ਪੰਜਾਬਪਟਿਆਲਾ

ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦਾ ਦੇਸ਼ ਦੇ ਨਵ ਨਿਰਮਾਣ ਵਿੱਚ ਵੀ ਵੱਡਾ ਯੋਗਦਾਨ – ਸਪੀਕਰ

ਪਟਿਆਲਾ, 16 ਅਗਸਤ (ਮਧੂਸਾਰ ਬਿਊਰੋ) ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦਾ ਦੇਸ਼ ਦੇ ਨਵ ਨਿਰਮਾਣ ਵਿੱਚ ਵੀ ਵੱਡਾ ਯੋਗਦਾਨ ਹੈ।
ਦੇਸ਼ ਦੀ ਆਜ਼ਾਦੀ ਲਈ ਗੈਰ ਮੁਲਕੀ ਸਾਮਰਾਜੀ ਤਾਕਤਾਂ ਨੂੰ ਇੱਥੋਂ ਕੱਢਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਅਤੇ ਸ਼ਹੀਦ ਉÎੱਧਮ ਸਿੰਘ ਵਰਗੇ ਅਨੇਕਾਂ ਯੋਧਿਆਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਇਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ 71ਵੇਂ ਆਜ਼ਾਦੀ ਦਿਵਸ ਦੇ ਅਵਸਰ ‘ਤੇ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਕਰਵਾਏ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬ ਵਾਸੀਆਂ ਦੇ ਨਾਮ ਦਿੱਤੇ ਆਪਣੇ ਸੰਦੇਸ਼ ਵਿੱਚ ਕੀਤਾ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਉਪਰੰਤ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਪਿਛਲੇ ਸਮੇਂ ਕੁਝ ਅਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋਇਆ ਹੈ ਜਿੱਥੇ ਕਿਸਾਨ ਖੁਦਕਸ਼ੀਆਂ ਦੇ ਰਾਹ ‘ਤੇ ਤੁਰਿਆ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਰਾਹ ਅਖਤਿਆਰ ਕਰ ਰਹੀ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਵੀ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਲਈ ਇੱਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ। ਸ਼ੀ੍ਰ ਰਾਣਾ ਨੇ ਕਿਹਾ ਕਿ ਅਜਿਹੇ ਵਰਤਾਰੇ ਤੋਂ ਅੱਕੇ ਪੰਜਾਬੀਆਂ ਨੇ ਹੁਣ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਇਹ ਗੱਲ ਸਪੱਸ਼ਟ ਤੌਰ ‘ਤੇ ਸਾਹਮਣੇ ਆਈ ਹੈ ਕਿ ਮੌਜੂਦਾ ਸਰਕਾਰ ਜਿੱਥੇ ਨਸ਼ਿਆਂ ਦੇ ਖਾਤਮੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਣ ਲਈ ਪੂਰੀ ਤਰ੍ਹਾਂ ਗੰਭੀਰ ਹੈ, ਉÎੱਥੇ ਹੀ ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨ ਸਿਰ ਚੜ੍ਹੇ ਕਰਜ਼ੇ ਦੀ ਪੰਡ ਨੂੰ ਲਾਹੁਣ ਲਈ ਵੀ ਸਰਕਾਰ ਵੱਲੋਂ ਗੰਭੀਰ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਰਾਣਾ ਨੇ ਕਿਹਾ ਕਿ ਇਹਨਾਂ ਅਲਾਮਤਾਂ ਦੇ ਖਾਤਮੇ ਲਈ ਸਰਕਾਰ ਦੀ ਨੀਅਤ ਪੂਰੀ ਤਰ੍ਹਾਂ ਸਾਫ਼ ਹੈ। ਉਹਨਾਂ ਕਿਹਾ ਕਿ ਇੱਕ ਖੁਸ਼ਹਾਲ ਪੰਜਾਬ ਦੀ ਸਿਰਜਣਾ ਹੀ ਆਜ਼ਾਦੀ ਸੰਗਰਾਮ ਲਈ ਸ਼ਹਾਦਤਾਂ ਦੇਣ ਵਾਲੇ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਅਤੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਵਿਕਾਸ ਦੀਆਂ ਲੀਂਹਾਂ ‘ਤੇ ਤੋਰਨ ਲਈ ਵਿਸ਼ੇਸ਼ ਯਤਨ ਆਰੰਭੇ ਹਨ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਨੂੰ ਜਿੱਥੇ ਛੇਤੀ ਹੀ ਪੀਣ ਲਈ ਨਹਿਰੀ ਪਾਣੀ, ਐਲ.