ਸ਼੍ਰੋਮਣੀ ਕਮੇਟੀ ਰਿਫਰੈਸ਼ਰ ਕੋਰਸਾਂ ਰਾਹੀਂ ਸਿਖਿਆਰਥੀਆਂ ਨੂੰ ਬਣਾ ਰਹੀ ਪ੍ਰਭਾਵਸ਼ਾਲੀ : ਡਾ. ਪਰਮਜੀਤ ਸਿੰਘ ਸਰੋਆ
ਟੌਹੜਾ ਇੰਸਟੀਚਿਊਟ ਵਿਖੇ ਰਿਫਰੈਸ਼ਰ ਕੋਰਸ ਦੇ ਛੇਵੇਂ ਬੈਂਚ ਦੀ ਆਰੰਭਤਾ
ਬਹਾਦਰਗੜ੍ਹ/ਪਟਿਆਲਾ 23 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ ਬਹਾਦਰਗੜ੍ਹ ਵਿਖੇ ਚਲਾਏ ਜਾ ਰਹੇ ਗੁਰਮਤਿ ਸਿਖਲਾਈ ਰਿਫਰੈਸ਼ਰ ਕੋਰਸ ਤਹਿਤ ਅੱਜ ਛੇਵੇਂ ਬੈਚ ਦੇ ਸਵਾਗਤੀ ਸਮਾਰੋਹ ਦੀ ਆਰੰਭਤਾ ਕੀਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਉਪਰਾਲੇ ਨਾਲ ਚਲਾਏ ਇਸ ਕੋਰਸ ਦੀ ਆਰੰਭਤਾ ਦੇ ਸਵਾਗਤੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਇਸ ਦੌਰਾਨ ਡਾ. ਪਰਮਜੀਤ ਸਿੰਘ ਸਰੋਆ ਨੇ ਸਿਖਿਆਰਥੀਆਂ ਨੂੰ ਜੀ ਆਇਆਂ ਆਖਿਆ ਤੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਰਿਫਰੈਸ਼ਰ ਕੋਰਸਾਂ ਰਾਹੀਂ ਮੁਲਾਜ਼ਮ ਸਿਖਿਆਰਥੀਆਂ ਨੂੰ ਅਚਾਰ-ਵਿਹਾਰ ਅਤੇ ਵਿਵਹਾਰ ਸਬੰਧੀ ਸਿਖਲਾਈ ਦੇਣ ਦਾ ਮਕਸਦ ਤਾਂ ਇਹੋ ਹੈ ਕਿ ਭਾਸ਼ਾ, ਆਪਸੀ ਮਿਲਵਰਤਣ ਅਤੇ ਚੰਗੀ ਕਾਰਜਸ਼ੈਲੀ ਦੇ ਪ੍ਰਭਾਵ ਹੋਰ ਉਸਾਰੂ ਬਣਾਉਣਾ ਹੈ।
ਡਾ. ਸਰੋਆ ਨੇ ਇਹ ਵੀ ਦੱਸਿਆ ਕਿ ਕਰਮਚਾਰੀ ਅਤੇ ਮੁਲਾਜ਼ਮ ਡਿਊਟੀ ਰੁਝੇਵਿਆਂ ‘ਚੋਂ ਖ਼ੁਦ ਸਮਾਂ ਕੱਢਣ ਅਤੇ ਆਪਣੀ ਕਾਰਜਸ਼ੈਲੀ ਨੂੰ ਵਧੀਆ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਆਪਣਾ ਅਤੇ ਹੋਰਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਪ੍ਰੇਰਨਾਮਈ ਬਣਨ। ਉਨ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਿਰਮੌਰ ਸੰਸਥਾ ਹੈ ਅਤੇ ਸੰਸਥਾ ਦਾ ਮੁਲਾਜ਼ਮ ਹੋਣ ਦਾ ਮਾਣ ਵਧਾਉਂਦੇ ਹੋਏ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਆਪਣੇ ਚੰਗੇ ਕਿਰਦਾਰ ਰਾਹੀਂ ਜਗਤ ‘ਚ ਵਿਲੱਖਣ ਪਹਿਚਾਣ ਦਾ ਧਾਰਨੀ ਬਣਨਾ ਹੋਵੇਗਾ।
ਡਾ. ਸਰੋਆ ਨੇ ਸਿਖਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਗੁਰੂ ਆਸ਼ੇ ਅਨੁਸਾਰ ਸੇਵਾ ਭਾਵਨਾ ਅਤੇ ਗੁਰਮਤਿ ਅਨੁਸਾਰ ਡਿਊਟੀ ਪ੍ਰਤੀ ਕਾਰਜ਼ਸੈਲੀ ਵਿਖਾਉਣੀ ਹੋਵੇਗੀ ਤਾਂ ਸੰਗਤ ਅਤੇ ਪੰਗਤ ‘ਚ ਸੰਸਥਾ ਪ੍ਰਤੀ ਹੋਰ ਚੰਗਾ ਸੰਦੇਸ਼ ਪਹੁੰਚਾਇਆ ਜਾ ਸਕੇ।
ਇਸ ਮੌਕੇ ਡਾਇਰੈਕਟਰ ਡਾ. ਗੁਰਵੀਰ ਸਿੰਘ ਨੇ ਕਿਹਾ ਕਿ ਰਿਫਰੈਸ਼ਰ ਕੋਰਸ ਵਿਚ ਭਾਗ ਲੈਣ ਵਾਲੇ ਮੁਲਾਜ਼ਮ ਗੁਰਬਾਣੀ, ਗੁਰੂ-ਇਤਿਹਾਸ, ਰਹਿਤ ਮਰਿਯਾਦਾ ਅਤੇ ਬੁਨਿਆਦੀ ਨੁਕਤਿਆਂ ਤੇ ਗੁਰਮਤਿ ਦਰਸ਼ਨ ਬਾਰੇ ਜਾਣਕਾਰੀ ਹਾਸਲ ਕਰਨ ਤਾਂ ਜੋ ਭਵਿੱਖ ‘ਚ ਸਾਰਥਕ ਸਿੱਟੇ ਨਿਕਲ ਸਕਣ। ਉਨ੍ਹਾਂ ਕਿਹਾ ਕਿ ਗਿਆਨ ‘ਚ ਵਾਧਾ ਹੋਣ ਨਾਲ ਜਦੋਂ ਕੋਈ ਸਾਡੇ ਰੂਬਰੂ ਹੁੰਦਾ ਹੈ ਤਾਂ ਇਸ ਨਾਲ ਸਾਡੀ ਕਾਰਜਸ਼ੈਲੀ ਦਾ ਪ੍ਰਗਟਾਵਾ ਵੀ ਹੁੰਦਾ ਹੈ ਇਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਤੇ ਕਰਮਚਾਰੀਆਂ ਦੀ ਸਖਸ਼ੀਅਤ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਰਿਫਰੈਸ਼ਰ ਕੋਰਸ ਸਹਾਈ ਸਿੱਧ ਹੋ ਰਹੇ ਹਨ। ਇਸ ਮੌਕੇ ਸੰਸਥਾ ਵੱਲੋਂ ਡਾ. ਪਰਮਜੀਤ ਸਿੰਘ ਸਰੋਆ ਦਾ ਉਚੇਚੇ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।

