ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਵਾ
ਅੰਮ੍ਰਿਤਸਰ 16 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰਾ ਸੋਕ ਜਤਾਇਆ ਹੈ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਆਨੀ ਮੱਲ ਸਿੰਘ ਜੀ ਦੇ ਅੰਗੀਠਾ ਸਾਹਿਬ ਨੂੰ ਅਗਨੀ ਦਿਖਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਸਦੀਵੀ ਵਿਛੋੜੇ ਨਾਲ ਕੌਮ ਇੱਕ ਸੂਝਵਾਨ ਜਥੇਦਾਰ ਦੀ ਅਗਵਾਈ ਤੋਂ ਵਾਂਝੀ ਹੋ ਗਈ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਇੱਕ ਵਿਦਵਾਨ ਸ਼ਖਸੀਅਤ ਸਨ ਜਿਨ੍ਹਾਂ ਦਮਦਮੀ ਟਕਸਾਲ ਤੋਂ ਗੁਰਮਤਿ ਦੀ ਸਿੱਖਿਆ ਲਈ ਅਤੇ ਟਕਸਾਲ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਜਥੇ ਵਿੱਚ ਰਹਿ ਕੇ ਵਡਮੁੱਲੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਗੁਰ ਇਤਿਹਾਸ ਦੀ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ। ਕਾਬਲੀਅਤ, ਸੂਝਬੂਝ ਅਤੇ ਪੰਥਕ ਸੇਵਾਵਾਂ ਸਦਕਾ ਹੀ ਉਹ ਸਚਖੰਡ ਦੇ ਹੈੱਡ ਗ੍ਰੰਥੀ ਅਤੇ ਉਪਰੰਤ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪੇ ਗਏ। ਅੱਜ ਉਹਨਾਂ ਦੇ ਅਕਾਲ ਚਲਾਣੇ ਨਾਲ ਪੂਰੇ ਵਿਸ਼ਵ ਅੰਦਰ ਵੱਸਦੇ ਸਿੱਖਾਂ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।ਉਹਨਾਂ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਗਿਆਨੀ ਮਲ ਸਿੰਘ ਦੇ ਸਮੁੱਚੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਦੀਆਂ ਪੰਥਕ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