ਈ.ਡੀ. ਸਟਰੀਟ ਲਾਈਟਾਂ, ਸਿਹਤ, ਸਿੱਖਿਆ, ਬਿਹਤਰ ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਪਟਿਆਲਾ ਜ਼ਿਲ੍ਹੇ ‘ਚ ਜੰਗਲੀ ਜੀਵਾਂ ਕਾਰਨ ਫ਼ਸਲਾਂ ਦੇ ਹੁੰਦੇ ਭਾਰੀ ਨੁਕਸਾਨ ਨੂੰ ਰੋਕਣ ਲਈ ਜ਼ਿਲ੍ਹੇ ਦੀਆਂ 4 ਪ੍ਰਮੁੱਖ ਬੀੜਾਂ ਦੁਆਲੇ ਤਾਰ ਲਗਾਉਣ ਦਾ ਕੰਮ ਆਰੰਭਿਆ ਗਿਆ ਹੈ।
ਆਜਾਦੀ ਸਮਾਗਮ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਭ ਤੋਂ ਪਹਿਲਾਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਸ ਉਪਰੰਤ ਪਰੇਡ ਦਾ ਨਰੀਖਣ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਮੌਕੇ ਪਰੇਡ ਵਿੱਚ ਪਰੇਡ ਕਮਾਂਡਰ ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਆਈ.ਟੀ.ਬੀ.ਪੀ., ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ, ਐਨ.ਸੀ.ਸੀ. ਆਰਮੀ ਵਿੰਗ, ਏਅਰ ਵਿੰਗ, ਪੁਰਾਣੀ ਪੁਲਿਸ ਲਾਈਨਜ਼ ਸਕੂਲ ਦੀ ਰੈਡ ਕਰਾਸ ਸੇਂਟ ਜੌਨਜ਼ ਐਬੂਲੈਂਸ, ਨਿਊ ਪਾਵਰ ਹਾਊਸ ਸਕੂਲ ਦੀ ਗਰਲਜ਼ ਗਾਈਡ, ਸਕਾਊਟਸ ਤੇ ਪੰਜਾਬ ਪੁਲਿਸ ਦੇ ਫਸਟ ਆਈ.ਆਰ.ਬੀ. ਦੇ ਪਾਈਪ ਬੈਂਡ ਨੇ ਹਿੱਸਾ ਲਿਆ। ਪਰੇਡ ਦੇ ਨਰੀਖਣ ਉਪਰੰਤ ਸ਼੍ਰੀ ਰਾਣਾ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਇਸ ਉਪਰੰਤ ਵੱਖ-ਵੱਖ ਵਿਭਾਗਾਂ ਦੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ ਅਤੇ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਮੌਕੇ ਮਾਰਸ਼ਲ ਆਰਟ ਗੱਤਕਾ, ਮੋਟਰ ਸਾਈਕਲਾਂ ਦੇ ਕਰਤੱਵ, ਪੰਜਾਬ ਦਾ ਲੋਕ ਨਾਚ ਭੰਗੜਾ ਤੇ ਗਿੱਧਾ ਦਰਸਕਾਂ ਦੀ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਸਪੀਕਰ ਵੱਲੋਂ ਆਜ਼ਾਦੀ ਘੁਲਾਟੀਏ ਤੇ ਉਹਨਾਂ ਦੇ ਪਰਿਵਾਰਾਂ ਦੇ ਕੋਲ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 32 ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸਪੀਕਰ ਨੇ ਪਰੇਡ ਕਮਾਂਡਰ, ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ, ਮੋਟਰ ਸਾਈਕਲ ਸਵਾਰ,ਗੱਤਕਾ ਟੀਮ, ਭੰਗੜਾ ਤੇ ਗਿੱਧਾ ਟੀਮ ਨੂੰ ਵੀ ਸਨਮਾਨਿਤ ਕੀਤਾ। ਸਮਾਗਮ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਝਾਕੀ ਬੇਟੀ ਬਚਾਓ ਬੇਟੀ ਪੜ੍ਹਾਓ ਪਹਿਲੇ ਅਤੇ ਮਿਲਕਫੈਡ ਵੇਰਕਾ ਦੀ ਝਾਕੀ ਦੂਜੇ ਸਥਾਨ ‘ਤੇ ਆਈ ਜਦ ਕਿ ਸੀਨੀਅਰ ਡਵੀਜ਼ਨ ਪਰੇਡ ਵਿੱਚ ਆਈ.ਟੀ.ਬੀ.ਪੀ. ਦੀ ਟੁਕੜੀ ਪਹਿਲੇ ਤੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਦੂਸਰੇ ਸਥਾਨ ‘ਤੇ ਆਈ। ਪਰੇਡ ਜੂਨੀਅਰ ਡਵੀਜ਼ਨ ਵਿੱਚ ਐਨ.ਸੀ.ਸੀ. ਏਅਰਵਿੰਗ ਦੀ ਟੁਕੜੀ ਪਹਿਲੇ ਅਤੇ ਐਨ.ਸੀ.ਸੀ. ਆਰਮੀ ਵਿੰਗ ਦੀ ਗਰਲ ਬਟਾਲੀਅਨ ਦੂਜੇ ਸਥਾਨ ‘ਤੇ ਰਹੀ। ਸਪੀਕਰ ਵੱਲੋਂ ਇਹਨਾਂ ਟੁਕੜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਰਕਾਰੀ ਕਾਲਜ ਲੜਕੀਆਂ ਵੱਲੋਂ ਕੌਮੀ ਤਰਾਨਾ ਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜਿੱਥੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇਣ ਦਾ ਐਲਾਨ ਕੀਤਾ, ਉÎੱਥੇ ਹੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਅਕ ਅਦਾਰਿਆਂ ਵਿੱਚ 16 ਅਗਸਤ ਨੂੰ ਛੁੱਟੀ ਕਰਨ ਦਾ ਐਲਾਨ ਵੀ ਕੀਤਾ।
ਸਮਾਗਮ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ, ਮੈਂਬਰ ਪਾਰਲੀਮੈਂਟ ਡਾ: ਧਰਮਵੀਰਾ ਗਾਂਧੀ, ਐਮ.ਐਲ.ਏ. ਸਮਾਣਾ ਸ਼੍ਰੀ ਰਜਿੰਦਰ ਸਿੰਘ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਲੈਫ: ਜਨਰਲ ਸ਼੍ਰੀ ਐਨ.ਪੀ.ਐਸ. ਹੀਰਾ, ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸੰਜੀਵ ਬੇਰੀ, ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨਪੁਰੀ, ਮੁੱਖ ਮੰਤਰੀ ਦੇ ਓ.ਐਸ.ਡੀ., ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ ਅਤੇ ਸ਼੍ਰੀ ਰਾਜੇਸ਼ ਕੁਮਾਰ, ਡਵੀਜ਼ਨਲ ਕਮਿਸ਼ਨਰ ਸ਼੍ਰੀ ਏ.ਐਸ. ਮਿਗਲਾਨੀ, ਆਈ.ਜੀ. ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਡੀ.ਆਈ.ਜੀ. ਡਾ: ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਡਾ: ਐਸ. ਭੂਪਤੀ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸ਼੍ਰੀ ਕੇ.ਕੇ. ਮਲਹੋਤਰਾ, ਸ਼੍ਰੀ ਨੰਦ ਲਾਲ ਗੁਰਾਬਾ, ਸ਼੍ਰੀ ਹੁਸ਼ਿਆਰ ਸਿੰਘ, ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੰਜੀਵ ਬਿੱਟੂ, ਸਾਬਕਾ ਡਿਪਟੀ ਮੇਅਰ ਸ਼੍ਰੀ ਇੰਦਰਜੀਤ ਸਿੰਘ ਬੋਪਾਰਾਏ, ਸ਼੍ਰੀ ਬਹਾਦਰ ਖਾਨ, ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ, ਸਕੂਲਾਂ ਤੇ ਕਾਲਜਾਂ ਦੇ ਅਧਿਆਪਕ, ਬੱਚੇ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਟਿਆਲਾ ਨਿਵਾਸੀ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਸਮਾਣਾ ਵਿਖੇ ਐਸ.ਡੀ.ਐਮ. ਸੇਵਾ ਮੁਕਤ ਕਰਨਲ ਸ਼੍ਰੀ ਮਨਜੀਤ ਸਿੰਘ ਚੀਮਾਂ, ਪਾਤੜਾਂ ਵਿਖੇ ਐਸ.ਡੀ.ਐਮ. ਸ਼੍ਰੀ ਕਾਲਾ ਰਾਮ ਕਾਂਸਲ, ਨਾਭਾ ਵਿਖੇ ਐਸ.ਡੀ.ਐਮ. ਜਸ਼ਨਪ੍ਰੀਤ ਕੌਰ ਗਿੱਲ, ਰਾਜਪੁਰਾ ਵਿਖੇ ਐਸ.ਡੀ.ਐਮ. ਸ਼੍ਰੀ ਸੰਜੀਵ ਕੁਮਾਰ ਅਤੇ ਦੂਧਨਸਾਧਾਂ ਵਿਖੇ ਤਹਿਸੀਲਦਾਰ ਸ਼੍ਰੀ ਗੁਰਮੁੱਖ ਸਿੰਘ ਨੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਕੌਮੀ ਝੰਡਾ ਲਹਿਰਾਇਆ।

Leave a Reply

Your email address will not be published. Required fields are marked *