ਕੈਪਟਨ ਸਰਕਾਰ ਨੇ ਖੇਤੀ ਵਸਤਾਂ ‘ਤੇ ਟੈਕਸਾਂ ਦਾ ਵਿਰੋਧ ਨਾ ਕਰਕੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ: ਢੀਡਸਾ
ਅਕਾਲੀ ਦਲ ਕਰੇਗਾ ਪ੍ਰੋਫੈਸਨਲ ਟੈਕਸ ਦਾ ਡੱਟ ਕੇ ਵਿਰੋਧ
ਵਾਰ ਵਾਰ ਝੂਠ ਬੋਲਣ ਦੀ ਬਜਾਏ ਅਮਰਿੰਦਰ ਸਰਕਾਰ ਪੰਜਾਬ ਦੇ ਲੋਕਾਂ ਤੋਂ ਵਾਅਦੇ ਪੁਰੇ ਨਾ ਹੋਣ ਲਈ ਮੁਆਫੀ ਮੰਗ ਕੇ ਖਹਿੜਾ ਛੁਡਾ ਲਵੇ
ਪਟਿਆਲਾ, 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਖੇਤੀ ਵਸਤਾਂ ‘ਤੇ ਲੱਗਣ ਵਾਲੇ ਟੈਕਸ ਦਾ ਵਿਰੋਧ ਨਾ ਕਰਕੇ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਦਾ ਕੋਈ ਮੰਤਰੀ ਜੀ. ਐਸ. ਟੀ. ਕੌਂਸਲ ਦੀ ਮੀਟਿੰਗ ਵਿਚ ਨਹੀਂ ਗਿਆ, ਉਥੇ ਪੰਜਾਬ ਦੇ ਪ੍ਰਤੀਨਿਧ ਵਲੋਂ ਵੀ ਖੇਤੀ ਵਸਤਾਂ ‘ਤੇ ਟੈਕਸਾਂ ਦਾ ਵਿਰੋਧ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਦੀ ਖੇਤੀ ਵਸਤਾਂ ‘ਤੇ ਜੀ. ਐਸ. ਟੀ. ਲੱਗਿਆ ਹੈ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਲੋਂ ਖੇਤੀ ਵਸਤਾਂ ‘ਤੇ ਜੀ. ਐਸ. ਟੀ. ਦਾ ਵਿਰੋਧ ਕੀਤਾ ਗਿਆ ਹੈ, ਉਹ ਇਥੇ ਸਰਕਟ ਹਾਊਸ ਵਿਚ ਪਾਰਟੀ ਦੀ ਮਜਬੂਤੀ ਅਤੇ ਨਵੇਂ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਢੀਂਡਸਾ ਨੇ ਕਿਹਾ ਕਿ ਸਰਕਾਰ ਦੇ ਵਿਰੋਧ ਨਾ ਕਰਨ ਦੇ ਕਾਰਨ ਹੀ ਲੰਗਰ ਅਤੇ ਰਸਦ ‘ਤੇ ਵੀ ਜੀ. ਐਸ. ਟੀ. ਦੀ ਮਾਰ ਪੈ ਰਹੀ ਹੈ।
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੈਪਟਨ ਦੀ ਪੰਜਾਬ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਹੜੀ ਪਹਿਲੇ ਦੋ ਮਹੀਨਿਆਂ ਵਿਚ ਹੀ ਫੇਲ ਹੋ ਚੁੱਕੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਵੀ ਵਾਅਦਾ ਪੂਰਾ ਨਾ ਹੋਣ ਕਾਰਨ ਵਾਰ-ਵਾਰ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ, ਇਸ ਤੋਂ ਚੰਗਾ ਤਾਂ ਇਹ ਹੈ ਕਿ ਬਜਾਏ ਝੂਠ ਬੋਲਣ ਦੇ ਸਰਕਾਰ ਪੰਜਾਬ ਦੇ ਲੋਕਾਂ ਤੋਂ ਵਾਅਦੇ ਨਾ ਪੂਰਾ ਕਰਨ ਲਈ ਮੁਆਫੀ ਮੰਗ ਕੇ ਖਹਿੜਾ ਛੁਡਵਾ ਲਵੇ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਕਰਜੇ ਮੁਆਫ ਦੀ ਬਿਨਾਂ ਯੋਜਨਾ ਦੇ ਐਲਾਨ ਦੇ ਕਾਰਨ ਅੱਜ ਪੰਜਾਬ ਨੂੰ ਤੀਹਰਾ ਨੁਕਸਾਨ ਹੋ ਰਿਹਾ ਹੈ। ਪਹਿਲਾ ਕਿਸਾਨਾਂ ਦੇ ਲੋਨ ਅਕਾਉਂਟ ਐਨ. ਪੀ. ਹੋਣ ਕਾਰਨ ਕਿਸਾਨਾਂ ਨੂੰ ਵੱਧ ਵਿਆਜ ਭੁਗਤਣਾ ਪੈ ਰਿਹਾ ਹੈ, ਪੰਜਾਬ ਦੇ ਸਹਿਕਾਰੀ ਬੈਂਕ ਅਤੇ ਸੁਸਾਇਟੀਆਂ ਖਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ, ਤੀਜਾ ਕਿਸਾਨਾਂ ਦਾ ਕਰਜਾ ਫਿਰ ਵੀ ਮੁਆਫ ਨਹੀਂ ਹੋਇਆ। ਉਨ੍ਹਾਂ ਪੰਜਾਬ ਸਰਕਾਰ ਵਲੋਂ ਲਾਏ ਗਏ ਪ੍ਰੋਫੈਸ਼ਨਲ ਟੈਕਸਾਂ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਐਲਾਨ ਕੀਤਾ ਕਿ ਅਕਾਲੀ ਦਲ ਇਸ ਦਾ ਡਟ ਕੇ ਵਿਰੋਧ ਕਰੇਗਾ। ਉਹ ਪੰਜਾਬ ਦੇ ਲੋਕਾਂ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਵਿੱਤ ਮੰਤਰੀ ਸ਼੍ਰੀ ਅਰੁਨ ਜੇਤਲੀ ਨੂੰ ਮਿਲ ਕੇ 6 ਹਜ਼ਾਰ ਕਰੋੜ ਰੁਪਏ ਦੇ ਇਕਮੁਸ਼ਤ ਲੋਨ ਦੀ ਮੰਗ ਕਰਨ ਸੰਬੰਧੀ ਵਿੱਤ ਮੰਤਰੀ ਢੀਂਡਸਾ ਨੇ ਕਿਹਾ ਕਿ ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੈ ਜਦੋਂ ਕਿ ਕਾਨੂੰਨ ਅਨੁਸਾਰ ਅਜਿਹਾ ਹੋ ਹੀ ਨਹੀਂ ਸਕਦਾ ਤਾਂ ਫਿਰ ਅਮਰਿੰਦਰ ਸਰਕਾਰ ਨਿਯਮਾਂ ਦੇ ਉਲਟ ਜਾ ਕੇ ਕਿਸ ਲਿਹਾਜ ਨਾਲ ਅਜਿਹੀਆਂ ਮੰਗਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਰਾਜਨੀਤਕ ਬਦਲਾਖੋਰੀ ਬਾਰੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਭਾਜਪਾ ਦੇ ਰਾਜ ਵਿਚ ਕੁੱਲ 35 ਕੇਸ ਲਿਆਂਦੇ ਸਨ, ਜਿਨ੍ਹਾਂ ਵਿਚੋਂ ਸਿਰਫ 2 ਕੇਸ ਹੀ ਬਦਲਾਖੋਰੀ ਦੇ ਪਾਏ ਗਏ ਸਨ, ਜਿਨ੍ਹਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਰੱਦ ਕਰਵਾ ਦਿੱਤਾ ਸੀ ਪਰ ਕਾਂਗਰਸ ਨੇ ਆਉਂਦੇ ਹੀ ਅਕਾਲੀ ਵਰਕਰਾਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਸ ਮੂਕ ਦਰਸ਼ਕ ਬਣੀ ਹੋਈ ਹੈ। ਮੀਟਿੰਗ ਬਾਰੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਅਤੇ ਨਵੇਂ ਜਥੇਬੰਦਕ ਢਾਂਚੇ ਨੂੰ ਲੈ ਕੇ ਵਰਕਰਾਂ ਤੇ ਆਗੂਆਂ ਦੀ ਰਾਏ ਜਾਣਨ ਲਈ ਅੱਜ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਦੀ ਪੂਰੀ ਰਿਪੋਰਟ ਉਹ ਪਾਰਟੀ ਪ੍ਰਧਾਨ ਨੂੰ ਸੌਂਪ ਦੇਣਗੇ ਅਤੇ ਪਾਰਟੀ ਪ੍ਰਧਾਨ ਫਿਰ ਸਥਾਨਕ ਆਗੂਆਂ ਨਾਲ ਰਾਏ ਕਰਕੇ ਜਥੇਬੰਦਕ ਢਾਂਚੇ ਦਾ ਐਲਾਨ ਕਰਨਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬਾ ਅਮਰਜੀਤ ਕੌਰ, ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਭਗਵਾਨ ਦਾਸ ਜੁਨੇਜਾ, ਸਤਬੀਰ ਖੱਟੜਾ, ਇੰਦਰਮੋਹਨ ਸਿੰਘ ਬਜਾਜ, ਕਬੀਰ ਦਾਸ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਸੁਰਜੀਤ ਸਿੰਘ ਕੋਹਲੀ, ਮੇਅਰ ਅਮਰਿੰਦਰ ਬਜਾਜ, ਹਰਵਿੰਦਰ ਸਿੰਘ ਹਰਪਾਲਪੁਰ, ਸੁਰਜੀਤ ਅਬਲੋਵਾਲ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਲਖਬੀਰ ਸਿੰਘ ਲੌਟ, ਸੁਰਿੰਦਰ ਪਹਿਲਵਾਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਮੂਸਾ ਖਾਨ, ਮਨਪ੍ਰੀਤ ਸਿੰਘ ਭੰਗੂ, ਸਰੂਪ ਸਿੰਘ ਸਹਿਗਲ, ਹਰਪਾਲ ਸਿੰਘ ਤੇਜਾ, ਜਸਪਾਲ ਸਿੰਘ ਬਿੱਟੂ ਚੱਠਾ, ਰਜਿੰਦਰ ਵਿਰਕ, ਹਰਵਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ ਕੰਗ, ਅਮਰੀਕ ਸਿੰਘ ਸਿਉਣਾ, ਬਲਜੀਤ ਸਿੰਘ ਚੌਹਾਨ, ਮਨਪ੍ਰੀਤ ਸਿੰਘ ਚੱਢਾ, ਲਾਲੀ ਪੰਨੂ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਸਤਪਾਲ ਸਿੰਘ ਪੂਨੀਆ, ਕੌਂਸਲਰ ਗੋਬਿੰਦ ਬਡੂੰਗਰ, ਆਕਾਸ਼ ਬਾਕਸਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

