ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ : ਬਹਿਰੂ
ਪਟਿਆਲਾ 31 ਜੁਲਾਈ (ਮਧੂਸਾਰ ਬਿਊਰੋ) ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਣ ਕਿਸਾਨਾਂ ਦੇ ਸਭਾਇਮਾਨ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ ਅਤੇ ਉਹ ਹੁਣ ਆਰਥਿਕ ਤੰਗੀਆਂ ਕਾਰਣ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਕਿ ਸਮੁੱਚੇ ਸਮਾਜ ਲਈ ਖਤਰੇ ਤੋਂ ਘੱਟ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਗੱਲਬਾਤ ਦੌਰਾਨ ਕੀਤਾ।
ਬਹਿਰੂ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਇਕ ਭਾਵਕ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਕਿ ਸੱਤ-ਸਮੁੰਦਰੋ ਪਾਰ ਬੈਠੇ ਸਾਡੇ ਪੰਜਾਬੀ ਵੀਰ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਅਤੇ ਧਾਰਮਿਕ ਵਿਅਕਤੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਬੁਲਾ ਕਿ ਜਿੱਥੇ ਮਾਣ ਸਨਮਾਨ ਦਿੰਦੇ ਆ ਰਹੇ ਹਨ ਉੱਥੇ ਮੋਟੇ-ਮੋਟੇ ਡਾਲਰਾਂ ਦੇ ਫੰਡਾਂ ਨਾਲ ਨਿਵਾਜਦੇ ਵੀ ਆ ਰਹੇ ਹਨ ਜੋ ਕਿ ਰੱਜੇ ਹੋਏ ਨੂੰ ਰਜਾਣ ਵਾਲੀ ਹੀ ਗੱਲ ਹੈ। ਇਸ ਲਈ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਯਤੀਮ ਬੱਚਿਆਂ ਤੇ ਵਿਧਵਾ ਬੀਬੀਆਂ ਲਈ ਵਿਦੇਸ਼ੀ ਸਮਾਜ ਭਲਾਈ ਸੰਸਥਾਵਾਂ ਨੂੰ ਕਿਸਾਨਾਂ ਦੀ ਇਸ ਔਖੀ ਘੜੀ ਵਿੱਚ ਅੱਗੇ ਆਕੇ ਬਾਂਹ ਫੜਨੀ ਚਾਹੀਦੀ ਹੈ।
ਬਹਿਰੂ ਨੇ ਕਿਹਾ ਕਿ ਦਰਅਸਲ ਸੱਚ ਇਹ ਹੈ ਕਿ ਕਿਸਾਨਾਂ ਦਾ ਰਾਜਨੀਤਕ ਪਾਰਟੀਆਂ ਤੋਂ ਪੁਰੀ ਤਰ੍ਹਾਂ ਵਿਸ਼ਵਾਸ਼ ਉੱਠ ਚੁੱਕਾ ਹੈ ਅਤੇ ਉਨ੍ਹਾਂ ਨੂੰ ਹੁਣ ਆਪਣੇ ਦੇਸ਼ ਅਤੇ ਸੂਬੇ ਵਿੱਚ ਬੇਗਾਨਗੀ ਦਾ ਅਹਿਸਾਸ ਹੋਣ ਲੱਗ ਗਿਆ ਹੈ ਇਸ ਲਈ ਪਹਿਲਾਂ ਤਾਂ ਆਰਥਿਕ ਤੰਗੀਆਂ ਕਾਰਣ 60 ਸਾਲ ਤੋਂ ਵੱਡੀ ਉਮਰ ਦੇ ਕਿਸਾਨ ਜਹਿਰ ਦਾ ਪਿਆਲਾ ਪੀਂਦੇ ਸੀ ਪਰ ਹੁਣ ਤਾਂ 25-30 ਸਾਲ ਦੇ ਖੇਤੀ ਕਾਰੋਬਾਰ ਕਰਦੇ ਕਿਸਾਨਾਂ ਦੇ ਪੁੱਤਰਾਂ ਨੇ ਮੌਤ ਨੂੰ ਗੱਲੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਇਸ ਸ਼ੁਰੂ ਹੋਏ ਗੰਭੀਰ ਵਰਤਾਰੇ ਨੂੰ ਠੱਲ ਪਾਉਣ ਲਈ ਐਨ.ਆਰ.ਆਈ. ਭਰਾਂ ਹੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜ ਸਕਦੇ ਹਨ।
ਬਹਿਰੂ ਨੇ ਵਿਦੇਸ਼ੀ ਸੰਗਤਾਂ ਵਲੋਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਦਿੱਤੇ ਜਾ ਰਹੇ ਮੋਟੇ ਫੰਡਾਂ ਉੱਤੇ ਚਰਚਾ ਕਰਦਿਆਂ ਕਿਹਾ ਕਿ ਭਾਰਤ ਦੀ ਭ੍ਰਿਸ਼ਟ ਤੇ ਗੰਦੀ ਸਿਆਸਤ ਉੱਤੇ ਹੀ ਵਿਦੇਸ਼ੀ ਫੰਡਾਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ। ਇਸ ਲਈ ਸਾਡੇ ਗੁਰੂਆਂ ਦੇ ਸਿਧਾਂਤ ਮੁਤਾਬਕ ਵੀ ਕਿਸੇ ਲਚਾਰ ਤੇ ਲੋੜਵੰਦ ਮਨੁੱਖ ਦੀ ਮਦਦ ਕਰਨਾ ਹੀ ਅਸਲ ਧਰਮ ਮੰਨਿਆ ਗਿਆ ਹੈ। ਅਖੀਰ ਵਿੱਚ ਸ੍ਰ. ਬਹਿਰੂ ਨੇ ਦੱਸਿਆ ਕਿ ਕਿਸਾਨਾਂ ਦੀਆਂ ਵੱਧ ਰਹੀਆਂ ਦਿਨ ਪ੍ਰਤੀ ਦਿਨ ਖੁਦਕੁਸ਼ੀਆਂ ਦੀ ਚਿੰਤਾਂ ਨੂੰ ਲੈ ਕੇ ਭਾਰਤੀ ਕਿਸਾਨ ਮੰਚ ਵੱਲੋਂ ਇੱਕ ਹੰਗਾਮੀ ਮੀਟਿੰਗ 16 ਅਗਸਤ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬੁਲਾ ਲਈ ਗਈ ਹੈ। ਜਿਸ ਵਿੱਚ ਕਿਸਾਨ ਜੱਥੇਬੰਦੀ ਐਨ.ਆਈ.ਆਰ. ਭਰਾਵਾਂ ਤੱਕ ਪਹੁੰਚ ਕਰਨ ਲਈ ਆਪਣੀ ਰਣਨੀਤੀ ਤਹਿ ਕਰੇਗੀ।

