ਮੋਦੀ ਸਿੱਖਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਹਨ ਤਾਂ ਸਿੱਖਾਂ ਦੀਆਂ ਹੱਕੀ ਮੰਗਾਂ ਦਾ ਤੁਰੰਤ ਹਲ ਕਰੇ: ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ 28 ਜੁਲਾਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਡੋਕਲਾਮ ਸਰਹੱਦ ‘ਤੇ ਫੌਜੀ ਤਣਾਅ ਦੇ ਚਲਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਿੱਖ ਭਾਈਚਾਰੇ ਦਾ ਭਰੋਸਾ ਅਤੇ ਸਹਿਯੋਗ ਹਾਸਲ ਕਰਨ ਲਈ ਸਿੱਖ ਪੰਥ ਨਾਲ ਲੰਮੇ ਸਮੇਂ ਤੋਂ ਚਲੀ ਆ ਰਹੀ ਬੇਇਸਾਫੀ ਨੂੰ ਦੂਰ ਕਰਦਿਆਂ ਸਿੱਖਾਂ ਦਾ ਸਨਮਾਨ ਬਹਾਲ ਕਰਨ ਲਈ ਅੱਗੇ ਆਉਣ ਚਾਹੀਦਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਮੋਦੀ ਨੂੰ ਸੁਪਨਦਰਸ਼ੀ ਕੂਟਨੀਤੀ ਤੋਂ ਬਾਹਰ ਨਿਕਲ ਕੇ ਦੇਸ਼ ਦੀ ਅੰਦਰੂਨੀ ਮਜ਼ਬੂਤੀ ਲਈ ਘਟ ਗਿਣਤੀ ਭਾਈਚਾਰਿਆਂ ਦਾ ਵਿਸ਼ਵਾਸ ਹਾਸਲ ਕਰਨ ਪ੍ਰਤੀ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਉਹਨਾਂ ਕਿਹਾ ਕਿ ਭਾਵੇਂ ਕਿ ਭਾਰਤ ਨੂੰ ਕੁੱਝ ਦੇਸ਼ਾਂ ਦਾ ਸਮਰਥਨ ਹਾਸਲ ਹੈ ਪਰ ਲੜਾਈ ਆਪਣੇ ਹੀ ਦਮ ‘ਤੇ ਲੜੀਆਂ ਅਤੇ ਜਿੱਤੀਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਆਜ਼ਾਦੀ ਹਾਸਲ ਕਰਨ ਤੋਂ ਲੈ ਕੇ ਕਾਰਗਿਲ ਦੀ ਜੰਗ ਫ਼ਤਿਹ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ਲਈ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਅਤੇ ਸਿੱਖਾਂ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ ਸਿੱਖ ਕੌਮ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਹਮੇਸ਼ਾਂ ਫਿਰਕੂ ਰੰਗਤ ਦੇਣ ਦੀ ਗੁਸਤਾਖ਼ੀ ਕੀਤੀ। ਅੱਜ ਅਜਿਹੀ ਮਾੜੀ ਪਿਰਤ ਨੂੰ ਤੋੜ ਦਿਆਂ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਦੀਆਂ ਮੰਗਾਂ ਵਲ ਵਿਸ਼ੇਸ਼ ਤਵਜੋਂ ਦੇਣੀ ਚਾਹੀਦੀ ਹੈ।
ਸੰਤ ਹਰਨਾਮ ਸਿੰਘ ਖ਼ਾਲਸਾ ਨੇ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੀ ਗਲਤੀ ਲਈ ਸਿੱਖ ਕੌਮ ਤੋਂ ਪਸ਼ਚਾਤਾਪ ਕਰਨ ਲਈ ਪਾਰਲੀਮੈਂਟ ਵਿੱਚ ਮਤਾ ਲਿਆਉਣ, ’84 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਕੈਦ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਤਮਾਮ ਰਸਤਿਆਂ ਨੂੰ ਚੌੜੇ ਅਤੇ ਸੁੰਦਰ ਬਣਾਉਣ, ਅਨੰਦ ਕਾਰਜ ਐਕਟ ਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਪੂਰੇ ਦੇਸ਼ ਵਿੱਚ ਲਾਗੂ ਕਰਨ, ਗੁਰਦਵਾਰਾ ਗਿਆਨ ਗੋਦੜੀ ਨੂੰ ਮੁੜ ਮੂਲ ਅਸਥਾਨ ‘ਤੇ ਸਥਾਪਿਤ ਕਰਨ, ’84 ਦੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਇਆ ਗਿਆ ਸਿੱਖ ਰੈਫਰੰਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਸਿੱਖ ਕੌਮ ਨੂੰ ਵਾਪਸ ਕਰਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ‘ਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਵਾਲੇ ਬਿਲ ਨੂੰ ਮਨਜ਼ੂਰ ਕਰ ਕੇ ਲਾਗੂ ਕਰਨ, ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਨਾਲ ਇਨਸਾਫ ਕਰਨ, ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ• ਦੇ ਮਿਊਜ਼ੀਅਮ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀਆਂ ਮੰਗਾਂ ਦਾ ਤੁਰੰਤ ਹਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇ ਕਰ ਸ੍ਰੀ ਮੋਦੀ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਹਨ ਤਾਂ ਉਹ ਸਿੱਖ ਕੌਮ ਦੀ ਉਕਤ ਹੱਕੀ ਮੰਗਾਂ ਅਤੇ ਦਰਪੇਸ਼ ਮਸਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹਨਾਂ ਨੂੰ ਤੁਰੰਤ ਹਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਗੇ।

