ਗੁਰਤੇਜ ਸਿੰਘ ਢਿੱਲੋਂ ਵਲੋਂ ਕੇਂਦਰੀ ਵਿੱਤ ਰਾਜ ਮੰਤਰੀ ਨਾਲ ਮੁਲਾਕਾਤ ਕੇਂਦਰੀ ਵਿੱਤ ਰਾਜ ਮੰਤਰੀ ਵਲੋਂ ਢਿੱਲੋਂ ਨੂੰ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ
ਲੰਗਰ ਤੇ ਪ੍ਰਸਾਦ ‘ਤੇ ਕੇਂਦਰ ਵਲੋਂ ਲਗਾਏ ਜੀ.ਐਸ.ਟੀ. ਨੂੰ ਹਟਾਉਣ ਲਈ
ਪਟਿਆਲਾ, 6 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਕੇਂਦਰ ਸਰਕਾਰ ਵਲੋਂ ਲੰਗਰ ਅਤੇ ਪ੍ਰਸਾਦ ‘ਤੇ ਲਗਾਏ ਗਏ ਜੀ.ਐਸ.ਟੀ. ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਬੀਤੇ ਦਿਨੀਂ ਕੇਂਦਰੀ ਵਿੱਤ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੂੰ ਉਨ੍ਹਾਂ ਦੀ ਦਿੱਲੀ ਸਥਿਤੀ ਰਿਹਾਇਸ਼ ਵਿਖੇ ਮਿਲੇ।
ਗੁਰਤੇਜ ਸਿੰਘ ਢਿੱਲੋਂ ਨੇ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਨੀ ਸੀ ਪਰ ਪਾਰਲੀਮੈਂਟ ਸ਼ੈਸ਼ਨ ਦੇ ਚੱਲਦਿਆਂ ਰੁਝੇਵਿਆਂ ਕਾਰਨ ਉਨ੍ਹਾਂ ਤੋਂ ਸਮਾਂ ਨਹੀਂ ਮਿਲ ਸਕਿਆ, ਪਰ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਵਿੱਤ ਰਾਜ ਮੰਤਰੀ ਨਾਲ ਮੁਲਾਕਾਤ ਕੀਤੀ।
ਢਿੱਲੋਂ ਨੇ ਕੇਂਦਰੀ ਵਿੱਤ ਰਾਜ ਮੰਤਰੀ ਸ੍ਰੀ ਮੇਘਵਾਲ ਨੂੰ ਸ੍ਰੀ ਅਰੁਣ ਜੇਤਲੀ ਦੇ ਨਾਂ ਮੰਗ ਪੱਤਰ ਸੌਂਪਦਿਆਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਖ਼ਾਸ ਕਰਕੇ ਵਿੱਤ ਮੰਤਰਾਲਾ ਲੰਗਰ ਅਤੇ ਪ੍ਰਸਾਦ ‘ਤੇ ਲਗਾਏ ਗਏ ਜੀ.ਐਸ.ਟੀ. ‘ਤੇ ਮੁੜ ਵਿਚਾਰ ਕਰਕੇ ਇਸ ਨੂੰ ਹਟਾਉਣ ਦੀ ਵਿਵਸਥਾ ਕਰੇ। ਉਨ੍ਹਾਂ ਆਖਿਆ ਕਿ ਇਸ ਮੁੱਦੇ ਨਾਲ ਹਰ ਇਕ ਧਰਮ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹਨ ਇਸ ਲਈ ਕੇਂਦਰ ਸਰਕਾਰ ਇਸ ਦਾ ਹੱਲ ਕੱਢਦਿਆਂ ਲੰਗਰ ਤੇ ਪ੍ਰਸਾਦ ਨੂੰ ਜੀਐਸਟੀ ਦੇ ਦਾਇਰੇ ਤੋਂ ਦੂਰ ਰੱਖਣ। ਉਨ੍ਹਾਂ ਕੇਂਦਰੀ ਮੰਤਰੀ ਨੂੰ ਵਿਸਥਾਰ ਨਾਲ ਦੱਸਦਿਆਂ ਆਖਿਆ ਕਿ ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਦੇ ਮਨ ਕੇਂਦਰ ਵਲੋਂ ਲੰਗਰ ਤੇ ਪ੍ਰਸਾਦ ‘ਤੇ ਲਗਾਏ ਜੀਐਸਟੀ ਵਿਰੁੱਧ ਰੋਸ ਹੈ ਅਤੇ ਸਰਕਾਰ ਇਸ ਮੁੱਦੇ ਨੂੰ ਅਣਗੌਲਿਆਂ ਨਾ ਕਰਦਿਆਂ ਇਸ ‘ਤੇ ਲਗਾਇਆ ਜੀ ਐਸ ਟੀ ਤੁਰੰਤ ਹਟਾਵੇ।
ਕੇਂਦਰੀ ਵਿੱਤ ਰਾਜ ਮੰਤਰੀ ਸ੍ਰੀ ਮੇਘਵਾਲ ਨੇ ਸ. ਢਿੱਲੋਂ ਦੀ ਮੰਗ ਨੂੰ ਧਿਆਨ ਨਾਲ ਸੁਣਦਿਆਂ ਆਖਿਆ ਕਿ ਇਹ ਮੁੱਦਾ ਸਰਕਾਰ ਦੇ ਪੂਰੀ ਤਰ੍ਹਾਂ ਧਿਆਨ ਵਿਚ ਵੀ ਹੈ ਅਤੇ ਇਸ ਸਬੰਧੀ ਕੋਈ ਨਾਲ ਕੋਈ ਹੱਲ ਜ਼ਰੂਰ ਕੱਢ ਲਿਆ ਜਾਵੇਗਾ। ਕੇਂਦਰੀ ਮੰਤਰੀ ਨੇ ਢਿੱਲੋਂ ਨੂੰ ਭਰੋਸਾ ਦਿਵਾਇਆ ਕਿ ਉਹ ਵਿੱਤ ਮੰਤਰੀ ਸ੍ਰੀ ਜੇਤਲੀ ਨੂੰ ਮਿਲ ਕੇ ਉਨ੍ਹਾਂ ਦੀ ਮੰਗ ਨੂੰ ਉਨ੍ਹਾਂ ਤੱਕ ਪਹੁੰਚਾਉਣਗੇ ਅਤੇ ਇਸਦੇ ਹੱਲ ਲਈ ਵਿਚਾਰ ਵਟਾਂਦਰਾ ਕਰਨਗੇ।
ਅਖ਼ੀਰ ਵਿਚ ਸ. ਢਿੱਲੋਂ ਨੇ ਕੇਂਦਰੀ ਵਿੱਤ ਰਾਜ ਮੰਤਰੀ ਸ੍ਰੀ ਮੇਘਵਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਵੀ ਉਨ੍ਹਾਂ ਨੂੰ ਆਪਣੀ ਰਿਹਾਇਸ਼ ‘ਤੇ ਮਿਲਣ ਦਾ ਸਮਾਂ ਕੱਢਿਆ।
ਇਸ ਮੌਕੇ ਸ. ਢਿੱਲੋਂ ਨੇ ਆਖਿਆ ਕਿ ਉਹ ਪੰਜਾਬ ਦੇ ਕਿਸੇ ਵੀ ਮਸਲੇ ਦੇ ਹੱਲ ਲਈ ਕਿਤੇ ਵੀ ਜਾਣ ਲਈ ਹਮੇਸ਼ਾਂ ਤਿਆਰ ਹਨ ਅਤੇ ਉਸਦੇ ਹੱਲ ਲਈ ਹਰ ਹੀਲਾ ਵਰਤਣਗੇ।

