ਪਟਿਆਲਾ

ਝਾਂਸਲੀ ਪਿੰਡ ਵਿਖੇ ਭੈਣਾਂ ਨੂੰ ਟਾਇਲਟ ਸੌਂਪ ਕੇ ਮਨਾਇਆ ਭਰਾਵਾਂ ਨੇ ਰੱਖੜੀ ਦਾ ਤਿਉਹਾਰ

ਪਿੰਡ ਵਿਖੇ ਔਰਤਾਂ ਨੂੰ 80 ਟਾਇਲਟ ਸੌਂਪੇ, ਬਕਾਇਆ 25 ਟਾਇਲਟ ਵੀ ਛੇਤੀ ਹੀ: ਏ.ਡੀ.ਸੀ.
ਧੀਆਂ ਭੈਣਾਂ ਦਾ ਮਾਣ ਵਧਾਇਆ, ਘਰ –ਘਰ ਪਖਾਨਾ ਬਣਾਇਆ, ਵੀਰਾਂ ਵਰਗਾ ਫਰਜ਼ ਨਿਭਾਇਆ
ਬਨੂੜ (ਪਟਿਆਲਾ),7 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਝਾਂਸਲੀ ਪਿੰਡ ਵਿਖੇ ਭੈਣਾਂ ਨੂੰ ਟਾਇਲਟ ਸੌਂਪ ਕੇ ਅੱਜ ਭਰਾਵਾਂ ਨੇ ਰੱਖੜੀ ਦਾ ਤਿਉਹਾਰ ਵਿਲੱਖਣ ਢੰਗ ਨਾਲ ਮਨਾਇਆ ।

ਲਗਭੱਗ 1000 ਦੀ ਆਬਾਦੀ ਵਾਲੇ ਪਿੰਡ ਵਿਖੇ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੌਕਤ ਅਹਿਮਦ ਪਰੇ ਨੇ 80 ਟਾਇਲਟ ਔਰਤਾਂ ਨੂੰ ਸੌਂਪਦੇ ਹੋਏ ਕਿਹਾ ਕਿ ਪਿੰਡ ‘ਚ ਬਕਾਇਆ 25 ਟਾਇਲਟ ਵੀ ਛੇਤੀ ਹੀ ਮੁਕੰਮਲ ਕਰਵਾ ਕੇ ਲੋਕਾਂ ਨੂੰ ਸੌਂਪ ਦਿੱਤੇ ਜਾਣਗੇ।
ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਇੱਕ ਬਹੁਤ ਹੀ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿਖੇ ਸ਼੍ਰੀ ਪਰੇ ਨੇ ”ਧੀਆਂ ਭੈਣਾਂ ਦਾ ਮਾਣ ਵਧਾਇਆ, ਘਰ –ਘਰ ਪਖਾਨਾ ਬਣਾਇਆ, ਵੀਰਾਂ ਵਰਗਾ ਫਰਜ਼ ਨਿਭਾਇਆ” ਅਤੇ ”ਪੰਜਾਬ ਸਰਕਾਰ ਦਾ ਇਹੋ ਉਪਰਾਲਾ, ਸਵਛ ਹੋਵੇ ਸਾਡਾ ਆਲਾ ਦੁਆਲਾ” ਵਰਗੇ ਸਲੋਗਨ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਠਾਣ ਲਈਏ ਤਾਂ ਅਸੀਂ ਬਿਮਾਰੀਆਂ ਤੋਂ ਬਚਦੇ ਹੋਏ ਨਾ ਕੇਵਲ ਆਪਣੀ ਸਿਹਤ ਠੀਕ ਰੱਖਾਂਗੇ ਬਲਕਿ ਘਰ ਦੀਆਂ ਔਰਤਾਂ ਦੇ ਖੁੱਲ੍ਹੇ ਵਿੱਚ ਪਖਾਨਾ ਜਾਣ ਤੋਂ ਹੋਣ ਵਾਲੀ ਸ਼ਰਮਿੰਦਗੀ ਤੋਂ ਵੀ ਬਚ ਸਕਦੇ ਹਾਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਆਦੇਸ਼ ਦੇ ਕੇ ਇਨ੍ਹਾਂ ਦਾ ਨਿਪਟਾਰਾ ਕੀਤਾ। ਸ਼੍ਰੀ ਪਰੇ ਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੌਰਾ ਕੀਤਾ ਅਤੇ ਪਿੰਡ ਵਿੱਚ ਬਣਾਏ ਗਏ ਪਖਾਨਿਆਂ ਦਾ ਘਰ-ਘਰ ਜਾ ਕੇ ਮੁਆਇਨਾ ਵੀ ਕੀਤਾ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਪਿੰਡ ਦੇ ਸਕੂਲ ਵਿੱਚ ਬੂਟੇ ਵੀ ਲਗਾਏ ਗਏ।
ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਸ਼੍ਰੀ ਜਸਵੀਰ ਸਿੰਘ, ਸਰਪੰਚ ਸ਼੍ਰੀਮਤੀ ਮੀਨਾ ਰਾਣੀ, ਸ਼੍ਰੀ ਜਤਿੰਦਰ ਸਿੰਘ, ਸ਼੍ਰੀ ਜੰਘਾ ਰਾਮ, ਸ਼੍ਰੀਮਤੀ ਹਿੰਮਤੋ ਬਾਈ, ਸ਼੍ਰੀਮਤੀ ਕੈਲਾਸ਼ੋ ਬਾਈ, ਸ਼੍ਰੀ ਲੱਖੂ ਰਾਮ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *