇ.ਬੀ. ਨਾਰੰਗ ਟੀਮ ਲੀਡਰ ਅਥਾਰਿਟੀ ਇੰਜੀਨੀਅਰ, ਵਿਪਨ ਬਾਂਸਲ ਐਕਸੀਅਨ ਨੈਸ਼ਨਲ ਹਾਈਵੇ ਸ਼ਾਮਲ ਸਨ। ਟੀਮ ਨੇ ਗੁਰੂ ਘਰ ਨੂੰ ਰਾਸਤੇ ਦੇ ਸਾਰੇ ਪਹਿਲੂਆਂ ‘ਤੇ ਨਜ਼ਰ ਮਾਰੀ ਅਤੇ ਗੁਰੂ ਘਰ ਦੇ ਸਾਹਮਣੇ ਨੈਸ਼ਨਲ ਹਾਈਵੇਅ ਵਿਚ ਅੰਡਰ ਬਰਿਜ਼ ਨੂੰ ਮਨਜੂਰੀ ਦੇ ਦਿੱਤੀ। ਕੇਂਦਰੀ ਟੀਮ ਵੱਲੋਂ 40 ਫੁੱਟ ਚੋੜੇ ਅਤੇ ਸਾਢੇ 11 ਫੁੱਟ ਉਚੇ ਅੰਡਰ ਬਰਿਜ਼ ਨੂੰ ਮਨਜੂਰੀ ਦਿੱਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਗੁਰਦੁਆਰਾ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਸਹਿਬ ਇੱਕ ਪਵਿੱਤਰ ਇਤਿਹਾਸਕ ਸਥਾਨ ਹੈ। ਜਿਥੇ ਰੋਜ਼ਾਨਾ ਹਜ਼ਾਰਾਂ ਦੀ ਸੰਖਿਆ ਵਿਚ ਸੰਗਤਾ ਨਤਮਸਤਕ ਹੋਣ ਲਈ ਆਉਂਦੀਆਂ ਹਨ। ਹਲਕਾ ਸਨੋਰ ਵਿਚ ਹੋਣ ਦੇ ਕਾਰਨ ਵਿਧਾਇਕ ਚੰਦੂਮਾਜਰਾ ਵੱਲੋਂ ਲਗਾਤਾਰ ਇਥੇ ਅੰਡਰ ਬਰਿਜ਼ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਆਖਰ ਉਹਨਾਂ ਦੀ ਮਿਹਨਤ ਨੂੰ ਬੂਰ ਪੈ ਹੀ ਗਿਆ। ਵਿਧਾਇਕ ਚੰਦੂਮਾਜਰਾ ਅਤੇ ਉਹਨਾਂ ਦੀ ਟੀਮ ਕੇਂਦਰੀ ਟੀਮ ਨਾਲ ਗੁਰੂ ਘਰ ਵਿਖੇ ਨਤਮਸਤਕ ਵੀ ਹੋਏ ਅਤੇ ਕੇਂਦਰੀ ਟੀਮ ਦੇ ਮੈਂਬਰਾਂ ਨੂੰ ਸਨਮਾਨਤ ਕਰਕੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚਲਦੇ ਨੈਸ਼ਨਲ ਹਾਈਵੇਅ ਪ੍ਰਾਜੈਕਟ ਵਿਚ ਕੁਝ ਤਬਦੀਲੀ ਕੀਤੀ ਗਈ ਹੋਵੇ ਅਤੇ ਇਸ ਦੇ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਕਰਤਾਰਪੁਰ, ਰਣਜੀਤ ਸਿੰਘ ਮੈਨੇਜਰ ਗੁਰਦੁਆਰਾ ਬਹਾਦਰਗੜ੍ਹ,ਕੁਲਦੀਪ ਹਰਪਾਲਪੁਰ, ਬੀਬੀ ਬਲਬੀਰ ਕੌਰ ਘੁੰਮਣ, ਮਹਿੰਦਰ ਸਿੰਘ ਰਿਟਾਇਰ ਡਿਪਟੀ ਡਾਇਰੈਕਟਰ, ਜੈ ਸਿੰਘ ਡਕਾਲਾ, ਮੁਖਤਿਆਰ ਸਿੰਘ, ਜਸਵੰਤ ਸਿੰਘ ਖਾਕਟਾਂ, ਐਚ.ਪੀ.ਰਟੋਲ, ਜਸਵਿੰਦਰਪਾਲ ਚੱਢਾ ਅਤੇ ਪਲਵਿੰਦਰ ਰਿੰਕੁ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਐਮ.ਐਲ.ਏ. ਦੀਆਂ ਦਲੀਲਾਂ ਨਾਲ ਪ੍ਰਭਾਵਿਤ ਹੋਵੇ ਕੇਂਦਰੀ ਮੰਤਰੀ
ਗੁਰਦੁਆਰਾ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਸਾਹਿਬ ਦੇ ਰਾਸਤੇ ਨੂੰ ਲੈ ਕੇ ਜਦੋਂ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਕੇਂਦਰੀ ਮੰਤਰੀ ਨੂੰ ਨਿਤਿਨ ਗਡਕਰੀ ਨੂੰ ਮਿਲੇ ਤਾਂ ਕੇਂਦਰੀ ਮੰਤਰੀ ਐਮ.ਐਲ.ਏ. ਦੀਆਂ ਦਲੀਲਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ ਹੋਵੇ। ਹਰਿੰਦਰਪਾਲ ਚੰਦੂਮਾਜਰਾ ਨੇ ਦਲੀਲਾਂ ਭਰਪੂਰ ਇੱਕ ਰਿਪੋਰਟ ਲੈ ਕੇ ਗਏ ਸੀ, ਜਿਸ ਵਿਚ ਸ਼ਰਧਾਲੂਆਂ ਦੀ ਸੰਖਿਆ, ਕਿੰਨੀ ਅਬਾਦੀ, ਰੋਜ਼ਾਨਾ ਗੁਰੂ ਘਰ ਵਿਚ ਆਉਣ ਵਾਲੇ ਵਾਹਨਾਂ ਤੋਂ ਇਲਾਵਾ ਭੁਗੋਲਿਕ ਦਲੀਲਾਂ ਵੀ ਸ਼ਾਮਲ ਸਨ ਕਿ ਜੇਕਰ ਅੰਡਰ ਬਰਿਜ਼ ਨਾ ਬਣਾਇਆ ਗਿਆ ਤਾਂ ਯੂ ਟਰਨ ਲੈਣ ਦੇ ਕਾਰਨ ਕਿੰਨੇ ਵਾਹਨਾਂ ਦੇ ਹਾਦਸੇ ਹੋ ਸਕਦੇ ਹਨ ਅਤੇ ਕਿਸ ਤਰ੍ਹਾਂ ਗੁਰੂ ਘਰ ਤੋਂ ਪਹਿਲਾਂ ਬਹਾਦਰਗੜ੍ਹ ਵਾਲਾ ਓਵਰ ਬਰਿਜ਼ ਕਿਸੇ ਵੀ ਤਰ੍ਹਾਂ ਲਾਹੇਵੰਦ ਕਿਉਂ ਸਾਬਤ ਨਹੀਂ ਹੋਵੇਗੀ। ਵਿਧਾਇਕ ਚੰਦੂਮਾਜਰਾ ਵੱਲੋਂ ਦਿੱਤੀਆਂ ਦਲੀਲਾਂ ਤੋਂ ਹੀ ਕੇਂਦਰੀ ਮੰਤਰੀ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਅੱਜ ਕੇਂਦਰੀ ਟੀਮ ਭੇਜੀ ਸੀ।

